ਨਗਰ ਪੰਚਾਇਤ ਦੇ ਕੌਂਸਲਰਾਂ ਨੂੰ ਵਿਦਾਇਗੀ ਪਾਰਟੀ ਮੌਕੇ ਸਨਮਾਨ ਚਿੰਨ੍ਹ ਭੇਟ
ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਕੌਂਸਲਰਾਂ ਨੂੰ ਵਿਦਾਇਗੀ ਪਾਰਟੀ, ਸਨਮਾਨ ਚਿੰਨ੍ਹ ਕੀਤੇ ਗਏ ਭੇਂਟ
Publish Date: Mon, 13 Apr 2026 05:15 PM (IST)
Updated Date: Mon, 13 Apr 2026 05:19 PM (IST)

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ , ਸ਼੍ਰੀ ਕੀਰਤਪੁਰ ਸਾਹਿਬ : ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਪੰਜ ਸਾਲਾਂ ਦੇ ਕਾਰਜਕਾਲ ਦੇ ਮਿਤੀ 14 ਅਪ੍ਰੈਲ ਨੂੰ ਸਮਾਪਤੀ ਹੋਣ ਜਾ ਰਹੇ ਹਨ, ਜਿਸ ਨੂੰ ਲੈਕੇ ਅੱਜ ਨਗਰ ਪੰਚਾਇਤ ਵੱਲੋਂ ਸਮੂਹ ਕੌਂਸਲਰਾਂ ਲਈ ਇਕ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੌਂਸਲਰਾਂ ਨੂੰ ਵਿਸ਼ੇਸ਼ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਦੇ ਕਰਮਚਾਰੀਆਂ ਅਤੇ ਸਫਾਈ ਸੇਵਕਾਂ ਵੱਲੋਂ ਵੀ ਕੌਂਸਲਰਾਂ ਨੂੰ ਵਿਦਾਇਗੀ ਮੌਕੇ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਕੌਂਸਲਰਾਂ ਨੇ ਹਮੇਸ਼ਾ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਅਤੇ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਉਠਾਈ। ਕਰਮਚਾਰੀਆਂ ਨੇ ਉਮੀਦ ਜਤਾਈ ਕਿ ਭਵਿੱਖ ਵਿਚ ਵੀ ਇਹ ਸਹਿਯੋਗ ਅਤੇ ਸਾਂਝ ਬਣੀ ਰਹੇਗੀ। ਇਸ ਦੇ ਨਾਲ ਹੀ ਸਮੂਹ ਕੌਂਸਲਰਾਂ ਵੱਲੋਂ ਨਗਰ ਪੰਚਾਇਤ ਦੇ ਕਰਮਚਾਰੀਆਂ ਅਤੇ ਸਫਾਈ ਸੇਵਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੇ ਸਹਿਯੋਗ ਤੋਂ ਬਿਨ੍ਹਾਂ ਸ਼ਹਿਰ ਵਿਚ ਵਿਕਾਸ ਕਾਰਜ ਕਰਨਾ ਸੰਭਵ ਨਹੀਂ ਸੀ। ਕੌਂਸਲਰਾਂ ਨੇ ਕਿਹਾ ਕਿ ਇਹ ਸਾਂਝ ਅਤੇ ਟੀਮ ਵਰਕ ਹੀ ਨਗਰ ਪੰਚਾਇਤ ਦੀ ਅਸਲੀ ਤਾਕਤ ਹੈ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਸੁਰਿੰਦਰ ਪਾਲ ਕੌੜਾ ਵੱਲੋਂ ਨਗਰ ਪੰਚਾਇਤ ਦੇ ਸਮੂਹ ਕਰਮਚਾਰੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਹਰ ਪੱਖ ਤੋਂ ਸਹਿਯੋਗ ਕੀਤਾ ਗਿਆ। ਉਨ੍ਹਾਂ ਵੱਲੋਂ ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਫਾਈ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼ਹਿਰ ਦੀ ਸਫਾਈ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ । ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ 2021 ਵਿਚ ਨਗਰ ਪੰਚਾਇਤ ਦਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ, ਜਿਸ ਲਈ ਉਹ ਆਪਣੇ ਰਾਜਨੀਤਿਕ ਗੁਰੂ ਰਾਣਾ ਕੇਪੀ ਸਿੰਘ ਦੇ ਬਹੁਤ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਭਾਵੇਂ ਨਗਰ ਪੰਚਾਇਤ ਵਿਚ ਕਾਂਗਰਸ ਦੇ ਕੌਂਸਲਰਾਂ ਦੀ ਬਹੁਮਤ ਸੀ, ਪਰ 2022 ਵਿਚ ਸੱਤਾ ਬਦਲਣ ਨਾਲ ਰਾਜਨੀਤਿਕ ਮਤਭੇਦ ਪੈਦਾ ਹੋਏ, ਜਿਸ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਪ੍ਰਭਾਵਿਤ ਹੋਏ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਵੱਲੋਂ ਨਗਰ ਪੰਚਾਇਤ ਨਾਲ “ਮਤਰੇਈ ਮਾਂ ਵਾਲਾ ਸਲੂਕ” ਕੀਤਾ ਗਿਆ ਹੈ ਅਤੇ ਵਿਕਾਸ ਲਈ ਮਿਲਣ ਵਾਲੀਆਂ ਗ੍ਰਾਂਟਾਂ ਵਿੱਚ ਵਿਤਕਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਈ ਪ੍ਰੋਜੈਕਟ, ਜਿਵੇਂ ਕਿ ਕਮਿਊਨਿਟੀ ਸੈਂਟਰ ਅਤੇ ਜਨਤਕ ਪਖਾਨਿਆਂ ਦੀ ਨਿਰਮਾਣ ਯੋਜਨਾ, ਰਾਜਨੀਤਿਕ ਕਾਰਨਾਂ ਕਰਕੇ ਅਟਕ ਗਈਆਂ। ਸੁਰਿੰਦਰ ਪਾਲ ਕੌੜਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਦਿੱਤੀ ਅਤੇ ਨਗਰ ਪੰਚਾਇਤ ਦੇ ਕਰਮਚਾਰੀਆਂ ਅਤੇ ਸਫਾਈ ਸੇਵਕਾਂ ਦਾ ਸਾਥ ਮਿਲਣ ਨਾਲ ਹੀ ਇਹ ਸੰਭਵ ਹੋ ਸਕਿਆ। ਇਸ ਮੌਕੇ ਵਾਈਸ ਪ੍ਰਧਾਨ ਅਮਨਪ੍ਰੀਤ ਕੌਰ, ਐਮਸੀ ਹਿਮਾਂਸ਼ੂ ਟੰਡਨ, ਐਮਸੀ ਜੀਵਨ ਜੋਤੀ, ਐਮਸੀ ਜਸਵਿੰਦਰ ਕੌਰ, ਐਮਸੀ ਤੇਜਵੀਰ ਸਿੰਘ, ਐਮਸੀ ਜੋਗਿੰਦਰ ਸਿੰਘ ਬਿੱਟੂ, ਐਮਸੀ ਮਾੜੂ, ਐਮਸੀ ਜੋਤੀ,ਅਕਾਊਂਟੈਂਟ ਦੇਵ ਕੁਮਾਰ, ਜੇਈ ਪ੍ਰਿਅੰਕਾ, ਇੰਸਪੈਕਟਰ ਸਤਨਾਮ ਸਿੰਘ, ਮੋਹਣ ਸਿੰਘ, ਇੰਸਪੈਕਟਰ ਗੁਰਦੇਵ ਸਿੰਘ, ਸੁਰਿੰਦਰ ਮੋਹਨ ਟੰਡਨ, ਦਵਿੰਦਰ ਸਿੰਘ ਸ਼ੰਮਾ ਸੈਣੀ, ਤਜਿੰਦਰ ਸਿੰਘ ਪੱਪੂ, ਰਜਨੀਸ਼ ਜੋਸ਼ੀ, ਸੁਰਿੰਦਰ ਸਿੰਘ ਭਿੰਦਰ, ਆਦਿ ਤੋਂ ਇਲਾਵਾ ਸਮੂਹ ਨਗਰ ਪੰਚਾਇਤ ਕਰਮਚਾਰੀ ਹਾਜਰ ਸਨ।