ਸਰਕਾਰੀ ਸਕੂਲਾਂ ’ਚ ਦਾਖਲਾ ਵਧਾਉਣ ਲਈ ਜਾਗਰੂਕਤਾ ਮੁਹਿੰਮ ਦਾ ਆਗਾਜ਼
ਜਿਲ੍ਹਾਂ ਰੂਪਨਗਰ ਦੇ ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ ਲਈ ਜਾਗਰੂਕਤਾ ਮੁਹਿੰਮ ਦਾ ਆਗਾਜ
Publish Date: Thu, 29 Jan 2026 04:57 PM (IST)
Updated Date: Fri, 30 Jan 2026 04:05 AM (IST)

ਸ਼ਮਸ਼ੇਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਨੇ ਦਾਖ਼ਲਾ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੂਬੇ ਦੇ ਸਰਕਾਰੀ ਸਕੂਲਾਂ ’ਚ ਸ਼ੈਸ਼ਨ 2026-27 ਲਈ ਪ੍ਰੀ-ਪ੍ਰਾਇਮਰੀ ਜਮਾਤਾਂ ਤੋਂ ਬਾਰ੍ਹਵੀਂ ਜਮਾਤਾਂ ਤੱਕ ਦੇ ਦਾਖ਼ਲਿਆਂ ਨੂੰ ਭਰਵਾਂ ਹੁੰਗਾਰਾ ਦੇਣ ਲਈ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ। ਇਸ ਮੁਹਿੰਮ ਤਹਿਤ ਅੱਜ ਬਲਾਕ ਸ੍ਰੀ ਅਨੰਦਪੁਰ ਸਾਹਿਬ ਤੋਂ ਜ਼ਿਲ੍ਹਾਂ ਰੂਪਨਗਰ ਦੇ ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ ਲਈ ਸਮਸ਼ੇਰ ਸਿੰਘ ਜਿਲ੍ਹਾਂ ਸਿੱਖਿਆ ਅਫਸਰ ਪ੍ਰਾਇਮਰੀ ਨੇ ਹਰੀ ਝੰਡੀ ਦੇ ਕੇ ਦਾਖਲਾ ਜਾਗਰੂਕਤਾ ਵੈਨ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਸੋਹਣ ਸਿੰਘ ਬੈਂਸ ਪਿਤਾ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸ਼ਮਸ਼ੇਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ, ਡਾਇਟ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਭੂਟਾਨੀ ਅਤੇ ਉਪ ਜਿਲ੍ਹਾਂ ਸਿੱਖਿਆ ਅਫਸਰ ਸੈਕੰਡਰੀ ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਨੂੰ ਸਿੱਖਿਆ ਦੇ ਖੇਤਰ ਵਿਚ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ ਹੈ ਅਤੇ ਸਿੱਖਿਆ ਵਿਚ ਸੁਧਾਰ ਲਿਆਉਣ ਲਈ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਅਤੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਰਾਜ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਦਿਨ ਰਾਤ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮਨੋਰਥ ਪੰਜਾਬ ਅੰਦਰ ਲੋਕਾਂ ਨੂੰ ਵਧੀਆ ਸਿੱਖਿਆ ਪ੍ਰਣਾਲੀ ਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ ਤਾਂ ਜੋ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹਿ ਜਾਵੇ। ਇਸ ਮੌਕੇ ਸੋਹਣ ਸਿੰਘ ਬੈਂਸ ਅਤੇ ਮਨਜੀਤ ਸਿੰਘ ਮਾਵੀ ਬਲਾਕ ਪ੍ਰਾਇਮਰੀ ਸਿੱਖਿਆ ਸ਼੍ਰੀ ਅਨੰਦਪੁਰ ਸਾਹਿਬ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਰੌਸ਼ਨ ਭਵਿੱਖ ਲਈ ਸਿੱਖਿਆ ਢਾਂਚੇ ਨੂੰ ਕੌਮਾਂਤਰੀ ਪੱਧਰ ’ਤੇ ਲਿਜਾਣ ਲਈ ਵਚਨਬੱਧ ਹੈ ਅਤੇ ਇਸ ਤਹਿਤ ਸੂਬੇ ਵਿਚ 100 ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ ਅਧਿਆਪਕ ਨੂੰ ਸਿੰਘਾਪੁਰ ਤੇ ਫਿਨਲੈਂਡ ਵਰਗੇ ਦੇਸ਼ਾਂ ਵਿਚ ਟ੍ਰੇਨਿੰਗ ਲਈ ਭੇਜਿਆ ਗਿਆ ਹੈ। ਅੱਜ ਇਹ ਦਾਖਲਾ ਜਾਗਰੁਕਤ ਵੈਨ ਸ੍ਰੀ ਅਨੰਦਪੁਰ ਸਾਹਿਬ ਬਲਾਕ ਤੋਂ ਨੰਗਲ, ਝੱਜ ,ਤਖਤਗੜ੍ਹ ਤੋਂ ਹੁੰਦੀ ਹੋਈ ਬਲਾਕ ਕੀਰਤਪੁਰ ਸਾਹਿਬ ਜਾ ਕੇ ਸਮਾਪਤ ਹੋਈ। ਇਸ ਮੌਕੇ ਸੁਪਰਡੈਂਟ ਮਲਕੀਤ ਸਿੰਘ ਭੱਠਲ, ਸੁਨੀਤਾ ਧੀਮਾਨ, ਕਮਲਜੀਤ ਕੌਰ, ਬਲਜਿੰਦਰ ਸਿੰਘ ਢਿੱਲੋ, ਜਸਵੀਰ ਸਿੰਘ ਸਾਰੇ ਸੀਐਚਟੀ, ਸੁਰਿੰਦਰ ਸਿੰਘ ਭਟਨਾਗਰ, ਮੀਹਮਲ ਸਿੰਘ, ਮਨਿੰਦਰ ਸਿੰਘ ਰਾਣਾ, ਕੁਲਦੀਪ ਪਰਮਾਰ, ਸੁਰਿੰਦਰ ਕਾਲੀਆ, ਜੋਗਾ ਸਿੰਘ,ਬਲਵੀਰ ਸਿੰਘ,ਜਸਵੀਰ ਸਿੰਘ, ਇੰਦਰਦੀਪ ਸਿੰਘ, ਗੁਰਜੀਤ ਕੌਰ, ਰਵਿੰਦਰ ਕੌਰ, ਸੋਨੀਆ, ਕਮਲਪ੍ਰੀਤ ਕੌਰ, ਬੰਦਨਾ ਪੁਰੀ, ਮਨਿੰਦਰ ਕੌਰ, ਮੋਨਿਕਾ ਦੇਵੀ, ਪਰਮਜੀਤ ਕੌਰ, ਹਰਪ੍ਰੀਤ ਕੌਰ, ਸੋਨਿਕਾ ਸ਼ਰਮਾ, ਰੰਜਨਾ ਰਾਣੀ, ਜਸਵਿੰਦਰ ਕੌਰ ਆਦਿ ਅਧਿਆਪਕ ਹਾਜ਼ਰ ਸਨ।