ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਤੇ ਸਿਹਤਮੰਦ ਪੰਜਾਬ ਸਿਰਜਣ ਲਈ ਵਧੀਆ ਉਪਰਾਲਾ
ਜਿੰਦਵੜੀ ਵਿਖੇ ਨਿਰੋਲ ਫੁੱਟਬਾਲ ਟੂਰਨਾਮੈਂਟ ’ਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਸ਼ਿਰਕਤ
Publish Date: Mon, 09 Feb 2026 05:08 PM (IST)
Updated Date: Tue, 10 Feb 2026 04:03 AM (IST)

ਜਿੰਦਵੜੀ ਵਿਖੇ ਨਿਰੋਲ ਫੁੱਟਬਾਲ ਟੂਰਨਾਮੈਂਟ ’ਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਸ਼ਿਰਕਤ ਪੰਜਾਬੀ ਜਾਗਰਣ ਟੀਮ, ਨੰਗਲ : ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਬੀਤੀ ਸ਼ਾਮ ਗ੍ਰਾਮ ਪੰਚਾਇਤ ਜਿੰਦਵੜੀ ਵੱਲੋਂ ਕਰਵਾਏ ਗਏ ਤੀਜੇ ਨਿਰੋਲ ਫੁੱਟਬਾਲ ਟੂਰਨਾਮੈਂਟ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੈਦਾਨ ਵਿਚ ਪਹੁੰਚ ਕੇ ਉਨ੍ਹਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਤੇ ਉਤਸ਼ਾਹ ਨਾਲ ਭਰਪੂਰ ਮਾਹੌਲ ਦੀ ਸਾਰਾਹਨਾ ਕੀਤੀ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਪਿੰਡਾਂ ਤੋਂ 16 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਨੇ ਖੇਡ ਵਿਚ ਵਧੀਆ ਪ੍ਰਦਰਸ਼ਨ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡ ਪੱਧਰ ’ਤੇ ਕਰਵਾਏ ਜਾਂਦੇ ਅਜਿਹੇ ਟੂਰਨਾਮੈਂਟ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸ਼ਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਦਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਇਆ ਜਾਵੇ। ਖੇਡਾਂ ਸਿਰਫ਼ ਸ਼ਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਅਨੁਸ਼ਾਸਨ ਅਤੇ ਨੇਤ੍ਰਿਤਵ ਦੇ ਗੁਣ ਵੀ ਵਿਕਸਤ ਕਰਦੀਆਂ ਹਨ। ਉਨ੍ਹਾਂ ਗ੍ਰਾਮ ਪੰਚਾਇਤ ਜਿੰਦਵੜੀ ਦੇ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਨਾਲ ਪਿੰਡਾਂ ਵਿਚ ਖੇਡ ਸੰਸਕ੍ਰਿਤੀ ਮਜ਼ਬੂਤ ਹੁੰਦੀ ਹੈ। ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਪੂਰੇ ਜੋਸ਼ ਨਾਲ ਖੇਡ ਪ੍ਰਦਰਸ਼ਿਤ ਕੀਤੀ। ਦਰਸ਼ਕਾਂ ਦੀ ਭਾਰੀ ਹਾਜ਼ਰੀ ਨੇ ਖਿਡਾਰੀਆਂ ਦਾ ਹੌਸਲਾ ਹੋਰ ਵਧਾਇਆ ਅਤੇ ਮੈਦਾਨ ਵਿਚ ਤਾਲੀਆਂ ਦੀ ਗੂੰਜ ਨਾਲ ਮਾਹੌਲ ਉਤਸ਼ਾਹਪੂਰਣ ਬਣਿਆ ਰਿਹਾ। ਪਿੰਡਾਂ ਤੋਂ ਆਈਆਂ ਟੀਮਾਂ ਨੇ ਇਕ-ਦੂਜੇ ਨਾਲ ਮਿੱਤਰਤਾਪੂਰਣ ਮੁਕਾਬਲੇ ਕਰਕੇ ਖੇਡਾਂ ਦੀ ਅਸਲੀ ਰੂਹ ਨੂੰ ਦਰਸਾਇਆ। ਮੰਤਰੀ ਬੈਂਸ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਖੇਡਾਂ ਨਸ਼ਿਆਂ ਤੋਂ ਦੂਰ ਰਹਿਣ ਦਾ ਸਭ ਤੋਂ ਵਧੀਆ ਸਾਧਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੀ ਖੇਡਾਂ ਦੇ ਮੈਦਾਨ ਅਤੇ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਤਾਂ ਜੋ ਪਿੰਡਾਂ ਦੇ ਬੱਚੇ ਅਤੇ ਨੌਜਵਾਨ ਆਪਣਾ ਹੁਨਰ ਨਿਖਾਰ ਸਕਣ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਅਤੇ ਰਨਰ-ਅੱਪ ਟੀਮ ਨੂੰ 15 ਹਜ਼ਾਰ ਰੁਪਏ ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿਚ ਵੀ ਅਜਿਹੇ ਟੂਰਨਾਮੈਂਟਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਖੇਡਾਂ ਦੇ ਪ੍ਰਚਾਰ-ਪ੍ਰਸਾਰ ਲਈ ਹਰ ਸੰਭਵ ਸਹਿਯੋਗ ਦੇਣਗੇ। ਗ੍ਰਾਮ ਪੰਚਾਇਤ ਜਿੰਦਵੜੀ ਵੱਲੋਂ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਅਜਿਹੀ ਹੌਸਲਾ ਅਫ਼ਜ਼ਾਈ ਨਾਲ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਰੁਚੀ ਹੋਰ ਵਧਾਉਦੀ ਹੈ। ਇਸ ਮੌਕੇ ਕੇਵਲ ਕ੍ਰਿਸ਼ਨ ਭਾਰਤਵਾਜ, ਸੋਹਣ ਸਿੰਘ ਬੈਂਸ, ਸੁਮਿਤ ਸਰਪੰਚ ਜਿੰਦਵੜੀ ਹਲਕਾ ਯੂਥ ਕੋਆਰਡੀਨੇਟਰ, ਜੀਤ ਰਾਮ ਰਿੰਕੂ ਸਰਪੰਚ ਸੈਣੀਮਾਜਰਾ, ਦਲਜੀਤ ਸਿੰਘ ਨੰਬਰਦਾਰ, ਸੁਨੀਲ ਦੱਤ ਭਾਰਤਵਾਜ, ਵਿਸ਼ਾਲ, ਸੰਨੀ, ਮੁਨਸ਼ੀ, ਗੁਰਨਾਮ ਰਾਣਾ, ਹਰਸ਼ ਤੇ ਵੱਡੀ ਗਿਣਤੀ ’ਚ ਪਤਵੰਤੇ ਹਾਜ਼ਰ ਸਨ।