ਖੇਤਰ ’ਚ ਸਵੇਰ ਤੋਂ ਘੁੰਮਦਾ ਡਰੋਨ ਬਣਿਆ ਡਰ ਦਾ ਕਾਰਨ, ਲੋਕਾਂ ’ਚ ਦਹਿਸ਼ਤ
ਨੂਰਪੁਰ ਬੇਦੀ ਖੇਤਰ ਦੇ ਪਿੰਡਾਂ ਉੱਤੇ ਸਵੇਰ ਤੋਂ ਘੁੰਮਦਾ ਡਰੋਨ ਬਣਿਆ ਡਰ ਦਾ ਕਾਰਨ, ਲੋਕਾਂ ’ਚ ਦਹਿਸ਼ਤ ਦਾ ਮਾਹੌਲ
Publish Date: Wed, 04 Feb 2026 04:29 PM (IST)
Updated Date: Wed, 04 Feb 2026 04:32 PM (IST)

ਪੁਲਿਸ ਜਾਂਚ ’ਚ ਖੁਲਾਸਾ, ਸਰਕਾਰੀ ਸਰਵੇ ਪ੍ਰੋਜੈਕਟ ਲਈ ਉਡਾਇਆ ਜਾ ਰਿਹਾ ਸੀ ਡਰੋਨ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਨੂਰਪੁਰ ਬੇਦੀ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ਸਵੇਰ ਤੋਂ ਅਸਮਾਨ ਵਿਚ ਘੁੰਮਦਾ ਇੱਕ ਅਣਪਛਾਤਾ ਡਰੋਨ ਕੈਮਰਾ ਜਿੱਥੇ ਚਰਚਾ ਦਾ ਕੇਂਦਰ ਬਣਿਆ, ਉੱਥੇ ਹੀ ਇਸ ਦੀ ਲਗਾਤਾਰ ਗਤੀਵਿਧੀ ਕਾਰਨ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਵੱਖ-ਵੱਖ ਪਿੰਡਾਂ ਵਿਚ ਲੋਕਾਂ ਵੱਲੋਂ ਇਸ ਡਰੋਨ ਕੈਮਰੇ ਨੂੰ ਆਪਣੇ ਮੋਬਾਈਲ ਫੋਨਾਂ ਵਿਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਚਾਈ ਅਤੇ ਤੇਜ਼ ਗਤੀ ਕਾਰਨ ਜ਼ਿਆਦਾਤਰ ਲੋਕ ਇਸ ਵਿਚ ਸਫਲ ਨਾ ਹੋ ਸਕੇ। ਇਸ ਤੋਂ ਬਾਅਦ ਜਦੋਂ ਇਹ ਮਾਮਲਾ ਮੀਡੀਆ ਕਰਮੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਪੱਤਰਕਾਰਾਂ ਵੱਲੋਂ ਡਰੋਨ ਦੀ ਗਤੀਵਿਧੀ ’ਤੇ ਨਜ਼ਰ ਰੱਖਦੇ ਹੋਏ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਫੋਨ ਰਾਹੀਂ ਤਾਲਮੇਲ ਕੀਤਾ ਗਿਆ। ਜਾਣਕਾਰੀ ਮਿਲਣ ’ਤੇ ਕਈ ਪਿੰਡਾਂ ਵਿਚ ਲੋਕ ਆਪਣੇ ਘਰਾਂ ਦੇ ਬਾਹਰ ਅਤੇ ਕੋਠਿਆਂ ਉੱਤੇ ਖੜ੍ਹ ਕੇ ਡਰੋਨ ਦੀ ਹਰਕਤ ਨੂੰ ਦੇਖਦੇ ਰਹੇ। ਕੁਝ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਇਹ ਡਰੋਨ ਉਨ੍ਹਾਂ ਦੇ ਘਰਾਂ ਤੋਂ ਕੁਝ ਦੂਰੀ ’ਤੇ ਅਸਮਾਨ ਵਿਚ ਕਾਫ਼ੀ ਉੱਚਾਈ ’ਤੇ ਚੱਕਰ ਲਗਾਉਂਦਾ ਦਿਖਾਈ ਦਿੱਤਾ। ਡਰੋਨ ਦੀ ਸ਼ੱਕੀ ਗਤੀਵਿਧੀ ਨੂੰ ਦੇਖਦੇ ਹੋਏ ਪੱਤਰਕਾਰਾਂ ਵੱਲੋਂ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਵੀ ਤੁਰੰਤ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ਉਪਰੰਤ ਪੁਲਿਸ ਕਰਮਚਾਰੀ ਵੀ ਡਰੋਨ ਦੀ ਭਾਲ ਵਿਚ ਵੱਖ-ਵੱਖ ਪਿੰਡਾਂ ਵਿਚ ਇਧਰ-ਉਧਰ ਘੁੰਮਣ ਲੱਗ ਪਏ। ਪੱਤਰਕਾਰਾਂ ਅਤੇ ਪਿੰਡ ਵਾਸੀਆਂ ਵਿਚਾਲੇ ਬਣੇ ਤਾਲਮੇਲ ਸਦਕਾ ਲਗਭਗ ਦੋ ਘੰਟਿਆਂ ਬਾਅਦ ਖੇਤਰ ਦੇ ਪਿੰਡ ਲਸਾੜੀ ਵਿਖੇ ਪੁਰਾਣੇ ਟੋਬੇ ਦੇ ਕੋਲ ਇੱਕ ਪਿੰਡ ਵਾਸੀ ਵੱਲੋਂ ਡਰੋਨ ਦੀ ਹਰਕਤ ਦੇਖੇ ਜਾਣ ਦੀ ਜਾਣਕਾਰੀ ਮਿਲੀ। ਇਸ ਦੀ ਸੂਚਨਾ ਤੁਰੰਤ ਪੱਤਰਕਾਰਾਂ ਨੂੰ ਦਿੱਤੀ ਗਈ, ਜਿਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਮੌਕੇ ’ਤੇ ਭੇਜਿਆ ਗਿਆ। ਬਾਕਸ ਇੰਨ - ਥਾਣਾ ਮੁੱਖੀ ਰੋਹਿਤ ਸ਼ਰਮਾ ਦੇ ਆਦੇਸ਼ਾਂ ’ਤੇ ਇੰਸਪੈਕਟਰ ਬਲਵੀਰ ਚੰਦ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਡਰੋਨ ਉਡਾਉਣ ਵਾਲੇ ਵਿਅਕਤੀਆਂ ਨੂੰ ਮਿਲ ਕੇ ਉਹਨਾਂ ਨੂੰ ਪੁਲਿਸ ਥਾਣੇ ’ਚ ਬੁਲਾ ਕੇ ਪੂਰੀ ਗਹਿਰਾਈ ਦੇ ਨਾਲ ਨਾਲ ਪੁੱਛਗਿੱਛ ਕੀਤੀ। ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਸਰਵੇ ਆਫ਼ ਇੰਡੀਆ ਵੱਲੋਂ ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਦੀ ਬੇਨਤੀ ’ਤੇ ਸਤਲੁਜ ਦਰਿਆ ਲਈ ਬਾੜ੍ਹ-ਖਤਰਾ ਮੈਪ ਤਿਆਰ ਕਰਨ ਅਤੇ ਵਿਕਸਿਤ ਕਰਨ ਲਈ ਇੱਕ ਪ੍ਰੋਜੈਕਟ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਹਵਾਈ ਅਤੇ ਅੰਤਰਿਕਸ਼ ਆਧਾਰਿਤ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਲਗਭਗ 1693 ਵਰਗ ਕਿਲੋਮੀਟਰ ਖੇਤਰ ਦਾ ਸਰਵੇ ਕੀਤਾ ਜਾਵੇਗਾ, ਜਿਸ ਵਿਚ ਰੂਪਨਗਰ, ਐਸ.ਏ.ਐਸ. ਨਗਰ, ਲੁਧਿਆਣਾ, ਜਲੰਧਰ ਅਤੇ ਮੋਗਾ ਜ਼ਿਲ੍ਹੇ ਸ਼ਾਮਲ ਹਨ।ਡਾਟਾ ਇਕੱਠਾ ਕਰਨ ਦੇ ਹਿੱਸੇ ਲਈ ਐੱਮ/ਐੱਸ ਪਾਇਨੀਅਰ ਫਾਊਂਡੇਸ਼ਨ ਇੰਜੀਨੀਅਰਜ਼ ਪ੍ਰਾਈਵੇਟ ਲਿਮਿਟਡ ਅਤੇ ਐੱਮ/ਐੱਸ ਸਪਤ੍ਰਿਸ਼ੀ ਕਨਸਲਟੈਂਸੀ ਸਰਵਿਸਿਜ਼ ਲਿਮਿਟਡ ਨੂੰ ਚੁਣਿਆ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ-ਆਪਣੇ ਖੇਤਰ ਅਲਾਟ ਕੀਤੇ ਗਏ ਹਨ। ਜਿਸ ਤਹਿਤ ਉਕਤ ਟੀਮ ਦੇ ਵੱਲੋਂ ਨੂਰਪੁਰਬੇਦੀ ਇਲਾਕੇ ਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਖੇਤਰਾਂ ਵਿਚ ਡਰੋਨ ਕੈਮਰੇ ਰਾਹੀਂ ਇਹ ਸਰਵੇ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਨੇ ਉਕਤ ਟੀਮ ਨੂੰ ਅਗਾਹ ਕੀਤਾ ਕਿ ਉਹ ਹੁਣ ਕਿਹੜੇ ਪਿੰਡਾ ਵਿਚ ਜਾਣਾ ਚਾਹੁੰਦੇ ਹਨ । ਇਸ ਸਬੰਧੀ ਉਹ ਪੁਲਿਸ ਨੂੰ ਸੂਚਨਾ ਦੇਣ ਤਾਂ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਡਿਜੀਟਲ ਮਾਧਿਅਮ ਰਾਹੀਂ ਲੋਕਾਂ ਨੂੰ ਸੂਚਿਤ ਕੀਤਾ ਜਾ ਸਕੇ ਕਿ ਉਹਨਾਂ ਦੇ ਪਿੰਡਾਂ ’ਚ ਡਰੋਨ ਕੈਮਰੇ ਰਾਹੀਂ ਸਰਵੇ ਕੀਤਾ ਜਾਵੇਗਾ ਉਹ ਕਿਸੇ ਵੀ ਗੱਲ ਤੋਂ ਨਾ ਘਬਰਾਉਣ।