ਵਾਈਲਡ ਲਾਈਫ ਸੈਚੁਰੀ ਬਣਨ ਨਾਲ ਸੈਰ-ਸਪਾਟਾ ਦੀਆਂ ਸੰਭਾਵਨਾਵਾਂ ਹੋਰ ਵਧਣਗੀਆਂ : ਹਰਜੋਤ ਬੈਂਸ
ਰਾਮਪੁਰ ਜੱਜਰ ਵਿਚ ਵਾਈਲਡ ਲਾਈਫ ਸੈਚੁਰੀ ਬਣਨ ਨਾਲ ਸੈਰ ਸਪਾਟਾ ਦੀਆਂ ਸੰਭਾਵਨਾਵਾਂ ਹੋਰ ਵਧਣਗੀਆਂ : ਹਰਜੋਤ ਬੈਂਸ
Publish Date: Sun, 11 Jan 2026 06:00 PM (IST)
Updated Date: Mon, 12 Jan 2026 04:12 AM (IST)

ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸਖਤ ਕਾਰਵਾਈ ਰਹੇਗੀ ਜਾਰੀ, 50 ਕਰੋੜ ਰੁਪਏ ਨਾਲ ਡੰਗੇ ਲਗਾ ਕੇ ਹੜ੍ਹਾਂ ਤੋ ਬਚਾਅ ਦੇ ਕੀਤੇ ਜਾਣਗੇ ਪ੍ਰਬੰਧ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਪੰਜਾਬ ਸਰਕਾਰ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਧਾਰਮਿਕ, ਸੱਭਿਆਚਾਰਕ ਅਤੇ ਸੈਰ-ਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ ਲਈ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿਰਾਸਤੀ ਮਾਰਗ ਵਿਚ ਜਥੇਦਾਰ ਤਖਤ ਸਾਹਿਬ ਅਤੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਵੱਲੋਂ ਜਿਹੜੀਆਂ ਤਬਦੀਲੀਆਂ ਦੀ ਇੱਛਾ ਜਤਾਈ ਜਾਵੇਗੀ, ਉਹਨਾਂ ਨੂੰ ਪੂਰੀ ਸਨਮਾਨਤਾ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਫੇਜ਼ ਦੇ ਪੂਰਾ ਹੋਣ ਤੋਂ ਬਾਅਦ ਦੂਜੇ ਫੇਜ਼ ਵਿਚ ਹੋਰ ਵੱਡੇ ਵਿਕਾਸ ਕਾਰਜ ਕੀਤੇ ਜਾਣਗੇ। ਹਰਜੋਤ ਬੈਂਸ ਨੇ ਦੱਸਿਆ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ਼ ਗੰਜ ਸਾਹਿਬ ਅਤੇ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਆਲੇ-ਦੁਆਲੇ ਇੱਕ ਸੁੰਦਰ ਅਤੇ ਆਧੁਨਿਕ ਕੋਰੀਡੋਰ ਤਿਆਰ ਕੀਤਾ ਜਾਵੇਗਾ, ਜਿਸ ਨਾਲ ਸੰਗਤਾਂ ਅਤੇ ਸੈਲਾਨੀਆਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ। ਇਸਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰਾਂ ਨੂੰ ਇੱਕਸਾਰ ਅਤੇ ਆਕਰਸ਼ਕ ਦਿੱਖ ਦਿੱਤੀ ਜਾਵੇਗੀ, ਤਾਂ ਜੋ ਗੁਰੂ ਨਗਰੀ ਦੀ ਰੂਹਾਨੀ ਅਤੇ ਇਤਿਹਾਸਕ ਪਛਾਣ ਹੋਰ ਨਿਖਰ ਕੇ ਸਾਹਮਣੇ ਆਵੇ। ਕੈਬਨਿਟ ਨੇ ਕਿਹਾ ਕਿ ਧਾਰਮਿਕ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਯੋਜਨਾਵਾਂ ਉਤੇ ਕੰਮ ਕੀਤਾ ਜਾ ਰਿਹਾ ਹੈ। ਰਾਮਪੁਰ ਜੱਜਰ ਵਿੱਚ ਬਣ ਰਹੀ ਵਾਈਲਡ ਲਾਈਫ ਸੈਂਚੁਰੀ ਨਾਲ ਇਲਾਕੇ ਵਿੱਚ ਸੈਰ-ਸਪਾਟਾ ਦੀਆਂ ਸੰਭਾਵਨਾਵਾਂ ਹੋਰ ਵਧਣਗੀਆਂ। ਇਹ ਸੈਂਚੁਰੀ ਨੋਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ’ਤੇ ਬਣੇਗੀ, ਜਿਸ ਲਈ ਉਨ੍ਹਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਜੰਗਲਾਤ ਮੰਤਰੀ ਲਾਲਚੰਦ ਕਟਾਰੂਚੱਕ ਦਾ ਵਿਸ਼ੇਸ਼ ਧੰਨਵਾਦ ਕੀਤਾ। ਸੈਂਚੁਰੀ ਵਿੱਚ ਸੂਚਨਾ ਦਫ਼ਤਰ, ਫੋਟੋਗ੍ਰਾਫੀ ਦੀ ਸਹੂਲਤ, ਬ੍ਰਿਜ਼, ਵਾਹਨਾਂ ਰਾਹੀਂ ਜੰਗਲੀ ਜੀਵਾਂ ਦੇ ਦਰਸ਼ਨ ਅਤੇ ਫੈਸਿੰਗ ਵਰਗੇ ਪ੍ਰਬੰਧ ਕੀਤੇ ਜਾਣਗੇ, ਜਿਸ ਨਾਲ ਕਿਸਾਨਾਂ ਨੂੰ ਬੇਸਹਾਰਾ ਜਾਨਵਰਾਂ ਤੋਂ ਰਾਹਤ ਮਿਲੇਗੀ। ਇਸਦੇ ਨਾਲ ਹੀ ਰੋਪਵੇਅ ਪ੍ਰੋਜੈਕਟ ਰਾਹੀਂ ਪਿਛੜੇ ਅਤੇ ਅਣਗੌਲੇ ਇਲਾਕਿਆਂ ਦੀ ਨੁਹਾਰ ਬਦਲੇਗੀ। ਇਸ ਸਬੰਧ ਵਿੱਚ ਹਿਮਾਚਲ ਪ੍ਰਦੇਸ਼ ਸਰਕਾਰ ਨਾਲ ਨਿਰੰਤਰ ਤਾਲਮੇਲ ਬਣਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਗੁਰੂ ਨਗਰੀ ਦੇ ਹਰ ਕੋਨੇ ਵਿੱਚ ਸਥਾਈ ਤੌਰ ’ਤੇ ਸੀਸੀਟੀਵੀ ਕੈਮਰੇ ਲਗਾ ਕੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਸਫ਼ਾਈ ਨੂੰ ਯਕੀਨੀ ਬਣਾਉਣ ਲਈ ਹਰ 100 ਮੀਟਰ ’ਤੇ ਕੂੜੇਦਾਨ ਲਗਾਏ ਜਾਣਗੇ, ਜਿਸ ਵਿਚ ਸਥਾਨਕ ਵਾਸੀਆਂ ਦੇ ਸਹਿਯੋਗ ਦੀ ਅਪੀਲ ਵੀ ਕੀਤੀ ਗਈ। ਹਰਜੋਤ ਬੈਂਸ ਨੇ ਕਿਹਾ ਕਿ ਗੈਰਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਅਤੇ ਕਠੋਰ ਕਾਰਵਾਈ ਲਗਾਤਾਰ ਜਾਰੀ ਰਹੇਗੀ। ਹੜ੍ਹਾਂ ਤੋਂ ਬਚਾਅ ਲਈ 50 ਕਰੋੜ ਰੁਪਏ ਦੀ ਲਾਗਤ ਨਾਲ ਡੰਗੇ ਲਗਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਬਦਲੇ ਦੀ ਭਾਵਨਾ ਨਾਲ ਰਾਜਨੀਤੀ ਨਹੀਂ ਕੀਤੀ ਅਤੇ ਨਾ ਹੀ ਕਰਨਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਆਮ ਲੋਕਾਂ ’ਤੇ ਗੁੰਡਾਗਰਦੀ ਕਰਨ ਵਾਲੇ ਬਲੈਕਮੇਲਰਾਂ ਅਤੇ ਗਰੀਬਾਂ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਮਾਘੀ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵਿਕਾਸ ਦੀ ਨਵੀਂ ਲਹਿਰ ਸ਼ੁਰੂ ਹੋਵੇਗੀ। ਹਲਕੇ ਦੀਆਂ ਸਾਰੀਆਂ ਮੁੱਖ ਸੜਕਾਂ 18 ਫੁੱਟ ਚੌੜੀਆਂ ਕੀਤੀਆਂ ਜਾਣਗੀਆਂ ਅਤੇ ਪਿੰਡਾਂ ਵਿੱਚ ਸੋਲਰ ਲਾਈਟਾਂ ਸਮੇਤ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਜਨਤਾ ਦੇ ਸੇਵਾਦਾਰ ਬਣ ਕੇ ਕੰਮ ਕਰ ਰਹੇ ਹਨ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਹਰ ਪੱਖੋਂ ਵਿਕਾਸ ਦੀ ਰਾਹ ’ਤੇ ਅੱਗੇ ਲੈ ਜਾਣਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ। ਇਸ ਮੌਕੇ ਰਾਮ ਕੁਮਾਰ ਮੁਕਾਰੀ ਚੇਅਰਮੈਨ, ਰਾਜਪਾਲ ਮੋਹੀਵਾਲ ,ਰਾਮਪਾਲ ਬਲਾਕ ਸੰਮਤੀ ਮੈਂਬਰ,ਦੀਪਕ ਸੋਨੀ ਮੀਡੀਆ ਕੋਆਰਡੀਨੇਟਰ,ਦਲੀਪ ਹੰਸ ਮੈਂਬਰ ਦਲਿਤ ਬੋਰਡ,ਸਰਪੰਚ ਚੰਨਣ ਸਿੰਘ ਪੱਮੂ ਢਿੱਲੋ ਸਰਪੰਚ, ਸ਼ਮੀ ਬਰਾਰੀ,ਦਇਆ ਸਿੰਘ ਸਿੱਖਿਆ ਕੋਆਰਡੀਨੇਟਰ,ਐਸ.ਪੀ ਸਿੰਘ,ਅਭਿਜੀਤ ਸਿੰਘ, ਬਲਵਿੰਦਰ ਸਿੰਘ ਫੋਜੀ ਸਰਪੰਚ, ਦਲੇਰ ਮਹਿੰਦਲੀ ਸਰਪੰਚ, ਕੇਸਰ ਸਿੰਘ ਸੰਧੂ, ਕੁਲਵਿੰਦਰ ਸਿੰਘ ਬਿੰਦਰਾ, ਅੰਕੁਸ਼ ਪਾਠਕ, ਸੋਹਣ ਸਿੰਘ ਬੈਂਸ, ਸਮਸ਼ੇਰ ਸਿੰਘ, ਗੁਰਪ੍ਰੀਤ ਸਿੰਘ ਅਰੋੜਾ ਚੇਅਰਮੈਨ ਵਪਾਰ ਮੰਡਲ,ਐਡਵੋਕੇਟ ਨਿਸ਼ਾਂਤ ਗੁਪਤਾ, ਦਲਜੀਤ ਸਿੰਘ, ਨਿਤਿਨ ਬਾਸੋਵਾਲ ’ਤੇ ਵੱਡੀ ਗਿਣਤੀ ’ਚ ਪਤਵੰਤੇ ਹਾਜ਼ਰ ਸਨ।