ਨਿਮਰਤਾ ਨਾਲ ਰੱਬੀ ਕਿਰਪਾ ਪ੍ਰਾਪਤ ਹੁੰਦੀ ਹੈ : ਅਨਮੋਲਕਾ ਨੰਦ
ਮਨੁੱਖ ਅਗਰ ਨਿਮਰਤਾ ਅਪਣਾਉਂਦਾ ਹੈ ਤਦ ਉਸਨੂੰ ਰੱਬੀ ਕਿਰਪਾ ਪ੍ਰਾਪਤ ਹੁੰਦੀ ਹੈ : ਸਵਾਮੀ ਅਨਮੋਲਕਾ
Publish Date: Thu, 26 Feb 2026 04:43 PM (IST)
Updated Date: Thu, 26 Feb 2026 04:46 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ: ਮਸਤ ਬਾਬਾ ਸ਼ਾਮ ਜੀ ਮਹਾਰਾਜ ਸਮਾਧੀ ਵਾਲੇ ਧਾਰਮਿਕ ਅਸਥਾਨ ਦੇ ਪ੍ਰਬੰਧਕ ਸਵਾਮੀ ਅਨਮੋਲਕਾ ਨੰਦ ਮਹਾਰਾਜ ਨੇ ਅੱਜ ਧਾਮ ਝੱਜ ਵਿਖੇ ਸਤਿਸੰਗ ਸਮਾਗਮ ਦੌਰਾਨ ਸੰਗਤਾਂ ਨੂੰ ਅਨਮੋਲ ਵਚਨਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਉਨ੍ਹਾਂ ਮਨੁੱਖੀ ਜੀਵਨ ਦਾ ਅਸਲ ਉਦੇਸ਼ ਸਮਝਾਉਂਦੇ ਹੋਏ ਆਖਿਆ ਕਿ ਸਾਨੂੰ ਸੱਚੇੇ ਪਰਮਾਤਮਾ ਨਾਲ ਜੁੜਨਾ ਚਾਹੀਦਾ ਹੈ, ਜੋ ਸਿਰਫ਼ ਨਾਮ ਸਿਮਰਨ ਰਾਹੀਂ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਤਣਾਅ ਭਰੇ ਜੀਵਨ ’ਚ ਮਨ ਦੀ ਸ਼ਾਂਤੀ, ਸੰਤੁਸ਼ਟੀ ਅਤੇ ਆਤਮਿਕ ਅਨੰਦ ਪ੍ਰਾਪਤ ਕਰਨ ਲਈ ਸਤਿਸੰਗ ਅਤੇ ਭਗਤੀ ਸਭ ਤੋਂ ਸਹੀ ਮਾਰਗ ਹਨ। ਸਵਾਮੀ ਜੀ ਨੇ ਕਿਹਾ ਕਿ ਮਨੁੱਖ ਸਾਰੀ ਉਮਰ ਮਾਇਆ ਦੇ ਪਿੱਛੇ ਦੌੜਦਾ ਰਹਿੰਦਾ ਹੈ, ਪਰ ਅਸਲ ਸੁੱਖ ਉਸ ਨੂੰ ਅੰਦਰੋਂ ਹੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਨ ਅਸਥਿਰ ਹੈ, ਤਦ ਤੱਕ ਬਾਹਰੀ ਸਾਧਨਾਂ ਨਾਲ ਸ਼ਾਂਤੀ ਨਹੀਂ ਮਿਲ ਸਕਦੀ। ਨਾਮ ਸਿਮਰਨ ਮਨ ਨੂੰ ਇਕਾਗਰ ਕਰਦਾ ਹੈ ਅਤੇ ਅੰਦਰਲੀ ਚਿੰਤਾ ਨੂੰ ਖਤਮ ਕਰਦਾ ਹੈ। ਉਨਾਂ ਕਿਹਾ ਕਿ ਗੁਰੂ ਦੇ ਮਾਰਗ ਦਰਸ਼ਨ ਬਿਨਾਂ ਆਤਮਿਕ ਯਾਤਰਾ ਅਧੂਰੀ ਰਹਿੰਦੀ ਹੈ। ਸਤਿਸੰਗ ਮਨੁੱਖ ਨੂੰ ਸਹੀ ਦਿਸ਼ਾ ਦਿੰਦਾ ਹੈ ਅਤੇ ਜੀਵਨ ਦੇ ਅਸਲੀ ਮਕਸਦ ਤੋਂ ਜਾਣੂ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮਨੁੱਖ ਆਪਣੇ ਅਹੰਕਾਰ ਨੂੰ ਛੱਡ ਕੇ ਨਿਮਰਤਾ ਅਪਣਾਉਂਦਾ ਹੈ, ਤਦ ਹੀ ਉਸ ਨੂੰ ਰੱਬੀ ਕਿਰਪਾ ਦੀ ਪ੍ਰਾਪਤੀ ਹੁੰਦੀ ਹੈ। ਸੇਵਾ ਅਤੇ ਸਿਮਰਨ ਇਕ ਦੂਜੇ ਦੇ ਪੂਰਕ ਹਨ। ਨਿਸ਼ਕਾਮ ਸੇਵਾ ਕਰਨ ਨਾਲ ਮਨ ਪਵਿੱਤਰ ਹੁੰਦਾ ਹੈ ਅਤੇ ਭਗਤੀ ’ਚ ਗਹਿਰਾਈ ਆਉਂਦੀ ਹੈ। ਉਨ੍ਹਾਂ ਸੰਗਤ ਨੂੰ ਉਪਦੇਸ਼ ਦਿੰਦਿਆਂ ਕਿਹਾ ਕਿ ਸਤਿਸੰਗ ਅਤੇ ਨਾਮ ਸਿਮਰਨ ਰਾਹੀਂ ਮਨੁੱਖ ਨਾ ਸਿਰਫ਼ ਆਪਣੇ ਜੀਵਨ ਨੂੰ ਸੁਖਮਈ ਬਣਾ ਸਕਦਾ ਹੈ, ਸਗੋਂ ਸਮਾਜ ’ਚ ਵੀ ਪ੍ਰੇਮ ਅਤੇ ਸ਼ਾਂਤੀ ਦਾ ਸੁਨੇਹਾ ਫੈਲਾ ਸਕਦਾ ਹੈ। ਧਾਰਮਿਕ ਸਮਾਗਮ ਦੌਰਾਨ ਵਿਸ਼ੇਸ਼ ਰੂਪ ’ਚ ਪਹੁੰਚੇ ਰੂਪਨਗਰ ਹਲਕੇ ਦੇ ਕਾਂਗਰਸੀ ਆਗੂ ਤੇ ਸਾਬਕਾ ਅਡੀਸ਼ਨਲ ਐਡਵੋਕੇਟ ਜਨਰਲ ਗੁਰਪ੍ਰਤਾਪ ਸਿੰਘ ਗਿੱਲ ਨੇ ਵੀ ਸੰਤਾਂ ਤੋਂ ਅਸ਼ੀਰਵਾਦ ਲਿਆ।