ਸਾਬਕਾ ਡੀਆਈਜੀ ਰਾਣਾ ਵੱਲੋਂ ਵੱਖ-ਵੱਖ ਪਿੰਡਾਂ ਦੇ ਲਗਾਤਾਰ ਦੌਰੇ
ਸਾਬਕਾ ਡੀਆਈਜੀ ਦਲਜੀਤ ਸਿੰਘ ਰਾਣਾ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ ਵੱਖ-ਵੱਖ ਪਿੰਡਾਂ ਦੇ ਦੌਰੇ
Publish Date: Wed, 08 Apr 2026 04:49 PM (IST)
Updated Date: Thu, 09 Apr 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਅੰਤਰਰਾਸ਼ਟਰੀ ਖਿਡਾਰੀ ਅਤੇ ਸਾਬਕਾ ਡੀਆਈਜੀ ਜੇਲ ਦਲਜੀਤ ਸਿੰਘ ਰਾਣਾ ਵਲੋਂ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਦੋਰੇ ਕਰਕੇ ਲੋਕਾਂ ਨਾਲ ਸੰਪਰਕ ਸਥਾਪਿਤ ਕੀਤਾ ਜਾ ਰਿਹਾ ਹੈ। ਭਰੋਸੇਯੋਗ ਸੂਤਰਾਂ ਮੁਤਾਬਿਕ ਭਾਜਪਾ ਦੀ ਹਾਈ ਕਮਾਂਡ ਵੱਲੋਂ ਦਲਜੀਤ ਸਿੰਘ ਰਾਣਾ ਨੂੰ ਥਾਪੜਾ ਦਿੱਤਾ ਗਿਆ ਹੈ ਅਤੇ ਸਾਲ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਵਲੋਂ ਦਲਜੀਤ ਸਿੰਘ ਰਾਣਾ ਨੂੰ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਦਾਨ ਵਿਚ ਉਤਾਰਨ ਦੀ ਸੰਭਾਵਨਾ ਹੈ। ਅੱਜ ਦਲਜੀਤ ਸਿੰਘ ਰਾਣਾ ਵੱਲੋਂ ਆਪਣਾ ਹਲਕਾ ਆਪਣੇ ਲੋਕ ਮੁਹਿੰਮ ਦੇ ਤਹਿਤ ਪਿੰਡ ਅੱਪਰ ਦਬੂੜ, ਅੱਪਰ ਦੇਹਣੀ ਅਤੇ ਮਝੇੜ ਜਾ ਕੇ ਉਥੋਂ ਦੇ ਵਸਨੀਕਾਂ ਨਾਲ ਸੰਪਰਕ ਕੀਤਾ ਗਿਆ। ਇਸ ਮੌਕੇ ਉਕਤ ਪਿੰਡਾਂ ਦੇ ਵਸਨੀਕਾਂ ਵੱਲੋਂ ਕਿਹਾ ਗਿਆ ਕਿ ਜੇਕਰ ਦਲਜੀਤ ਸਿੰਘ ਰਾਣਾ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਦੇ ਹਨ ਤਾਂ ਉਹ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਆਪਣੇ ਇਲਾਕੇ ਦੇ ਵਸਨੀਕ ਦਲਜੀਤ ਸਿੰਘ ਰਾਣੇ ਦਾ ਪੂਰਾ ਸਾਥ ਦੇਣਗੇ। ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਇੱਕ ਇਮਾਨਦਾਰ ਅਤੇ ਲੋਕਾਂ ਦੇ ਵਿਚ ਰਹਿਣ ਵਾਲਾ ਨੇਤਾ ਚਾਹੀਦਾ ਹੈ, ਜੋ ਉਨ੍ਹਾਂ ਦੀਆਂ ਅਸਲ ਸਮੱਸਿਆਵਾਂ ਨੂੰ ਸਮਝੇ ਅਤੇ ਹੱਲ ਕਰੇ। ਇਸ ਮੌਕੇ ਦਲਜੀਤ ਸਿੰਘ ਰਾਣਾ ਨੇ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸੁਣੀਆਂ ਅਤੇ ਉਨ੍ਹਾਂ ਨੂੰ ਆਪਣੇ ਕੋਲ ਨੋਟ ਕਰ ਲਿਆ ਹੈ। ਪਿੰਡਾਂ ਵਿਚ ਹੋਈਆਂ ਮੀਟਿੰਗਾਂ ਦੌਰਾਨ ਲੋਕਾਂ ਨੇ ਪਾਣੀ, ਸੜਕਾਂ, ਸਿਹਤ ਅਤੇ ਰੋਜ਼ਗਾਰ ਵਰਗੀਆਂ ਮੁੱਢਲੀਆਂ ਸਹੂਲਤਾਂ ਦੇ ਮੁੱਦੇ ਉੱਠਾਏ। ਇਸ ‘ਤੇ ਦਲਜੀਤ ਸਿੰਘ ਰਾਣਾ ਨੇ ਭਰੋਸਾ ਦਿਵਾਇਆ ਕਿ ਜੇਕਰ ਉਹਨਾਂ ਨੂੰ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਇਨ੍ਹਾਂ ਮੁੱਦਿਆਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਸਿਆਸਤ ਨੂੰ ਸੇਵਾ ਦੇ ਰੂਪ ਵਿਚ ਦੇਖਦੇ ਹਨ ਅਤੇ ਲੋਕਾਂ ਦੀ ਭਲਾਈ ਹੀ ਉਨ੍ਹਾਂ ਦੀ ਪਹਿਲ ਹੋਵੇਗੀ। ਰਾਣਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਗਲਤ ਰਾਜਨੀਤੀ ਜਾਂ ਵੰਡਵਾਦ ਨੂੰ ਉਤਸ਼ਾਹਿਤ ਨਹੀਂ ਕਰਨਗੇ, ਸਗੋਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਲਕੇ ਦੀ ਤਰੱਕੀ ਲਈ ਇੱਕ ਨਵੀਂ ਸੋਚ ਅਤੇ ਸਾਫ ਨੀਅਤ ਦੀ ਲੋੜ ਹੈ, ਜਿਸ ਨਾਲ ਹੀ ਵਿਕਾਸ ਦੇ ਨਵੇਂ ਦਰਵਾਜ਼ੇ ਖੁੱਲ ਸਕਦੇ ਹਨ। ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਦਲਜੀਤ ਸਿੰਘ ਰਾਣਾ ਦਾ ਸਾਫ ਸੂਥਰਾ ਇਮੇਜ ਅਤੇ ਉਨ੍ਹਾਂ ਦਾ ਪ੍ਰਸ਼ਾਸਨਿਕ ਅਨੁਭਵ ਉਨ੍ਹਾਂ ਨੂੰ ਹੋਰ ਉਮੀਦਵਾਰਾਂ ਨਾਲੋਂ ਵੱਖਰਾ ਬਣਾਉਂਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਵਾਰ ਹਲਕੇ ਵਿਚ ਬਦਲਾਅ ਦੀ ਲਹਿਰ ਦਿਖ ਰਹੀ ਹੈ ਅਤੇ ਲੋਕ ਪੁਰਾਣੀਆਂ ਰਵਾਇਤਾਂ ਤੋਂ ਹਟ ਕੇ ਆਪਣਾ ਹਲਕਾ ਆਪਣੇ ਲੋਕ ਦੇ ਤਹਿਤ ਨਵੇਂ ਚਿਹਰੇ ਨੂੰ ਮੌਕਾ ਦੇਣਾ ਚਾਹੁੰਦੇ ਹਨ। ਇਸ ਮੌਕੇ ਦਲਜੀਤ ਸਿੰਘ ਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਅੱਗੇ ਆਏ ਹਨ, ਉਨਾਂ ਵੱਲੋਂ ਇਸ ਸਮੇਂ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਜਮੀਨੀ ਪੱਧਰ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਨੂੰ ਨੋਟ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਸਪਸ਼ਟ ਕੀਤਾ ਕਿ ਉਹ ਆਮ ਆਦਮੀ ਪਾਰਟੀ ਵਿਚ ਜਾਣ ਦੇ ਜਾਂ ਇਸ ਪਾਰਟੀ ਦੀ ਟਿਕਟ ਤੋਂ ਚੋਣ ਲੜਨ ਦੇ ਚਾਹਵਾਨ ਨਹੀਂ ਹਨ। ਉਨ੍ਹਾਂ ਦੀ ਕਿਸੇ ਹੋਰ ਕੌਮੀ ਪੱਧਰ ਦੀ ਪਾਰਟੀ ਨਾਲ ਗੱਲਬਾਤ ਚੱਲ ਰਹੀ ਹੈ ਜਿਸ ਦਾ ਆਉਣ ਵਾਲੇ ਸਮੇਂ ਵਿਚ ਖੁਲਾਸਾ ਹੋ ਜਾਵੇਗਾ।