ਐਂਟਰੀ ਟੈਕਸ ਖਿਲਾਫ 1 ਮਈ ਤੋਂ 55 ਟੋਲ ਫ੍ਰੀ ਕਰਾਉਣ ਦਾ ਕੀਤਾ ਐਲਾਨ
ਹਿਮਾਚਲ ਐਂਟਰੀ ਟੈਕਸ ਖਿਲਾਫ 1 ਮਈ ਤੋਂ ਪੰਜਾਬ ਹਿਮਾਚਲ ਹਰਿਆਣਾ ਬਾਰਡਰ ‘ਤੇ ਲੱਗਦੇ ਤਮਾਮ 55 ਟੋਲ ਫਰੀ ਕਰਾਉਣ ਦਾ ਕੀਤਾ ਐਲਾਨ
Publish Date: Sat, 11 Apr 2026 06:41 PM (IST)
Updated Date: Sat, 11 Apr 2026 06:44 PM (IST)

ਸੁੱਖੂ ਸਰਕਾਰ ਦੀ ਵਾਅਦਾ ਖਿਲਾਫੀ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਹਿਮਾਚਲ ਐਂਟਰੀ ਟੈਕਸ ਦਾ ਵਿਰੋਧ ਲਗਾਤਾਰ ਪੰਜਾਬ ਵਿਚ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਦਰਮਿਆਨ ਸੰਘਰਸ਼ਕਾਰੀਆਂ ਵੱਲੋਂ ਚਾਰ ਵੱਡੇ ਐਲਾਨ ਕਰਕੇ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਸੰਕੇਤ ਦਿੱਤਾ ਗਿਆ ਹੈ।ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਨੇ ਮਸਲੇ ਨੂੰ ਸੁਲਝਾਉਣ ਵੱਲ ਕਦਮ ਚੁੱਕਦੇ ਅਨੰਦਪੁਰ ਸਾਹਿਬ ਤੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਚਾਰਾਜੋਈ ਉਪਰਾਂਤ 13 ਅਪ੍ਰੈਲ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਲਈ ਸੰਘਰਸ਼ਕਾਰੀਆਂ ਨੂੰ ਸੱਦਾ ਭੇਜਿਆ ਹੈ। ਉੱਥੇ ਹੀ ਦੂਜੇ ਪਾਸੇ ਹਿਮਾਚਲ ਸਰਕਾਰ ਵੱਲੋਂ ਕੀਤੇ ਵਾਅਦਿਆਂ ਤੋਂ ਮੁਕਰਣ ਕਾਰਨ ਸੰਘਰਸ਼ਕਾਰੀਆਂ ਵਿਚ ਰੋਸ ਵੱਧ ਗਿਆ ਹੈ।ਯਾਦ ਰਹੇ ਕਿ ਹਿਮਾਚਲ ਸਰਕਾਰ ਦੇ ਅਧਿਕਾਰੀਆਂ ਵੱਲੋਂ 1 ਅਪ੍ਰੈਲ ਨੂੰ ਗੜਾ ਮੋੜਾ ਟੋਲ ‘ਤੇ ਮੀਟਿੰਗ ਕਰਕੇ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਸੰਘਰਸ਼ਕਾਰੀਆਂ ਦੇ ਅਨੁਸਾਰ ਇਹ ਵਾਅਦਾ ਝੂਠਾ ਸਾਬਤ ਹੋਇਆ, ਜਿਸ ਕਾਰਨ ਹੁਣ ਜਥੇਬੰਦੀਆਂ ਨੇ ਮੁੜ ਤਿੱਖਾ ਰੁੱਖ ਅਖਤਿਆਰ ਕਰ ਲਿਆ ਹੈ। ਅੱਜ ਵੱਖ-ਵੱਖ ਸੰਘਰਸ਼ੀ ਆਗੂਆਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ, ਕਿਸਾਨ ਆਗੂ ਸੇਠੀ ਸ਼ਰਮਾ, ਆਜ਼ਾਦ ਟੈਕਸੀ ਯੂਨੀਅਨ ਦੇ ਮੀਤ ਪ੍ਰਧਾਨ ਕਮਲਜੀਤ ਸਿੰਘ, ਕਿਰਤੀ ਕਿਸਾਨ ਮੋਰਚਾ ਦੇ ਆਗੂ ਹਰਪ੍ਰੀਤ ਸਿੰਘ ਭੱਟੋ, ਜਨ ਅਧਿਕਾਰ ਕਲਿਆਣ ਕਮੇਟੀ ਦੇ ਪ੍ਰਧਾਨ ਕਸ਼ਮੀਰ ਸਿੰਘ ਨੰਗਲੀ, ਅਤੇ ਸੰਘਰਸ਼ ਕਮੇਟੀ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਉਤਾਂਸ਼ ਮੌਗਾ ਤੇ ਇਸ਼ਾਤ ਗੁਪਤਾ ਵੱਲੋਂ ਸਮੂਹਿਕ ਤੌਰ ‘ਤੇ ਚਾਰ ਵੱਡੇ ਫੈਸਲੇ ਐਲਾਨੇ ਗਏ। ਪਹਿਲਾ ਐਲਾਨ: 13 ਅਪ੍ਰੈਲ ਨੂੰ ਪੰਜਾਬ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਨੂੰ ਪ੍ਰਵਾਨ ਕੀਤਾ ਗਿਆ ਹੈ। ਇਸ ਮੀਟਿੰਗ ਵਿਚ ਰੈਸੀਪਰੋਕਲ ਟੈਕਸ ਦੇ ਮਸਲੇ ‘ਤੇ ਸੰਘਰਸ਼ਕਾਰੀ ਆਪਣੀ ਪੱਖ ਰੱਖਣਗੇ। ਦੂਜਾ ਐਲਾਨ: ਐਨਐਚਆਈ ਨੂੰ 30 ਅਪ੍ਰੈਲ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ ਕਿ ਉਹ ਆਪਣੀ ਸੜਕਾਂ ‘ਤੇ ਚੱਲ ਰਹੇ ਹਿਮਾਚਲ ਦੇ ਤਮਾਮ 55 ਐਂਟਰੀ ਟੋਲਾਂ ਨੂੰ ਹਟਾਏ ਜਾਂ ਫਰੀ ਕਰਵਾਏ। ਨਹੀਂ ਤਾਂ 1 ਮਈ ਨੂੰ ਸੰਘਰਸ਼ਕਾਰੀ ਐਨਐਚਆਈ ਦੇ ਟੋਲ ਪਲਾਜ਼ਿਆਂ ਨੂੰ ਰਾਹਗੀਰਾਂ ਲਈ ਕਰਵਾਉਣ ਲਈ ਮਜਬੂਰ ਹੋਣਗੇ। ਤੀਜਾ ਐਲਾਨ: 1 ਮਈ ਨੂੰ ਪੰਜਾਬ-ਹਿਮਾਚਲ-ਹਰਿਆਣਾ ਸਰਹੱਦ ‘ਤੇ ਲੱਗਦੇ ਸਾਰੇ 55 ਟੋਲਾਂ ਨੂੰ ਫਰੀ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਵੱਖ-ਵੱਖ ਰਾਜਾਂ ਦੇ ਸੰਘਰਸ਼ੀ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ। ਜੇਕਰ ਪ੍ਰਸ਼ਾਸਨ ਵੱਲੋਂ ਰੁਕਾਵਟ ਪਾਈ ਗਈ ਤਾਂ ਹਿਮਾਚਲ ਦੇ ਐਂਟਰੀ ਪੁਆਇੰਟਾਂ ‘ਤੇ ਅਣਮਿੱਥੇ ਸਮੇਂ ਲਈ ਚੱਕਾ ਜਾਮ ਕੀਤਾ ਜਾਵੇ। ਚੌਥਾ ਐਲਾਨ: 15 ਅਪ੍ਰੈਲ ਤੋਂ 30 ਅਪ੍ਰੈਲ ਤੱਕ ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ, ਨੰਗਲ, ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਰੋਪੜ ਦੇ ਘਨੌਲੀ ਵਿਚ 10 ਵੱਡੇ ਇਕੱਠ ਕੀਤੇ ਜਾਣਗੇ। ਇਹ ਇਕੱਠ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਹੋਣਗੇ। ਇਸੇ ਤਰ੍ਹਾਂ ਦੇ ਪ੍ਰੋਗਰਾਮ ਹੁਸ਼ਿਆਰਪੁਰ, ਪਠਾਨਕੋਟ ਅਤੇ ਮੋਹਾਲੀ ਜ਼ਿਲ੍ਹਿਆਂ ਲਈ ਵੀ ਭੇਜੇ ਗਏ ਹਨ। ਹਿਮਾਚਲ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਗੁੱਸੇ ਵਿਚ ਆਏ ਸੰਘਰਸ਼ਕਾਰੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਾਲਜ ਟੀ-ਪੁਆਇੰਟ ‘ਤੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਪੁਤਲਾ ਸਾੜ ਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਸ ਦੌਰਾਨ “ਸੁੱਖੂ ਮੁਰਦਾਬਾਦ” ਦੇ ਨਾਅਰੇ ਲਗਾਏ ਗਏ। ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖਿਲਾਫ ਵੀ ਗੁਮਰਾਹ ਕਰਨ ਦੇ ਦੋਸ਼ਾਂ ਹੇਠ ਨਾਅਰੇਬਾਜ਼ੀ ਕੀਤੀ ਗਈ।ਮੀਟਿੰਗ ਦੌਰਾਨ ਕਨਵੀਨਰ ਗੌਰਵ ਰਾਣਾ, ਵੀਰ ਸਿੰਘ ਬੜਵਾ, ਕਸ਼ਮੀਰ ਸਿੰਘ ਨੰਗਲੀ, ਸੁਰਿੰਦਰ ਪਾਲ ਸਿੰਘ ਢੇਰ, ਗੁਰਬਖਸ਼ ਸਿੰਘ ਦਸਗਰਾਈ, ਸਰਪੰਚ ਬਿਆਸ ਦੇਵ ਮਹਿੰਦਪੁਰ, ਗੁਰਦਿਆਲ ਸਿੰਘ, ਨਿਸ਼ਾਨ ਗੁਪਤਾ, ਐਡਵੋਕੇਟ ਉਤਾਂਸ਼ ਮੋਂਗਾ, ਹਰਪ੍ਰੀਤ ਸਿੰਘ ਭੱਟੋ, ਪ੍ਰਿੰਸ ਬਡਲ, ਵਿਕਰਮ ਸੰਧੂ ਜੱਸੀ ਰਾਣਾ ਟਿੱਕਾਂ ਬਾਸੋਵਾਲ, ਰੋਸ਼ਨ ਲਾਲ, ਸੂਬੇਦਾਰ ਮੰਗਲ ਸਿੰਘ, ਭੁਪਿੰਦਰ ਸਿੰਘ, ਅਮਰ ਸਿੰਘ, ਬਲਵੀਰ ਸਿੰਘ ਮੁੰਨੇ, ਅਮਰਜੀਤ ਸਿੰਘ ਜੱਸੀ ਰਾਣਾ, ਐਮਸੀ ਵਿਕਰਮਜੀਤ ਸਿੰਘ ਸੰਧੂ, ਹਰਪ੍ਰੀਤ ਸਿੰਘ, ਅਮਰੀਕ ਸਿੰਘ, ਲਾਲ ਸਿੰਘ, ਗੁਰਨਾਮ ਸਿੰਘ, ਕੁਲਵੰਤ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ, ਰਾਜਕੁਮਾਰ, ਗੁਰਜਿੰਦਰ ਸਿੰਘ ਮੰਗਲ ਸਿੰਘ ਹੀਰਪੁਰ ਸਮੇਤ ਕਈ ਹੋਰ ਆਗੂ ਹਾਜ਼ਰ ਸਨ।