ਯੂਨੀਵਰਸਿਟੀ ਦਾ ਨਿਰਮਾਣ ਤੇਜ਼ੀ ਨਾਲ ਜਾਰੀ
ਸਤਿਕਾਰਯੋਗ ਸੰਪਾਦਕ ਸਾਹਿਬ ਦੇ ਧਿਆਨ ਹਿਤ
Publish Date: Mon, 23 Mar 2026 04:26 PM (IST)
Updated Date: Mon, 23 Mar 2026 04:28 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਦੁਬਈ ਅਧਾਰਿਤ ਪ੍ਰਸਿੱਧ ਸਿੱਖ ਉਦਯੋਗਪਤੀ ਪ੍ਰੋ. ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਫਿਊਚਰਿਸਟਿਕ ਯੂਨੀਵਰਸਿਟੀ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਤਹਿਤ ਪ੍ਰੋਜੈਕਟ ‘ਤੇ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਪ੍ਰੋਜੈਕਟ ਦੀ ਦੇਖਭਾਲ, ਅਫਿਲੀਏਸ਼ਨ ਅਤੇ ਸਰਕਾਰੀ ’ਤੇ ਅਰਧ-ਸਰਕਾਰੀ ਮਨਜ਼ੂਰੀਆਂ ਲਈ ਮਸ਼ਹੂਰ ਵਿਦਵਾਨ ਪ੍ਰੋਫੈਸਰ ਸਰਬਜਿੰਦਰ ਸਿੰਘ ਨੂੰ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਨੇ ਚਾਰਜ ਸੰਭਾਲਦੇ ਹੀ ਕੰਮ ਸ਼ੁਰੂ ਕਰ ਦਿੱਤਾ ਹੈ। ਪ੍ਰੋਫੈਸਰ ਸਰਬਜਿੰਦਰ ਸਿੰਘ ਨੇ ਦੱਸਿਆ ਕਿ ਕਈ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਇਸ ਯੂਨੀਵਰਸਿਟੀ ਲਈ ਲੰਬੇ ਸਮੇਂ ਦੀ ਯੋਜਨਾ ਤਹਿਤ ਪ੍ਰਸ਼ਾਸਕੀ ਬਲਾਕ, ਕਾਨਫਰੰਸ ਹਾਲ, ਸੈਮੀਨਾਰ ਹਾਲ, ਲਾਇਬ੍ਰੇਰੀ, ਵਾਈਸ ਚਾਂਸਲਰ ਦਫਤਰ, ਡੀਨ ਦਫਤਰ ਸਮੇਤ ਹੋਰ ਢਾਂਚਾਗਤ ਸਹੂਲਤਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਅਕਾਦਮਿਕ ਵਿੰਗ ਦੀ ਨੀਂਹ ਪੱਥਰ ਰੱਖਣ ਦੀ ਰਸਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੰਜ ਪਿਆਰਿਆਂ ਦੀ ਪਵਿੱਤਰ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਅਦਾ ਕੀਤੀ ਗਈ। ਇਸ ਮੌਕੇ ਗਿਆਨੀ ਜੁਗਿੰਦਰ ਸਿੰਘ, ਸੰਤ ਬਾਬਾ ਸਤਨਾਮ ਸਿੰਘ (ਕਾਰ ਸੇਵਾ ਅਨੰਦਗੜ੍ਹ ਸਾਹਿਬ) ਅਤੇ ਭਾਈ ਡਾ. ਸੁਖਵਿੰਦਰ ਸਿੰਘ ਹਾਜ਼ਰ ਰਹੇ। ਪ੍ਰੋ. ਸੁਰਿੰਦਰਪਾਲ ਸਿੰਘ ਓਬਰਾਏ, ਜੋ ਇਸ ਪ੍ਰੋਜੈਕਟ ਦੇ ਸਰਪ੍ਰਸਤ ਅਤੇ ਭਵਿੱਖ ਦੇ ਚਾਂਸਲਰ ਹਨ, ਨੇ ਕਿਹਾ ਕਿ ਯੂਨੀਵਰਸਿਟੀ ਦਾ ਵਿਸ਼ਾਲ ਅਤੇ ਆਧੁਨਿਕ ਇਮਾਰਤੀ ਢਾਂਚਾ ਸਾਰੀਆਂ ਸਹੂਲਤਾਂ ਨਾਲ ਤਿਆਰ ਕੀਤਾ ਜਾਵੇਗਾ। ਵਾਈਸ ਚਾਂਸਲਰ ਡਾ. ਸਰਬਜਿੰਦਰ ਸਿੰਘ ਨੇ ਦੱਸਿਆ ਕਿ ਉਹ ਹਰ ਪੱਖ ‘ਤੇ ਨਜ਼ਰ ਰੱਖਦੇ ਹੋਏ ਪੂਰੀ ਲਗਨ ਨਾਲ ਕੰਮ ਕਰ ਰਹੇ ਹਨ ਅਤੇ ਫੰਡ ਦੀ ਕੋਈ ਘਾਟ ਨਹੀਂ ਹੈ, ਜਿਸ ਨਾਲ ਪ੍ਰੋਜੈਕਟ ਬਿਨ੍ਹਾਂ ਰੁਕਾਵਟ ਅੱਗੇ ਵੱਧ ਰਿਹਾ ਹੈ। ਉਨ੍ਹਾਂ ਯੂਨੀਵਰਸਿਟੀ ਦੇ ਸਟਾਫ ਦੀ ਵੀ ਸਰਾਹਨਾ ਕੀਤੀ ਜੋ ਦਿਨ ਰਾਤ ਮਿਹਨਤ ਕਰ ਰਹੇ ਹਨ। ਡੀਨ ਅਕੈਡਮਿਕ ਡਾ. ਭੁਪਿੰਦਰ ਕੌਰ ਨੇ ਵੀ ਕਈ ਕੰਮ ਸੁਚੱਜੇ ਢੰਗ ਨਾਲ ਨਿਭਾਏ ਹਨ ਅਤੇ ਸਥਾਨਕ ਲੋਕਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।