ਨਾਜਾਇਜ਼ ਕਬਜ਼ਿਆਂ ਕਾਰਨ ਨਾਲੀਆਂ ਦਾ ਪਾਣੀ ਸੜਕ ’ਤੇ, ਲੋਕ ਪ੍ਰੇਸ਼ਾਨ
ਨੂਰਪੁਰਬੇਦੀ ‘ਚ ਨਾਜਾਇਜ਼ ਕਬਜ਼ਿਆਂ ਕਾਰਨ ਨਾਲੀਆਂ ਦਾ ਗੰਦਾ ਪਾਣੀ ਸੜਕ ਉੱਤੇ, ਲੋਕ ਪ੍ਰੇਸ਼ਾਨ
Publish Date: Sun, 01 Feb 2026 04:40 PM (IST)
Updated Date: Mon, 02 Feb 2026 04:05 AM (IST)

ਸ਼ਿਕਾਇਤਾਂ ਦੇ ਬਾਵਜੂਦ ਸੰਬੰਧਤ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ, ਬਿਮਾਰੀਆਂ ਫ਼ੈਲਣ ਦਾ ਖ਼ਤਰਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਨੂਰਪੁਰਬੇਦੀ ਵਿਚ ਸੜਕ ਦੇ ਦੋਹਾਂ ਪਾਸਿਆਂ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਨਾਲੀਆਂ ਦਾ ਗੰਦਾ ਪਾਣੀ ਸੜਕ ਉੱਤੇ ਆ ਰਿਹਾ ਹੈ, ਜਿਸ ਨਾਲ ਇੱਥੋਂ ਗੁਜ਼ਰਦੇ ਰਾਹਗੀਰਾਂ ਲਈ ਆਵਾਜਾਈ ਮੁਸ਼ਕਲ ਬਣ ਗਈ ਹੈ। ਗੰਦੇ ਪਾਣੀ ਕਾਰਨ ਇਲਾਕੇ ਵਿਚ ਬਿਮਾਰੀਆਂ ਫੈਲਣ ਦਾ ਡਰ ਵੀ ਲੋਕਾਂ ਨੂੰ ਸਤਾਉਣ ਲੱਗਾ ਹੈ। ਸੰਬੰਧਤ ਵਿਭਾਗ ਨੂੰ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਹਾਲੇ ਤੱਕ ਕੋਈ ਹੱਲ ਨਾ ਨਿਕਲਣ ਕਾਰਨ ਸਥਾਨਕ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨੂਰਪੁਰਬੇਦੀ ਬੂੰਗਾ ਸਾਹਿਬ ਮਾਰਗ ‘ਤੇ ਸਤਨਾਰਾਇਣ ਮੰਦਰ ਤੋਂ ਰੂਪਨਗਰ ਵੱਲ ਜਾਣ ਵਾਲੇ ਲਿੰਕ ਰੋਡ ਉੱਤੇ ਕੁਝ ਦੁਕਾਨਦਾਰਾਂ ਨੇ ਸੜਕ ਵੱਲ ਕਾਫ਼ੀ ਹੱਦ ਤੱਕ ਨਾਜਾਇਜ਼ ਕਬਜ਼ੇ ਕਰ ਲਏ ਹਨ। ਇਨ੍ਹਾਂ ਦੁਕਾਨਦਾਰਾਂ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਬਣੀ ਨਾਲੀ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਕਈ ਦਿਨਾਂ ਤੋਂ ਨਾਲੀਆਂ ਦਾ ਗੰਦਾ ਪਾਣੀ ਸੜਕ ਉੱਤੇ ਛੱਪੜ ਦਾ ਰੂਪ ਧਾਰ ਚੁੱਕਾ ਹੈ। ਇਸ ਮਾਰਗ ਤੋਂ ਗੁਜ਼ਰਣ ਵਾਲੇ ਰਾਹਗੀਰਾਂ ਨੂੰ ਮਜ਼ਬੂਰਨ ਇਸ ਗੰਦੇ ਪਾਣੀ ਵਿਚੋਂ ਲੰਘਣਾ ਪੈ ਰਿਹਾ ਹੈ। ਉੱਥੇ ਹੀ ਨਾਲ ਲੱਗਦੀਆਂ ਕੁਝ ਦੁਕਾਨਾਂ ਦਾ ਕਾਰੋਬਾਰ ਵੀ ਗੰਦੇ ਪਾਣੀ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਬੰਧੀ ਐਡਵੋਕੇਟ ਮੁਨੀਸ਼ ਪੁਰੀ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਲੈ ਕੇ ਮੁੱਖ ਮੰਤਰੀ ਦੇ ਸ਼ਿਕਾਇਤ ਪੋਰਟਲ ‘ਤੇ ਲਗਭਗ ਇੱਕ ਮਹੀਨਾ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਇਸ ਗੰਭੀਰ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਸਥਾਨਕ ਵਸਨੀਕ ਹਰੀ ਅਵਤਾਰ ਵਸ਼ਿਸ਼ਟ, ਮੁਕੇਸ਼ ਕੁਮਾਰ, ਮਹਿੰਦਰ ਕੁਮਾਰ, ਧੀਰਜ ਕੁਮਾਰ ਅਤੇ ਰਾਮ ਕੁਮਾਰ ਨੇ ਕਿਹਾ ਕਿ ਸੜਕ ਉੱਤੇ ਗੰਦਾ ਪਾਣੀ ਖੜ੍ਹਾ ਰਹਿਣ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਰਿਹਾ ਹੈ ਤੇ ਸੜਕ ਵੀ ਟੁੱਟਣੀ ਸ਼ੁਰੂ ਹੋ ਗਈ ਹੈ ਪਰ ਸੰਬੰਧਤ ਵਿਭਾਗ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਗੰਦੇ ਪਾਣੀ ਦੀ ਨਿਕਾਸੀ ਲਈ ਤੁਰੰਤ ਕਦਮ ਚੁੱਕੇ ਜਾਣ ਅਤੇ ਸੜਕ ਦੇ ਦੋਹਾਂ ਪਾਸਿਆਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣ। ਬਾਕਸ ਇਨ ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਜੇਈ ਗੁਰਦਿਆਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਰਗ ਦਾ ਜਲਦੀ ਨਿਰਮਾਣ ਕੀਤਾ ਜਾਣਾ ਹੈ। ਉਸ ਤੋਂ ਪਹਿਲਾਂ ਸੜਕ ਦੇ ਦੋਹਾਂ ਪਾਸਿਆਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣਗੇ ਤੇ ਗੰਦੇ ਪਾਣੀ ਦੀ ਨਿਕਾਸੀ ਲਈ ਪੰਚਾਇਤ ਨੂੰ ਪੱਤਰ ਭੇਜ ਕੇ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।