ਬਿਜਲੀ ਕਰਮਚਾਰੀਆਂ ਦੀ 16 ਅਪ੍ਰੈਲ ਦੀ ਮੀਟਿੰਗ ਬਣੇਗੀ ਫੈਸਲਾਕੁੰਨ
ਮੰਗਾਂ ’ਤੇ ਟਿਕੇ ਬਿਜਲੀ ਕਰਮਚਾਰੀ, 16 ਅਪ੍ਰੈਲ ਦੀ ਮੀਟਿੰਗ ਬਣੀ ਫੈਸਲਾਕੁੰਨ
Publish Date: Sat, 11 Apr 2026 05:32 PM (IST)
Updated Date: Sat, 11 Apr 2026 05:35 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ , ਨੂਰਪੁਰਬੇਦੀ: ਸੂਬਾ ਪੱਧਰੀ ਰੈਲੀ ਤੋਂ ਮਿਲੇ ਜੋਸ਼ ਨਾਲ ਭਰਪੂਰ ਬਿਜਲੀ ਕਰਮਚਾਰੀਆਂ ਨੇ ਸਰਕਾਰ ਅਤੇ ਮੈਨੇਜਮੈਂਟ ਖਿਲਾਫ਼ ਆਪਣਾ ਰੁਖ ਹੋਰ ਸਖ਼ਤ ਕਰ ਲਿਆ ਹੈ। ਕਰਮਚਾਰੀਆਂ ਨੇ ਸਪੱਸ਼ਟ ਅਤੇ ਚੇਤਾਵਨੀ ਭਰੇ ਅੰਦਾਜ਼ ਵਿਚ ਕਿਹਾ ਹੈ ਕਿ 16 ਅਪ੍ਰੈਲ ਨੂੰ ਹੋਣ ਵਾਲੀ ਅਹਿਮ ਮੀਟਿੰਗ ਹੁਣ ਫੈਸਲਾਕੁੰਨ ਸਾਬਤ ਹੋਵੇਗੀ ਅਤੇ ਜੇਕਰ ਇਸ ਵਿਚ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਕੋਈ ਢੁੱਕਵਾਂ ਨਤੀਜਾ ਨਾ ਨਿਕਲਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਪਾਵਰਕਾਮ ਸੰਗਠਨਾਂ ਦੇ ਆਗੂਆਂ ਨੇ ਦੱਸਿਆ ਕਿ 10 ਅਪ੍ਰੈਲ ਨੂੰ ਪਟਿਆਲਾ ਸਥਿਤ ਹੈੱਡ ਆਫਿਸ ਅੱਗੇ ਕੀਤੇ ਗਏ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ ਮੈਨੇਜਮੈਂਟ ਨੇ ਗੱਲਬਾਤ ਲਈ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਹਾਲੇ ਵੀ ਉਮੀਦ ਹੈ ਕਿ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਨਿਕਲ ਸਕਦਾ ਹੈ, ਪਰ ਜੇਕਰ ਨਤੀਜੇ ਨਿਰਾਸ਼ਾਜਨਕ ਰਹੇ ਤਾਂ ਫਿਰ ਕਿਸੇ ਵੀ ਪੱਧਰ ’ਤੇ ਸੰਘਰਸ਼ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੇ ਪਾਵਰਕਾਮ ਸੰਗਠਨਾਂ ਵੱਲੋਂ ਮਿਲ ਬੈਠ ਕੇ ਸੰਘਰਸ਼ ਦੀ ਵਿਸਥਾਰਪੂਰਵਕ ਰਣਨੀਤੀ ਤਿਆਰ ਕੀਤੀ ਗਈ ਹੈ। ਇਸ ਅਨੁਸਾਰ 11 ਅਪ੍ਰੈਲ ਤੋਂ 25 ਅਪ੍ਰੈਲ 2026 ਤੱਕ ਕਰਮਚਾਰੀ ‘ਵਰਕ ਟੂ ਰੂਲ’ ਅਧੀਨ ਕੇਵਲ ਆਪਣੀ ਨਿਰਧਾਰਤ 8 ਘੰਟਿਆਂ ਦੀ ਡਿਊਟੀ ਹੀ ਨਿਭਾਉਣਗੇ। ਇਸ ਦੌਰਾਨ ਗਜ਼ਟਿਡ ਛੁੱਟੀਆਂ ’ਤੇ ਸਟਾਫ ਆਪਣਾ ਹੱਕ ਲਏਗਾ ਅਤੇ ਡਿਊਟੀ ਸਮਾਪਤ ਹੋਣ ਉਪਰੰਤ ਕੋਈ ਵੀ ਕਰਮਚਾਰੀ ਦਫ਼ਤਰੀ ਫੋਨ ਕਾਲਾਂ ਦਾ ਜਵਾਬ ਨਹੀਂ ਦੇਵੇਗਾ, ਜਿਸ ਨਾਲ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਥੇਬੰਦੀ ਆਗੂਆਂ ਨੇ ਅੱਗੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਤੋਂ ਬਾਅਦ ਵੀ ਮੰਗਾਂ ਅਣਸੁਣੀਆਂ ਰਹੀਆਂ ਤਾਂ ਮਈ ਮਹੀਨੇ ਦੇ ਆਖਰੀ ਹਫ਼ਤੇ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਵੱਡੇ ਪੱਧਰ ’ਤੇ ਰੋਸ ਧਰਨਾ ਦਿੱਤਾ ਜਾਵੇਗਾ। ਇਸਦੇ ਨਾਲ ਹੀ ਜੂਨ ਮਹੀਨੇ ਦੇ ਦੂਜੇ ਹਫ਼ਤੇ ਦੋ ਦਿਨਾਂ ਦੀ ਹੜਤਾਲ ਕਰਕੇ ਸੰਘਰਸ਼ ਨੂੰ ਚਰਮ ’ਤੇ ਲਿਜਾਇਆ ਜਾਵੇਗਾ। ਇਸ ਮੌਕੇ ਜੇ.ਈ. ਜਸਵਿੰਦਰ ਸਿੰਘ ਔਲਖ, ਦੇਸ ਰਾਜ ਘਈ, ਮਾਨ ਸਿੰਘ, ਰਾਮਪਾਲ ਸਰਥਲੀ, ਸੰਜੀਵ ਕੁਮਾਰ, ਸਰਬਣ ਸਿੰਘ, ਹਰਜਿੰਦਰ ਸਿੰਘ ਹੀਰਾ, ਭਗਤ ਰਾਮ, ਸੁਰਿੰਦਰ ਸਿੰਘ, ਜਤਿੰਦਰ ਕੁਮਾਰ, ਜਗਤਾਰ ਸਿੰਘ, ਦਿਵਾਂਕਰ ‘ਤੇ ਗੁਲਜਾਰੀ ਰਾਮ ਆਦਿ ਮੌਜੂਦ ਸਨ।