ਪਾਵਰਕਾਮ ਦੀਆਂ ਜਾਇਦਾਦਾਂ ਦੀ ਵਿਕਰੀ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਦਾ ਭੜਕਿਆ ਗੁੱਸਾ
ਪਾਵਰਕਾਮ ਦੀਆਂ ਜਾਇਦਾਦਾਂ ਦੀ ਵਿਕਰੀ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਦਾ ਭੜਕਿਆ ਗੁੱਸਾ
Publish Date: Tue, 17 Feb 2026 06:34 PM (IST)
Updated Date: Tue, 17 Feb 2026 06:36 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਪਾਵਰਕਾਮ ਮੈਨੇਜਮੈਂਟ ਵੱਲੋਂ ਬਿਜਲੀ ਵਿਭਾਗ ਦੀਆਂ ਕੀਮਤੀ ਸਰਕਾਰੀ ਜਾਇਦਾਦਾਂ ਨੂੰ ਵੇਚਣ ਦੇ ਫ਼ੈਸਲੇ ਖ਼ਿਲਾਫ਼ ਅੱਜ ਨੂਰਪੁਰਬੇਦੀ ਸਬ ਡਵੀਜ਼ਨ ਵਿਖੇ ਬਿਜਲੀ ਮੁਲਾਜ਼ਮਾਂ ਦਾ ਗੁੱਸਾ ਖੁੱਲ੍ਹ ਕੇ ਸਾਹਮਣੇ ਆ ਗਿਆ। ਵੱਖ-ਵੱਖ ਜਥੇਬੰਦੀਆਂ ਦੇ ਸਾਂਝੇ ਸੱਦੇ ’ਤੇ ਇਕੱਠੇ ਹੋਏ ਮੁਲਾਜ਼ਮਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਦੀ ਅਰਥੀ ਫੂਕ ਕੇ ਤਿੱਖਾ ਵਿਰੋਧ ਦਰਜ ਕਰਵਾਇਆ। ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਸਰਕਾਰੀ ਸੰਪਤੀਆਂ ਦੀ ਵਿਕਰੀ ਦਾ ਫ਼ੈਸਲਾ ਨਾ ਸਿਰਫ਼ ਮੁਲਾਜ਼ਮ ਵਿਰੋਧੀ ਹੈ, ਸਗੋਂ ਇਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਨਾਲ ਵੀ ਸਿੱਧਾ ਖੇਡ ਹੈ। ਉਨ੍ਹਾਂ ਸਾਫ਼ ਕੀਤਾ ਕਿ ਜੇਕਰ ਇਹ ਫ਼ੈਸਲਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਜੂਨੀਅਰ ਇੰਜੀਨੀਅਰ ਐਸ਼ੋਸ਼ੀਏਸ਼ਨ, ਗ੍ਰਿਡ ਸਟਾਫ ਯੂਨੀਅਨ, ਟਰਾਂਸਕੋ ਅਤੇ ਪਾਵਰਕਾਮ ਪੈਨਸ਼ਨ ਯੂਨੀਅਨ ਪੰਜਾਬ ਦੇ ਸਾਂਝੇ ਮੰਚ ਹੇਠ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਬ ਡਵੀਜ਼ਨ ਟੀ.ਐੱਸ.ਯੂ. ਦੇ ਪ੍ਰਧਾਨ ਬਲਦੇਵ ਸਿੰਘ ਲਾਲਪੁਰ ਨੇ ਕਿਹਾ ਕਿ ਪਾਵਰਕਾਮ ਦੀਆਂ ਜਾਇਦਾਦਾਂ ਮੁਲਾਜ਼ਮਾਂ ਅਤੇ ਪੰਜਾਬ ਦੀ ਜਨਤਾ ਦੀ ਸਾਂਝੀ ਧਰੋਹਰ ਹਨ, ਜਿਨ੍ਹਾਂ ਨੂੰ ਵੇਚਣ ਦੀ ਕੋਸ਼ਿਸ਼ ਕਿਸੇ ਵੀ ਹਾਲਤ ਵਿਚ ਕਬੂਲ ਨਹੀਂ ਕੀਤੀ ਜਾਵੇਗੀ। ਟੀ.ਐੱਸ.ਯੂ. ਸਰਕਲ ਸਕੱਤਰ ਗੁਰਮੁੱਖ ਸਿੰਘ ਅਤੇ ਡਵੀਜ਼ਨ ਸਕੱਤਰ ਰਮਨ ਕੁਮਾਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਆਪਣਾ ਫ਼ੈਸਲਾ ਵਾਪਸ ਨਾ ਲਿਆ ਤਾਂ ਸੂਬਾ ਪੱਧਰ ’ਤੇ ਵੱਡਾ ਅੰਦੋਲਨ ਛੇੜਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਫੈਡਰੇਸ਼ਨ ਏਟਕ ਸਬ ਡਵੀਜ਼ਨ ਨੂਰਪੁਰਬੇਦੀ ਦੇ ਪ੍ਰਧਾਨ ਰਮੇਸ਼ ਚੰਦ ਅਤੇ ਸਕੱਤਰ ਮਾਨ ਸਿੰਘ ਨੇ ਕਿਹਾ ਕਿ ਸਰਕਾਰੀ ਸੰਪਤੀਆਂ ਦੀ ਵਿਕਰੀ ਨਾਲ ਹਜ਼ਾਰਾਂ ਮੁਲਾਜ਼ਮਾਂ ਦਾ ਭਵਿੱਖ ਅੰਧਕਾਰਮਈ ਹੋ ਜਾਵੇਗਾ ਅਤੇ ਇਹ ਕਦਮ ਜਨਤਾ ਨਾਲ ਧੋਖੇ ਦੇ ਬਰਾਬਰ ਹੈ। ਪਾਵਰਕਾਮ ਦਫ਼ਤਰ ਸਿੰਘਪੁਰ ਵਿਖੇ ਅਰਥੀ ਫੂਕ ਪ੍ਰਦਰਸ਼ਨ ਦੌਰਾਨ ਮਨਿੰਦਰ ਕੁਮਾਰ, ਰਾਮਪਾਲ, ਜਗਤਾਰ ਕੁਮਾਰ, ਹਰਜਿੰਦਰ ਸਿੰਘ ਹੀਰਾ, ਸ਼ਮਸ਼ੇਰ ਸਿੰਘ ਅਤੇ ਜਸਕਰਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਬਿਜਲੀ ਮੁਲਾਜ਼ਮ ਮੌਜੂਦ ਰਹੇ। ਮੁਲਾਜ਼ਮਾਂ ਨੇ ਸਪੱਸ਼ਟ ਕੀਤਾ ਕਿ ਜਦ ਤੱਕ ਜਾਇਦਾਦਾਂ ਦੀ ਵਿਕਰੀ ਸੰਬੰਧੀ ਫ਼ੈਸਲਾ ਰੱਦ ਨਹੀਂ ਹੁੰਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਲੋੜ ਪਈ ਤਾਂ ਆਉਣ ਵਾਲੇ ਦਿਨਾਂ ਵਿਚ ਹੋਰ ਤਿੱਖੇ ਕਦਮ ਵੀ ਚੁੱਕੇ ਜਾਣਗੇ।