ਜੰਗਲਾਤ ਵਰਕਰ ਡੱਟਣਗੇ ਖਜ਼ਾਨਾ ਦਫਤਰ ਰੂਪਨਗਰ ਅੱਗੇ
ਹਾਈਕੋਰਟ ਦੇ ਹੁਕਮ ਵੀ ਰਹੇ ਬੇਅਸਰ! ਜੰਗਲਾਤ ਵਰਕਰ ਡੱਟਣਗੇ ਖਜ਼ਾਨਾ ਦਫਤਰ ਰੂਪਨਗਰ ਅੱਗੇ
Publish Date: Fri, 13 Feb 2026 03:56 PM (IST)
Updated Date: Fri, 13 Feb 2026 04:00 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਜੰਗਲਾਤ ਵਰਕਰ ਯੂਨੀਅਨ ਦੀ ਰੇਂਜ ਨੂਰਪੁਰਬੇਦੀ ਇਕਾਈ ਨੇ ਖਜ਼ਾਨਾ ਵਿਭਾਗ ਦੀ ਲਾਪਰਵਾਹੀ ਅਤੇ ਟਾਲਮਟੋਲ ਭਰੇ ਰਵੱਈਏ ਖ਼ਿਲਾਫ਼ ਖੁੱਲ੍ਹਾ ਮੋਰਚਾ ਖੋਲ੍ਹ ਦਿੱਤਾ ਹੈ। ਜਥੇਬੰਦੀ ਦੀ ਇਕ ਅਹਿਮ ਬੈਠਕ ਆਗੂ ਕੁਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਇਕਸੁਰ ਹੋ ਕੇ 18 ਫਰਵਰੀ ਨੂੰ ਖਜ਼ਾਨਾ ਦਫਤਰ ਰੂਪਨਗਰ ਅੱਗੇ ਜ਼ਿਲ੍ਹਾਂ ਪੱਧਰੀ ਧਰਨਾ ਦੇਣ ਦਾ ਫੈਸਲਾ ਕੀਤਾ। ਬੈਠਕ ਦੌਰਾਨ ਆਗੂਆਂ ਨੇ ਦੱਸਿਆ ਕਿ ਉਹ ਖਜ਼ਾਨਾ ਅਫਸਰ ਨਾਲ ਕਈ ਵਾਰ ਮੁਲਾਕਾਤ ਕਰ ਚੁੱਕੇ ਹਨ, ਪਰ ਹਰ ਵਾਰ ਸਿਰਫ਼ ਭਰੋਸਿਆਂ ਨਾਲ ਹੀ ਟਾਲਿਆ ਗਿਆ। ਹਾਈਕੋਰਟ ਦੇ ਸਪੱਸ਼ਟ ਫ਼ੈਸਲੇ ਦੇ ਬਾਵਜੂਦ ਅਜੇ ਤੱਕ ਵਰਕਰਾਂ ਦੇ ਬਕਾਇਆ ਏਰੀਅਰ ਜਾਰੀ ਨਹੀਂ ਕੀਤੇ ਗਏ, ਜਿਸ ਕਾਰਨ ਜੰਗਲਾਤ ਵਰਕਰਾਂ ਵਿਚ ਗਹਿਰਾ ਰੋਸ ਹੈ। ਆਗੂਆਂ ਨੇ ਕਿਹਾ ਕਿ ਇਹ ਸਿਰਫ਼ ਪ੍ਰਸ਼ਾਸਕੀ ਸੁਸਤੀ ਨਹੀਂ, ਸਗੋਂ ਅਦਾਲਤੀ ਹੁਕਮਾਂ ਦੀ ਅਣਦੇਖੀ ਹੈ। ਜ਼ਿਲ੍ਹਾ ਪ੍ਰਧਾਨ ਰਵੀਕਾਂਤ ਮੂਸਾਪੁਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਖਜ਼ਾਨਾ ਦਫਤਰ ਨੂੰ ਬਿੱਲ ਭੇਜੇ ਹੋਏ ਦੋ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਅਜੇ ਤੱਕ ਵਰਕਰਾਂ ਦੇ ਖਾਤਿਆਂ ਵਿਚ ਰਕਮ ਜਮ੍ਹਾਂ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਅਧਿਕਾਰੀਆਂ ਦੇ ਮਾੜੇ ਰਵੱਈਏ ਅਤੇ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹਾਈਕੋਰਟ ਦੇ ਹੁਕਮਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵਰਕਰ ਹੁਣ ਹੋਰ ਇੰਤਜ਼ਾਰ ਕਰਨ ਦੇ ਮੂਡ ਵਿਚ ਨਹੀਂ ਹਨ। 18 ਫਰਵਰੀ ਨੂੰ ਜ਼ਿਲ੍ਹਾ ਖਜ਼ਾਨਾ ਦਫਤਰ ਰੂਪਨਗਰ ਅੱਗੇ ਵੱਡਾ ਧਰਨਾ ਲਗਾ ਕੇ ਆਪਣਾ ਹੱਕ ਮੰਗਿਆ ਜਾਵੇਗਾ। ਜੇ ਇਸ ਤੋਂ ਬਾਅਦ ਵੀ ਮੰਗਾਂ ਨੂੰ ਨਜ਼ਰਅੰਦਾਜ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਹੋਰ ਤਿੱਖਾ ਅਤੇ ਵਿਆਪਕ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਬੈਠਕ ਵਿਚ ਕੁਲਵਿੰਦਰ ਸਿੰਘ, ਪਰਮਜੀਤ ਸਿੰਘ, ਜਗਤਾਰ ਸਿੰਘ, ਵਿੱਕੀ, ਵਿਕਾਸ ਰਾਣਾ, ਰਾਮਪਾਲ, ਕੁਲਵਿੰਦਰ ਸਿੰਘ ਅਤੇ ਬ੍ਰਿਜ ਮੋਹਨ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ। ਬੈਠਕ ਮਗਰੋਂ ਪ੍ਰਧਾਨ ਰਵੀਕਾਂਤ ਅਤੇ ਹੋਰ ਨੁਮਾਇੰਦਿਆਂ ਨੇ ਦੋ ਟੁਕ ਸ਼ਬਦਾਂ ਵਿਚ ਕਿਹਾ ਕਿ ਜੰਗਲਾਤ ਵਰਕਰ ਆਪਣੇ ਹੱਕਾਂ ਲਈ ਡਟੇ ਹੋਏ ਹਨ ਅਤੇ ਇਸ ਵਾਰ ਖਾਲੀ ਭਰੋਸਿਆਂ ਨਾਲ ਗੱਲ ਨਹੀਂ ਬਣੇਗੀ।