ਸਮਾਜ ਨੂੰ ਸਾਂਝ, ਸੇਵਾ ’ਤੇ ਸਮਾਨਤਾ ਨਾਲ ਜੋੜਦੀ ਗੁਰੂ ਰਵਿਦਾਸ ਜੀ ਦੀ ਬਾਣੀ : ਵਿਧਾਇਕ ਚੱਢਾ
ਗੁਰੂ ਰਵਿਦਾਸ ਜੀ ਦੀ ਬਾਣੀ ਸਮਾਜ ਨੂੰ ਸਾਂਝ, ਸੇਵਾ ’ਤੇ ਸਮਾਨਤਾ ਨਾਲ ਜੋੜਦੀ ਹੈ: ਵਿਧਾਇਕ ਦਿਨੇਸ਼ ਚੱਢਾ
Publish Date: Sun, 01 Feb 2026 04:22 PM (IST)
Updated Date: Mon, 02 Feb 2026 04:02 AM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਧੰਨ-ਧੰਨ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਦਿਹਾੜੇ ਮੌਕੇ ਬਲਾਕ ਨੂਰਪੁਰਬੇਦੀ ਦੇ ਪਿੰਡ ਅਬਿਆਣਾ ਵਿਖੇ ਧਾਰਮਿਕ ਅਤੇ ਸਮਾਜਿਕ ਸਮਾਗਮ ਸ਼ਰਧਾ, ਭਗਤੀ ਅਤੇ ਭਾਈਚਾਰਕ ਏਕਤਾ ਦੇ ਮਾਹੌਲ ਵਿਚ ਕਰਵਾਇਆ ਗਿਆ। ਇਸ ਪਵਿੱਤਰ ਸਮਾਗਮ ਵਿਚ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਸੰਗਤਾਂ ਨਾਲ ਮਿਲ ਕੇ ਗੁਰੂ ਰਵਿਦਾਸ ਜੀ ਦੇ ਚਰਨਾਂ ਵਿਚ ਸ਼ਰਧਾ ਸਹਿਤ ਨਮਨ ਕੀਤਾ। ਸਮਾਗਮ ਦੌਰਾਨ ਗੁਰੂ ਰਵਿਦਾਸ ਜੀ ਦੇ ਜੀਵਨ ਦਰਸ਼ਨ ਅਤੇ ਉਪਦੇਸ਼ਾਂ ਨੂੰ ਸਮਰਪਿਤ ਸ਼ਬਦ ਕੀਰਤਨ ਅਤੇ ਧਾਰਮਿਕ ਵਿਚਾਰਾਂ ਦੀ ਪ੍ਰੇਰਕ ਸਾਂਝ ਕੀਤੀ ਗਈ, ਜਿਸ ਵਿਚ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਧਾਰਮਿਕ ਵਾਤਾਵਰਨ ਨੇ ਪੂਰੇ ਪਿੰਡ ਨੂੰ ਆਤਮਕ ਰੰਗ ਵਿਚ ਰੰਗ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਮਨੁੱਖ ਨੂੰ ਆਪਸੀ ਭਾਈਚਾਰੇ, ਸੇਵਾ ਭਾਵਨਾ ਅਤੇ ਸਮਾਜਿਕ ਬਰਾਬਰੀ ਦਾ ਸੱਚਾ ਰਸਤਾ ਦਿਖਾਉਂਦੀ ਹੈ। ਉਨ੍ਹਾਂ ਆਖਿਆ ਕਿ ਗੁਰੂ ਜੀ ਨੇ ਆਪਣੇ ਉਪਦੇਸ਼ਾਂ ਰਾਹੀਂ ਜਾਤ-ਪਾਤ ਅਤੇ ਭੇਦਭਾਵ ਰਹਿਤ ਸਮਾਜ ਦੀ ਸਥਾਪਨਾ ਦਾ ਸੰਦੇਸ਼ ਦਿੱਤਾ, ਜੋ ਅੱਜ ਦੇ ਸਮੇਂ ਵਿੱਚ ਹੋਰ ਵੀ ਵੱਧ ਪ੍ਰਸੰਗਿਕ ਹੋ ਗਿਆ ਹੈ। ਵਿਧਾਇਕ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਤੌਰ ‘ਤੇ ਸਮਾਜ ਦੇ ਹਰ ਵਰਗ ਨੂੰ ਬਰਾਬਰ ਅਧਿਕਾਰ ਅਤੇ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਲੋਕ-ਹਿਤਕਾਰੀ ਯੋਜਨਾਵਾਂ ਰਾਹੀਂ ਗੁਰੂ ਰਵਿਦਾਸ ਜੀ ਦੀ ਸੋਚ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਮਹਾਨ ਸੰਤਾਂ ਦੀਆਂ ਸਿੱਖਿਆਵਾਂ ਨੂੰ ਅਪਣਾਕੇ ਸਮਾਜ ਵਿਚ ਸਾਂਝ, ਸਦਭਾਵਨਾ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ। ਸਮਾਗਮ ਦੇ ਅੰਤ ਵਿਚ ਪ੍ਰਬੰਧਕ ਕਮੇਟੀ ਵੱਲੋਂ ਵਿਧਾਇਕ ਦਿਨੇਸ਼ ਚੱਢਾ ਦਾ ਸਨਮਾਨ ਕੀਤਾ ਗਿਆ ਅਤੇ ਸੰਗਤਾਂ ਲਈ ਲੰਗਰ ਦੀ ਸੁਚੱਜੀ ਵਿਵਸਥਾ ਵੀ ਕੀਤੀ ਗਈ। ਇਸ ਮੌਕੇ ਭਗਤ ਦੁਰਗਾ ਦਾਸ, ਪ੍ਰਧਾਨ ਸ਼ਿੰਗਾਰਾ ਸਿੰਘ , ਕ੍ਰਿਸ਼ਨ ਲਾਲ ਹਰਜੀਤ ਹੈਪੀ, ਹਰਦੀਪ ਅਬਿਆਣਾ, ਬਲਦੇਵ ਸਿੰਘ ਏਐਸਆਈ, ਬੁੱਧ ਸਿੰਘ, ਦਰਸ਼ਨ ਸਿੰਘ ਏਐਸਆਈ, ਬੀਡੀਪੀਓ ਜਰਨੈਲ ਸਿੰਘ, ਪਰਮਜੀਤ ਸਿੰਘ, ਮਾਸਟਰ ਰਾਮਪਾਲ, ਮਾਸਟਰ ਪਾਲ ਸਿੰਘ, ਸ਼ਿੰਗਾਰਾ ਸਿੰਘ, ਰਤਨ ਸਿੰਘ, ਬਿੱਲਾ ਸਿੰਘ, ਜੈਲਦਾਰ ਪੰਮਾ ਸਿੰਘ ਤੇ ਹੋਰ ਪਿੰਡ ਵਾਸੀ ਤੇ ਸੇਵਾਦਾਰ ਹਾਜ਼ਰ ਸਨ।