ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਘੱਲੂਘਾਰਾ ਦਿਵਸ ਮਨਾਇਆ
ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਘੱਲੂਘਾਰਾ ਦਿਵਸ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ
Publish Date: Sun, 07 Jun 2026 04:30 PM (IST)
Updated Date: Mon, 08 Jun 2026 04:03 AM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸਤਰੀ ਸਤਿਸੰਗ ਸਭਾ, ਹੋਰ ਸਭਾ ਸੁਸਾਇਟੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜੂਨ 84 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਘੱਲੂਘਾਰਾ ਦਿਵਸ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸਜਾਏ ਧਾਰਮਿਕ ਦੀਵਾਨਾਂ ’ਚ ਭਾਈ ਤਜੇਸ਼ਵਰ ਸਿੰਘ ਹਜੂਰੀ ਰਾਗੀ ਜੱਥਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਭਾਈ ਜਗਦੀਪ ਸਿੰਘ ਵੜੈਚ ਦੇ ਢਾਡੀ ਜੱਥੇ ਵਲੋਂ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗਿਆਨੀ ਜੋਗਿੰਦਰ ਸਿੰਘ ਜੀ ਮੁੱਖ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਸਤਵਿੰਦਰ ਸਿੰਘ ਕਥਾ ਵਾਚਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਐਡ. ਹਰਦੇਵ ਸਿੰਘ ਐਡੀਸ਼ਨਲ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਕਿਹਾ ਕਿ ਇਸ ਹਫਤੇ ਦੌਰਾਨ ਦੇਸ਼ ਦੀ ਜਾਲਮ ਹਕੂਮਤ ਦੇ ਆਦੇਸ਼ਾਂ ’ਤੇ ਭਾਰਤੀ ਫੌਜ ਵੱਲੋਂ ਮਨੁੱਖੀ ਕਰਦਾ ਕੀਮਤਾਂ ਛਿੱਕੇ ਟੰਗ ਕੇ ਹਜਾਰਾਂ ਸਿੱਖਾਂ ਦੇ ਖੂਨ ਨਾਲ ਜਿਥੇ ਹੱਥ ਰੰਗ ਉਥੇ ਹੀ ਸਿਖਾਂ ਦੇ ਰੂਹਾਨੀਅਤ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਨੁੰ ਵੀ ਢਹਿਢੇਰੀ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਨੂੰ ਸਿੱਖ ਕੌਮ ਸਿਜ਼ਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਹਕੂਮਤ ਵੱਲੋਂ ਸਿੱਖ ਪੰਥ ਦੇ ਦਿੱਤੇ ਇਹ ਜਖਮ ਸਦਾ ਅੱਲੇ ਰਹਿਣਗੇ। ਇਸ ਮੌਕੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਸਮਾਗਮ ’ਚ ਉਕਤ ਤੋਂ ਇਲਾਵਾ ਮੈਨੇਜਰ ਮਲਕੀਤ ਸਿੰਘ, ਮੀਤ ਮੈਨੇਜਰ ਭੁਪਿੰਦਰ ਸਿੰਘ, ਹਰਦੇਵ ਸਿੰਘ ਦੇਬੀ, ਸੂਚਨਾ ਅਫਸਰ ਹਰਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਕਰਮਜੀਤ ਸਿੰਘ, ਭਾਈ ਕਰਮਬੀਰ ਸਿੰਘ, ਭਾਈ ਜਸਵੀਰ ਸਿੰਘ ਖ਼ਾਲਸਾ, ਹਰਜੀਤ ਸਿੰਘ ਸੋਢੀ, ਜਗਨੰਦਨ ਸਿੰਘ, ਮਾਤਾ ਗੁਰਚਰਨ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ, ਬੀਬੀ ਸੁਰਿੰਦਰਪਾਲ ਕੌਰ, ਬੀਬੀ ਤਜਿੰਦਰ ਕੌਰ, ਬੀਬੀ ਹਰਜੀਤ ਕੌਰ, ਬੀਬੀ ਤਰਨਜੀਤ ਕੌਰ, ਬੀਬੀ ਭੁਪਿੰਦਰ ਕੌਰ, ਬੀਬੀ ਜਸਵੰਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।