ਮਾਂ ਤੇ ਬੱਚੇ ਦੀ ਸੁਰੱਖਿਆ ਲਈ ਸ਼ੁਰੂਆਤੀ ਜਾਂਚ ਤੇ ਸਹੀ ਖੁਰਾਕ ਲਾਜ਼ਮੀ : ਡਾ. ਢੰਡ
ਮਾਂ ਅਤੇ ਬੱਚੇ ਦੀ ਸੁਰੱਖਿਆ ਲਈ ਸ਼ੁਰੂਆਤੀ ਜਾਂਚ ਅਤੇ ਸਹੀ ਖੁਰਾਕ ਲਾਜ਼ਮੀ ਹੈ: ਡਾ ਢੰਡ
Publish Date: Sun, 08 Feb 2026 05:25 PM (IST)
Updated Date: Mon, 09 Feb 2026 04:05 AM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਔਰਤ ਰੋਗਾਂ ਦੀ ਮਾਹਿਰ ਅਤੇ ਕੁਮਾਰ ਹਸਪਤਾਲ ਦੇ ਸੰਚਾਲਕ ਡਾਕਟਰ ਡਾ. ਅਨੁਪਮ ਨੇ ਪ੍ਰੈਗਨੈਂਸੀ ਸਬੰਧੀ ਸਿਹਤ ਜਾਗਰੂਕਤਾ ਦਿੰਦਿਆਂ ਕਿਹਾ ਕਿ “ਮਾਂ ਅਤੇ ਬੱਚੇ ਦੀ ਸੁਰੱਖਿਆ ਲਈ ਸ਼ੁਰੂਆਤੀ ਜਾਂਚ ਅਤੇ ਸਹੀ ਖੁਰਾਕ ਲਾਜ਼ਮੀ ਹੈ”। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਕਿਸੇ ਔਰਤ ਦੀ ਪ੍ਰੈਗਨੈਂਸੀ ਟੈਸਟ ਰਾਹੀਂ ਕਨਫਰਮ ਹੋਵੇ, ਤਾਂ 10 ਤੋਂ 15 ਦਿਨਾਂ ਦੇ ਅੰਦਰ ਡਾਕਟਰ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੁੰਦਾ ਹੈ, ਤਾਂ ਜੋ ਮਾਂ ਅਤੇ ਅਣਜੰਮੇ ਬੱਚੇ ਦੀ ਸਿਹਤ ਨੂੰ ਸਮੇਂ ਸਿਰ ਸੁਰੱਖਿਅਤ ਕੀਤਾ ਜਾ ਸਕੇ। ਡਾ. ਢੰਡ ਨੇ ਕਿਹਾ ਕਿ ਪ੍ਰੈਗਨੈਂਸੀ ਦੇ ਸ਼ੁਰੂਆਤੀ ਦੌਰ ਦੀ ਜਾਂਚ ਬਹੁਤ ਅਹਿਮ ਹੁੰਦੀ ਹੈ। ਪਹਿਲੀ ਮੁਲਾਕਾਤ ਦੌਰਾਨ ਅਲਟਰਾ ਸਾਊਂਡ ਰਾਹੀਂ ਬੱਚੇ ਦੀ ਸਥਿਤੀ ਅਤੇ ਵਿਕਾਸ ਦੀ ਜਾਂਚ ਕੀਤੀ ਜਾਂਦੀ ਹੈ, ਜਦਕਿ ਖੂਨ ਦੀ ਜਾਂਚ, ਬਲੱਡ ਗਰੁੱਪ, ਹੀਮੋਗਲੋਬਿਨ, ਬਲੱਡ ਪ੍ਰੈਸ਼ਰ ਤੇ ਸ਼ੂਗਰ ਵਰਗੇ ਲਾਜ਼ਮੀ ਟੈਸਟ ਵੀ ਕਰਵਾਏ ਜਾਂਦੇ ਹਨ। ਇਨ੍ਹਾਂ ਜਾਂਚਾਂ ਨਾਲ ਇਹ ਪਤਾ ਲੱਗਦਾ ਹੈ ਕਿ ਪ੍ਰੈਗਨੈਂਸੀ ਸਧਾਰਣ ਹੈ ਜਾਂ ਕਿਸੇ ਖ਼ਤਰੇ ਵਾਲੀ ਸ਼੍ਰੇਣੀ ਵਿਚ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਫੋਲਿਕ ਐਸਿਡ, ਆਇਰਨ ਅਤੇ ਕੈਲਸ਼ੀਅਮ ਵਰਗੀਆਂ ਜ਼ਰੂਰੀ ਦਵਾਈਆਂ ਡਾਕਟਰੀ ਸਲਾਹ ਨਾਲ ਸ਼ੁਰੂ ਕਰਵਾਈਆਂ ਜਾਂਦੀਆਂ ਹਨ, ਜੋ ਬੱਚੇ ਦੇ ਦਿਮਾਗੀ ਵਿਕਾਸ ਅਤੇ ਮਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹਨ। ਡਾਕਟਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪ੍ਰੈਗਨੈਂਸੀ ਦੌਰਾਨ ਬਿਨ੍ਹਾਂ ਸਲਾਹ ਕਿਸੇ ਵੀ ਕਿਸਮ ਦੀ ਦਵਾਈ ਲੈਣਾ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਸਾਵਧਾਨੀਆਂ ਬਾਰੇ ਗੱਲ ਕਰਦਿਆਂ ਡਾ. ਅਨੁਪਮ ਢੰਡ ਨੇ ਕਿਹਾ ਕਿ ਪ੍ਰੈਗਨੈਂਟ ਔਰਤਾਂ ਨੂੰ ਭਾਰੀ ਵਜ਼ਨ ਚੁੱਕਣ, ਵੱਧ ਥਕਾਵਟ ਵਾਲੇ ਕੰਮ ਕਰਨ ਅਤੇ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਤਮਾਕੂ, ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਲਈ ਘਾਤਕ ਹਨ, ਇਸ ਲਈ ਇਨ੍ਹਾਂ ਤੋਂ ਪੂਰੀ ਤਰ੍ਹਾਂ ਦੂਰ ਰਹਿਣਾ ਚਾਹੀਦਾ ਹੈ। ਖਾਣ-ਪੀਣ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪ੍ਰੈਗਨੈਂਸੀ ਦੌਰਾਨ ਸੰਤੁਲਿਤ ਅਤੇ ਪੋਸ਼ਟਿਕ ਖੁਰਾਕ ਬਹੁਤ ਜ਼ਰੂਰੀ ਹੈ। ਹਰੀਆਂ ਪੱਤੇਦਾਰ ਸਬਜ਼ੀਆਂ, ਮੌਸਮੀ ਫਲ, ਦਾਲਾਂ, ਅਨਾਜ, ਦੁੱਧ, ਦਹੀਂ ਅਤੇ ਸੁੱਕੇ ਮੇਵੇ ਰੋਜ਼ਾਨਾ ਖੁਰਾਕ ਦਾ ਹਿੱਸਾ ਹੋਣੇ ਚਾਹੀਦੇ ਹਨ। ਬਾਹਰਲਾ ਜੰਕ ਫੂਡ, ਬਹੁਤ ਜ਼ਿਆਦਾ ਮਸਾਲੇਦਾਰ ਅਤੇ ਤਲੀ ਹੋਈਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਾਲ ਹੀ ਪ੍ਰਚੂਰ ਮਾਤਰਾ ਵਿੱਚ ਪਾਣੀ ਪੀਣਾ ਸ਼ਰੀਰ ਲਈ ਲਾਭਕਾਰੀ ਹੈ। ਅਖੀਰ ਵਿਚ ਡਾ. ਢੰਡ ਨੇ ਕਿਹਾ ਕਿ ਨਿਯਮਿਤ ਡਾਕਟਰੀ ਜਾਂਚ, ਸਹੀ ਖੁਰਾਕ ਅਤੇ ਜ਼ਰੂਰੀ ਸਾਵਧਾਨੀਆਂ ਨਾਲ ਪ੍ਰੈਗਨੈਂਸੀ ਨੂੰ ਸੁਰੱਖਿਅਤ ਅਤੇ ਸੁਖਦ ਬਣਾਇਆ ਜਾ ਸਕਦਾ ਹੈ। ਹਰ ਪ੍ਰੈਗਨੈਂਟ ਔਰਤ ਨੂੰ ਆਪਣੇ ਅਤੇ ਆਪਣੇ ਅਣਜੰਮੇ ਬੱਚੇ ਦੀ ਸਿਹਤ ਨੂੰ ਪਹਿਲ ਦਿੰਦਿਆਂ ਡਾਕਟਰ ਦੀ ਸਲਾਹ ਨੂੰ ਗੰਭੀਰਤਾ ਨਾਲ ਮੰਨਣਾ ਚਾਹੀਦਾ ਹੈ।