10 ਕਰੋੜ ਦੀ ਲਾਗਤ ਨਾਲ ਨੰਗਲ ਤੋਂ ਕਲਮਾਂ ਮੋੜ ਤੱਕ ਬਣੇਗੀ ਸ਼ਾਨਦਾਰ ਸੜਕ : ਬੈਂਸ
ਅਟਾਰੀ ਅਤੇ ਭਾਓਵਾਲ ਪਿੰਡਾਂ ਨੂੰ ਸਿੱਧਾ ਨੈਸ਼ਨਲ ਹਾਈਵੇ ਨਾਲ ਜੋੜਨ ਲਈ 2 ਅਲੱਗ-ਅਲੱਗ ਨਵੇਂ ਪੁੱਲ ਦੀ ਹੋਵੇਗੀ ਉਸਾਰੀ: ਹਰਜੋਤ ਬੈਂਸ
Publish Date: Mon, 09 Feb 2026 05:25 PM (IST)
Updated Date: Tue, 10 Feb 2026 04:05 AM (IST)

ਅਟਾਰੀ ਤੇ ਭਾਓਵਾਲ ਪਿੰਡਾਂ ਨੂੰ ਸਿੱਧਾ ਨੈਸ਼ਨਲ ਹਾਈਵੇ ਨਾਲ ਜੋੜਨ ਲਈ 2 ਅਲੱਗ-ਅਲੱਗ ਨਵੇਂ ਪੁੱਲ ਦੀ ਹੋਵੇਗੀ ਉਸਾਰੀ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਅੱਜ ਹਲਕੇ ਲਈ ਇੱਕ ਹੋਰ ਵੱਡੀ ਖੁਸ਼ਖਬਰੀ ਸਾਂਝੀ ਕੀਤੀ। ਇਸ ਮਹੱਤਵਪੂਰਨ ਵਿਕਾਸੀ ਕਦਮ ਨਾਲ ਖੇਤਰ ਦੀ ਆਵਾਜਾਈ ਸੁਵਿਧਾ ’ਚ ਇਤਿਹਾਸਕ ਸੁਧਾਰ ਆਵੇਗਾ ਤੇ ਲੋਕਾਂ ਦੀਆਂ ਸਾਲਾਂ ਤੋਂ ਲਟਕਦੀਆਂ ਮੰਗਾਂ ਪੂਰੀਆਂ ਹੋਣਗੀਆਂ। ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਬ੍ਰਹਮਪੁਰ ਅਤੇ ਦੜੌਲੀ ਵਿਚ ਮੌਜੂਦਾ ਪੁਰਾਣੇ ਪੁੱਲਾਂ ਦੀ ਥਾਂ ਨਵੇਂ, ਮਜ਼ਬੂਤ ਅਤੇ ਆਧੁਨਿਕ ਮਿਆਰਾਂ ਅਨੁਸਾਰ ਪੁੱਲ ਤਿਆਰ ਕੀਤੇ ਜਾਣਗੇ। ਗੰਗੂਵਾਲ ਵਿਚ ਡਬਲ ਬ੍ਰਿਜ ਬਣਾਉਣ ਨਾਲ ਟ੍ਰੈਫਿਕ ਦਾ ਬੋਝ ਘਟੇਗਾ ਅਤੇ ਹਾਦਸਿਆਂ ਦੀ ਸੰਭਾਵਨਾ ਵਿਚ ਕਮੀ ਆਵੇਗੀ। ਹੋਲਾ-ਮਹੱਲਾ, ਵਿਸਾਖੀ ਤੇ ਬਸੰਤ ਪੰਚਮੀ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਗੁਰੂ ਕੇ ਲਾਹੌਰ ਵਿਖੇ ਇਸੇ ਸੜਕ ਤੋ ਪਹੁੰਚਦੀਆਂ ਹਨ ਤੇ ਤੰਗ ਪੁੱਲ ਹੋਣ ਕਾਰਨ ਉੱਥੇ ਟ੍ਰੈਫਿਕ ਦੀ ਸਮੱਸਿਆ ਬਹੁਤ ਆਉਂਦੀ ਸੀ ਪ੍ਰੰਤੂ ਹੁਣ ਡਬਲ ਬ੍ਰਿਜ ਬਣਨ ਨਾਲ ਜਿੱਥੇ ਇਨ੍ਹਾਂ ਦਿਨਾਂ ਦੋਰਾਨ ਟ੍ਰੈਫਿਕ ਦੀ ਸਮੱਸਿਆ ਨਹੀਂ ਆਵੇਗੀ, ਉੱਥੇ ਹੀ ਹਿਮਾਚਲ ਪ੍ਰਦੇਸ਼ ਜਾਣ ਵਾਲੇ ਲੋਕਾਂ ਨੂੰ ਵੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਅਟਾਰੀ ਤੇ ਭਾਓਵਾਲ ਪਿੰਡਾਂ ਨੂੰ ਸਿੱਧਾ ਨੈਸ਼ਨਲ ਹਾਈਵੇ ਨਾਲ ਜੋੜਨ ਲਈ ਦੋ ਅਲੱਗ-ਅਲੱਗ ਨਵੇਂ ਪੁੱਲ ਬਣਾਏ ਜਾਣਗੇ, ਜਿਸ ਨਾਲ ਪਿੰਡਾਂ ਦੇ ਵਸਨੀਕਾਂ ਨੂੰ ਸਿੱਖਿਆ, ਸਿਹਤ ਤੇ ਰੋਜ਼ਗਾਰ ਤੱਕ ਪਹੁੰਚ ਆਸਾਨ ਹੋਵੇਗੀ। ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਨ੍ਹਾਂ ਪੁੱਲਾਂ ਦੇ ਨਿਰਮਾਣ ਨਾਲ ਕਿਸਾਨਾਂ ਨੂੰ ਆਪਣੀ ਉਪਜ ਮੰਡੀਆਂ ਤੱਕ ਲਿਜਾਣ ਵਿਚ ਸਹੂਲਤ ਮਿਲੇਗੀ। ਬਰਸਾਤੀ ਮੌਸਮ ਦੌਰਾਨ ਪਾਣੀ ਦੇ ਵਧੇ ਹੋਏ ਪੱਧਰ ਕਾਰਨ ਆਵਾਜਾਈ ਵਿਚ ਆਉਂਦੀਆਂ ਮੁਸ਼ਕਲਾਂ ਹੁਣ ਦੂਰ ਹੋਣਗੀਆਂ। ਨਵੇਂ ਪੁੱਲ ਮਜ਼ਬੂਤ ਡਿਜ਼ਾਈਨ ਤੇ ਸੁਰੱਖਿਆ ਮਿਆਰਾਂ ਅਨੁਸਾਰ ਬਣਾਏ ਜਾਣਗੇ, ਜਿਸ ਨਾਲ ਲੰਮੇ ਸਮੇਂ ਤੱਕ ਲੋਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਪਿੰਡਾਂ ਅਤੇ ਸ਼ਹਿਰਾਂ ਦਰਮਿਆਨ ਦੂਰੀ ਘਟਾ ਕੇ ਹਰ ਨਾਗਰਿਕ ਤੱਕ ਬੁਨਿਆਦੀ ਸੁਵਿਧਾਵਾਂ ਪਹੁੰਚਾਉਣਾ ਹੈ। ਨੈਸ਼ਨਲ ਹਾਈਵੇ ਨਾਲ ਸਿੱਧੀ ਕੁਨੈਕਟੀਵਿਟੀ ਨਾਲ ਇਲਾਕੇ ’ਚ ਨਿਵੇਸ਼ ਦੇ ਮੌਕੇ ਵਧਣਗੇ ਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੁਲਣਗੇ। ਲੋਕਾਂ ਦੀ ਸੁਰੱਖਿਆ ਤੇ ਸੁਵਿਧਾ ਸਰਕਾਰ ਦੀ ਪਹਿਲ ਹੈ। ਕੈਬਨਿਟ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਹਲਕੇ ਵਿਚ ਸੜਕਾਂ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਜਾ ਰਿਹਾ ਹੈ। 10 ਕਰੋੜ ਰੁਪਏ ਦੀ ਲਾਗਤ ਨਾਲ ਨੰਗਲ ਤੋਂ ਕਲਮਾਂ ਮੋੜ ਤੱਕ ਇੱਕ ਨਵੀਂ ਅਤੇ ਸ਼ਾਨਦਾਰ ਸੜਕ ਦਾ ਨਿਰਮਾਣ ਕੀਤਾ ਜਾਵੇਗਾ, ਜੋ ਯਾਤਰੀਆਂ ਲਈ ਸਮਾਂ ਬਚਾਏਗੀ। ਇਸੇ ਤਰ੍ਹਾਂ 12.5 ਕਰੋੜ ਰੁਪਏ ਦੀ ਲਾਗਤ ਨਾਲ ਭੰਗਲਾ ਤੋਂ ਕਾਨਪੁਰ ਖੂਹੀ ਤੱਕ ਆਧੁਨਿਕ ਮਿਆਰਾਂ ਅਨੁਸਾਰ ਨਵੀਂ ਸੜਕ ਬਣਾਈ ਜਾਵੇਗੀ। ਬੈਂਸ ਨੇ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਲੋਕਾਂ ਦੀਆਂ ਜ਼ਮੀਨੀ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੇ ਗਏ ਹਨ। ਵਿਕਾਸੀ ਕੰਮਾਂ ਦੀ ਨਿਗਰਾਨੀ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ, ਤਾਂ ਜੋ ਕੰਮ ਸਮੇਂ ਸਿਰ ਤੇ ਉੱਚ ਗੁਣਵੱਤਾ ਨਾਲ ਪੂਰੇ ਹੋਣ। ਉਨ੍ਹਾਂ ਭਰੋਸਾ ਦਵਾਇਆ ਕਿ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਬੁਨਿਆਦੀ ਢਾਂਚੇ ਦੇ ਮਾਮਲੇ ਵਿਚ ਇੱਕ ਮਾਡਲ ਹਲਕਾ ਬਣਾਇਆ ਜਾਵੇਗਾ।