ਡਾ. ਚੀਮਾ ਨੇ ਅਕਾਲੀ ਦਲ ਦੀ ਪੁਨਰ ਸੁਰਜੀਤ ਦੀ ਕਾਨਫਰੰਸ ’ਤੇ ਚੁੱਕੇ ਸਵਾਲ
ਡਾਕਟਰ ਚੀਮਾਂ ਨੇ ਅਕਾਲੀ ਦਲ ਦੀ ਪੁਨਰ ਸੁਰਜੀਤ ਦੀ ਕਾਨਫਰੰਸ ’ਤੇ ਚੁੱਕੇ ਸਵਾਲ
Publish Date: Tue, 03 Mar 2026 05:31 PM (IST)
Updated Date: Tue, 03 Mar 2026 05:32 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਆਨੰਦਪੁਰ ਸਾਹਿਬ : ਹੋਲਾ ਮਹੱਲਾ ਮੌਕੇ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਕਰਵਾਈ ਗਈ ਕਾਨਫਰੰਸ ਸਬੰਧੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਕਿੰਨੀਆਂ ਵੀ ਕਾਨਫਰੰਸਾਂ ਕਿਉਂ ਨਾ ਕਰ ਲਈਆਂ ਜਾਣ, ਲੋਕਾਂ ਦਾ ਗੁਆਚਿਆ ਭਰੋਸਾ ਹੁਣ ਮੁੜ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਵੱਲੋਂ ਪੰਥ ਦੇ ਨਾਮ ‘ਤੇ ਰਾਜਨੀਤੀ ਕਰਕੇ ਅਤੇ ਭਾਵਨਾਵਾਂ ਨਾਲ ਖੇਡ ਕੇ ਵਿਸ਼ਵਾਸ ਤੋੜਿਆ ਗਿਆ ਹੈ, ਜਿਸ ਕਾਰਨ ਸਿਰਫ਼ ਕਾਨਫਰੰਸ ਕਰ ਲੈਣ ਨਾਲ ਸਥਿਤੀ ਨਹੀਂ ਬਦਲਦੀ। ਡਾ. ਚੀਮਾ ਨੇ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਜਿਸ ਥਾਂ ਕਾਨਫਰੰਸ ਕਰਵਾਈ ਗਈ, ਉਹ ਇੰਨੀ ਛੋਟੀ ਸੀ ਕੇ ਹੋਲਾ ਮਹੱਲਾ ਦੌਰਾਨ ਇਸ ਨਾਲੋਂ ਵੱਡੇ ਸਥਾਨਾਂ ‘ਤੇ ਲੰਗਰ ਲੱਗਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰੋਗਰਾਮ ਵਾਲੇ ਸਥਾਨ ਤੱਕ ਪਹੁੰਚਣ ਵਿਚ ਪੱਤਰਕਾਰਾਂ ਨੂੰ ਵੀ ਦਿੱਕਤਾਂ ਆਈਆਂ ਅਤੇ ਕਈ ਪੱਤਰਕਾਰਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੀ ਅਸੁਵਿਧਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਲੋਕ ਹੁਣ ਇਸ ਮਾੜੀ ਰਾਜਨੀਤੀ ਨੂੰ ਸਮਝਦੇ ਹਨ। ਪੰਜਾਬ ਵਿਚ ਹੋ ਰਹੀ ਨਜਾਇਜ਼ ਮਾਈਨਿੰਗ ਦੇ ਮਾਮਲੇ ‘ਤੇ ਬੋਲਦਿਆਂ ਡਾ. ਚੀਮਾ ਨੇ ਕਿਹਾ ਕਿ ਇਕ ਪਾਸੇ ਸਰਕਾਰ ਵੱਲੋਂ ਵੀਹ ਹਜ਼ਾਰ ਕਰੋੜ ਰੁਪਏ ਮਾਲੀਆ ਇਕੱਠਾ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਜਦਕਿ ਦੂਜੇ ਪਾਸੇ ਐੱਸ.ਡੀ.ਓ ਪੱਧਰ ਦੇ ਸਰਕਾਰੀ ਅਧਿਕਾਰੀ ਚਿੱਠੀਆਂ ਲਿਖ ਕੇ ਐਕਸੀਅਨ ਪੱਧਰ ਦੇ ਅਧਿਕਾਰੀਆਂ ‘ਤੇ ਕਰੈਸ਼ਰ ਮਾਲਕਾਂ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਗੰਭੀਰ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਹੈ ਅਤੇ ਇਸ ਦੀ ਜਾਂਚ ਕਿਸੇ ਕੇਂਦਰੀ ਜਾਂਚ ਏਜੰਸੀ ਜਾਂ ਰਿਟਾਇਰਡ ਜੱਜ ਤੋਂ ਨਿਰਪੱਖ ਢੰਗ ਨਾਲ ਕਰਵਾਈ ਜਾਣੀ ਚਾਹੀਦੀ ਹੈ, ਤਾਂ ਜੋ ਸੱਚਾਈ ਬਿਨਾ ਕਿਸੇ ਦਬਾਅ ਦੇ ਸਾਹਮਣੇ ਆ ਸਕੇ। ਉਨ੍ਹਾਂ ਦਾਅਵਾ ਕੀਤਾ ਕੇ ਜੇਕਰ ਨਿਰਪੱਖ ਜਾਂਚ ਹੁੰਦੀ ਹੈ ਤਾਂ ਕਈ ਵਧਾਇਕਾਂ ’ਤੇ ਮੰਤਰੀਆਂ ਦੇ ਨਾਂ ਇਸ ਵਿਚ ਸਾਹਮਣੇ ਆਉਣਗੇ । ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਲੁੱਟ ਕਤਈ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਇਸ ਨਾਲ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਤੋਂ ਇਲਾਵਾ ਬੱਸਾਂ ਦੇ ਰੰਗ ਬਦਲਣ ਦੇ ਮਾਮਲੇ ‘ਤੇ ਟਿੱਪਣੀ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਸਿਰਫ਼ ਰੰਗ ਬਦਲਣ ਨਾਲ ਹਕੀਕਤ ਨਹੀਂ ਬਦਲਦੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਸਲ ਸੁਧਾਰ ਚਾਹੀਦੇ ਹਨ, ਨਾ ਕਿ ਦਿਖਾਵਟੀ ਕਦਮ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਵਸਨੀਕ ਹੁਣ ਜਾਗਰੂਕ ਹਨ ਅਤੇ ਉਹ ਸਿਰਫ਼ ਪ੍ਰਚਾਰ ਨਾਲ ਨਹੀਂ, ਸਗੋਂ ਕਾਰਗੁਜ਼ਾਰੀ ਨਾਲ ਹੀ ਪ੍ਰਭਾਵਿਤ ਹੋਣਗੇ। ਇਸ ਮੌਕੇ ਸੰਦੀਪ ਸਿੰਘ ਕਲੋਤਾ, ਦਲਜੀਤ ਸਿੰਘ ਭੁੱਟੋ, ਬੋਬੀ ਬਹਾਦਰਪੁਰੀਆ ਆਦਿ ਹਾਜਰ ਸਨ ।