ਪਾਰਟੀ ਮੌਕਾ ਦੇਵੇ ਤਾਂ ਮੈਦਾਨ ‘ਚ ਉਤਰਾਂਗਾ : ਡਾ. ਪਰਮਿੰਦਰ ਸ਼ਰਮਾ
ਟਿਕਟ ਦੀ ਮੰਗ ਨਹੀਂ, ਪਾਰਟੀ ਮੌਕਾ ਦੇਵੇ ਤਾਂ ਮੈਦਾਨ ‘ਚ ਉਤਰਾਂਗਾ: ਡਾ. ਪਰਮਿੰਦਰ ਸ਼ਰਮਾ
Publish Date: Mon, 13 Apr 2026 04:44 PM (IST)
Updated Date: Mon, 13 Apr 2026 04:49 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਇੰਚਾਰਜ ਡਾ. ਪਰਮਿੰਦਰ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਟਿਕਟ ਦੀ ਮੰਗ ਨਹੀਂ ਕਰਦੇ, ਪਰ ਜੇਕਰ ਪਾਰਟੀ ਵੱਲੋਂ ਤੀਜੀ ਵਾਰ ਵੀ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਭਾਜਪਾ ਦੇ ਵਫ਼ਾਦਾਰ ਸਿਪਾਹੀ ਵਜੋਂ ਦਿਨ-ਰਾਤ ਪਾਰਟੀ ਦੀ ਸੇਵਾ ਵਿਚ ਜੁਟੇ ਹੋਏ ਹਨ ਅਤੇ ਪਾਰਟੀ ਦੇ ਹਰ ਫ਼ੈਸਲੇ ਨੂੰ ਸਿਰ ਮੱਥੇ ਮੰਨ ਕੇ ਇਲਾਕੇ ਅੰਦਰ ਕਾਰਜਸ਼ੀਲ ਹਨ। ਜਿਕਰਯੋਗ ਹੈ ਕਿ ਡਾ. ਸ਼ਰਮਾ ਇਸ ਤੋਂ ਪਹਿਲਾਂ 2022 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਟਿਕਟ ‘ਤੇ ਇਸ ਹਲਕੇ ਤੋਂ ਚੋਣ ਲੜ ਚੁੱਕੇ ਹਨ, ਹਾਲਾਂਕਿ ਦੋਨੋਂ ਵਾਰ ਪਾਰਟੀ ਨੂੰ ਇੱਥੋਂ ਜਿੱਤ ਹਾਸਲ ਨਹੀਂ ਹੋ ਸਕੀ। ਸਿਆਸੀ ਤੌਰ ‘ਤੇ ਮਹੱਤਵਪੂਰਨ ਮੰਨੇ ਜਾਂਦੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਨੂੰ ਪਿਛਲੇ ਸਮੇਂ ‘ਚ ਅਕਾਲੀ-ਭਾਜਪਾ ਗਠਜੋੜ ਦੌਰਾਨ ਭਾਜਪਾ ਦਾ ਮਜ਼ਬੂਤ ਕਿਲ੍ਹਾ ਮੰਨਿਆ ਜਾਂਦਾ ਰਿਹਾ ਹੈ। ਇਸ ਹਲਕੇ ਤੋਂ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਜਿੱਤ ਕੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਇਲਾਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਹਾਲਾਂਕਿ ਉਸ ਤੋਂ ਬਾਅਦ ਭਾਜਪਾ ਇਸ ਸੀਟ ‘ਤੇ ਆਪਣਾ ਕਬਜ਼ਾ ਮੁੜ ਕਾਇਮ ਕਰਨ ‘ਚ ਅਸਫਲ ਰਹੀ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕੇ ਵਿਚ ਸਿਆਸੀ ਗਰਮਾਹਟ ਵਧ ਰਹੀ ਹੈ ਅਤੇ ਭਾਜਪਾ ਟਿਕਟ ਲਈ ਕਈ ਦਾਅਵੇਦਾਰ ਮੈਦਾਨ ‘ਚ ਉਤਰ ਰਹੇ ਹਨ। ਇਸ ਦਰਮਿਆਨ ਡਾ. ਪਰਮਿੰਦਰ ਸ਼ਰਮਾ ਵੱਲੋਂ ਆਪਣੀ ਵਫ਼ਾਦਾਰੀ ਅਤੇ ਮਿਹਨਤ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਜੇਕਰ ਪਾਰਟੀ ਵੱਲੋਂ ਦੁਬਾਰਾ ਭਰੋਸਾ ਜਤਾਇਆ ਜਾਂਦਾ ਹੈ ਤਾਂ ਉਹ ਇਸ ਵਾਰ ਦੁੱਗਣੀ ਤਾਕਤ ਨਾਲ ਮੈਦਾਨ ‘ਚ ਉਤਰ ਕੇ ਸੀਟ ਭਾਜਪਾ ਦੀ ਝੋਲੀ ਪਾਉਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਅਠਵਾਲ, ਮੰਡਲ ਪ੍ਰਧਾਨ ਰਤਨ ਧਨੇੜਾ, ਮੰਡਲ ਪ੍ਰਧਾਨ ਮੋਹਿਤ ਸ਼ਰਮਾ, ਜਨਰਲ ਸਕੱਤਰ ਪ੍ਰਦੀਪ ਕੁਮਾਰ, ਮੁਕੇਸ਼ ਨੱਢਾ, ਅਦਿਤਿਆ ਸ਼ਰਮਾ ਸਮੇਤ ਦਰਜਨਾਂ ਵਰਕਰ ਮੌਜੂਦ ਰਹੇ।