ਵਾਅਦੇ ਪੂਰੇ ਨਾ ਹੋਏ ਤਾਂ ਨੰਬਰਦਾਰ ਲੈਣਗੇ ਸੰਘਰਸ਼ ਦਾ ਰਾਹ : ਸੂਬਾ ਪ੍ਰਧਾਨ ਸਮਰਾ
ਵਾਅਦੇ ਪੂਰੇ ਨਾ ਹੋਏ ਤਾਂ ਨੰਬਰਦਾਰ ਲੈਣਗੇ ਸੰਘਰਸ਼ ਦਾ ਰਾਹ : ਸੂਬਾ ਪ੍ਰਧਾਨ ਸਮਰਾ
Publish Date: Sat, 11 Apr 2026 05:25 PM (IST)
Updated Date: Sat, 11 Apr 2026 05:26 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਜ਼ਿਲ੍ਹਾ ਰੂਪਨਗਰ ਦੇ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਵਰਿੰਦਰ ਚੌਧਰੀ ਦੀ ਅਗਵਾਈ ਹੇਠ ਨੂਰਪੁਰਬੇਦੀ ਵਿਖੇ ਜ਼ਿਲ੍ਹਾਂ ਪੱਧਰੀ ਅਹਿਮ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਬੈਠਕ ਵਿਚ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਜ਼ਿਲ੍ਹੇ ਭਰ ਤੋਂ ਪਹੁੰਚੇ ਸੈਂਕੜੇ ਨੰਬਰਦਾਰਾਂ ਨੇ ਹਾਜ਼ਰੀ ਭਰਕੇ ਆਪਣੀ ਇਕਜੁੱਟਤਾ ਦਾ ਪੱਕਾ ਸੰਦੇਸ਼ ਦਿੱਤਾ। ਬੈਠਕ ਨੂੰ ਤਿੱਖੇ ਲਹਿਜੇ ਵਿਚ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਨੰਬਰਦਾਰਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਉਹਨਾਂ ’ਚੋਂ ਇਕ ਵੀ ਵਾਅਦਾ ਜਮੀਨੀ ਹਕੀਕਤ ਨਹੀਂ ਬਣਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਨੰਬਰਦਾਰ ਵਰਗ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਜਦਕਿ ਅੰਗਰੇਜ਼ਾਂ ਦੇ ਸਮੇਂ ਤੋਂ ਚੱਲਦੀ ਆ ਰਹੀ ਜੱਦੀ-ਪੁਸ਼ਤੀ ਨੰਬਰਦਾਰੀ ਪ੍ਰਣਾਲੀ ਨੂੰ ਜਾਰੀ ਰੱਖਣ ਅਤੇ ਮਾਣ-ਭੱਤਾ 1500 ਤੋਂ ਵਧਾ ਕੇ 3000 ਰੁਪਏ ਕਰਨ ਦਾ ਵਾਅਦਾ ਅਜੇ ਤੱਕ ਅਧੂਰਾ ਪਿਆ ਹੈ। ਉਨ੍ਹਾਂ ਹੋਰ ਕਿਹਾ ਕਿ ਸਰਕਾਰ ਵੱਲੋਂ ਨੰਬਰਦਾਰਾਂ ਦੀਆਂ ਮੰਗਾਂ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਵੀ ਸਿਰਫ਼ ਕਾਗਜ਼ੀ ਸਾਬਤ ਹੋਈ ਹੈ ਅਤੇ ਇਸ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਸਮਰਾ ਨੇ ਚੇਤਾਵਨੀ ਭਰੇ ਅੰਦਾਜ਼ ਵਿੱਚ ਕਿਹਾ ਕਿ ਜੇਕਰ ਵਿਸਾਖੀ ਤੋਂ ਬਾਅਦ ਵੀ ਨੰਬਰਦਾਰਾਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਨੰਬਰਦਾਰ ਵਰਗ ਸੜਕਾਂ ’ਤੇ ਉਤਰਣ ਲਈ ਮਜਬੂਰ ਹੋਵੇਗਾ ਅਤੇ ਵੱਡਾ ਸੰਘਰਸ਼ ਕੀਤਾ ਜਾਵੇਗਾ। ਜਥੇਬੰਦੀ ਦੇ ਜਨਰਲ ਸਕੱਤਰ ਰਸ਼ਪਾਲ ਕੁਲਾਰ, ਜ਼ਿਲ੍ਹਾਂ ਪ੍ਰਧਾਨ ਜਲੰਧਰ ਹਰਕਮਲ ਸੰਧੂ, ਮੁੱਖ ਬੁਲਾਰਾ ਚਰਨਜੀਤ ਕਰਤਾਰਪੁਰ ਅਤੇ ਤਹਿਸੀਲ ਪ੍ਰਧਾਨ ਨਕੋਦਰ ਸੁਰਜੀਤ ਹੇਅਰ ਨੇ ਵੀ ਆਪਣੇ ਸੰਬੋਧਨ ਦੌਰਾਨ ਨੰਬਰਦਾਰਾਂ ਨੂੰ ਇਕੱਠੇ ਰਹਿਣ ਅਤੇ ਹੱਕਾਂ ਲਈ ਡਟ ਕੇ ਲੜਨ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾਂ ਪ੍ਰਧਾਨ ਵਰਿੰਦਰ ਚੌਧਰੀ ਅਤੇ ਬਲਾਕ ਪ੍ਰਧਾਨ ਮਹਿੰਦਰ ਸਿੰਘ ਨੇ ਪਹੁੰਚੇ ਨੰਬਰਦਾਰਾਂ ਦਾ ਧੰਨਵਾਦ ਕੀਤਾ। ਬੈਠਕ ਵਿਚ ਗੁਰਨਾਮ ਸਿੰਘ ਮੀਰਪੁਰ, ਕੁਲਬੀਰ ਸਿੰਘ ਬਜਰੂੜ, ਪਾਖਰ ਸਿੰਘ, ਅਸ਼ੋਕ ਕੁਮਾਰ ਨੰਗਲ, ਦੇਸਰਾਜ ਸੈਣੀ, ਗਿਆਨ ਕੁੰਭੇਵਾਲ, ਰਾਮ ਦਿਆਲ ਸਰਥਲੀ, ਜਸਵੀਰ ਸਿੰਘ, ਜਸਵਿੰਦਰ ਸਿੰਘ, ਵਰਿੰਦਰ ਰਾਣਾ ਸੇਰੀ, ਅਮਰਪ੍ਰੀਤ ਢੰਗਰਾਲੀ, ਪਰਸ਼ੂ ਰਾਮ, ਵਲਿੰਦਰ ਰਾਣਾ, ਬਲਵਿੰਦਰ ਮਾਣਕੂਮਾਜਰਾ, ਕਸ਼ਮੀਰ ਸਿੰਘ, ਹਰਮੇਸ਼ ਸਿੰਘ, ਕੇਵਲ ਸਿੰਘ, ਅਵਤਾਰ ਸਿੰਘ, ਹਰਜਿੰਦਰ ਕੌਰ, ਨਿਰੰਜਨ ਸਿੰਘ, ਦਰਸ਼ਨ ਕੌਰ, ਰਾਮਦਾਸ, ਅਜੇ ਰਾਣਾ, ਕੁਲਦੀਪ ਸਿੰਘ ਅਤੇ ਰਾਮ ਆਸਰਾ ਸਮੇਤ ਵੱਡੀ ਗਿਣਤੀ ਵਿੱਚ ਨੰਬਰਦਾਰ ਮੌਜੂਦ ਸਨ। ਬੈਠਕ ਦੌਰਾਨ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦਾ ਸਨਮਾਨ ਵੀ ਕੀਤਾ ਗਿਆ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਨੰਬਰਦਾਰਾਂ ਨੇ ਭਰਵੀਂ ਹਾਜ਼ਰੀ ਲਗਾ ਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।