ਵਿਧਾਇਕ ਚੱਢਾ ਵੱਲੋਂ ਧਰਮਸ਼ਾਲਾ ਦਾ ਉਦਘਾਟਨ
ਪਿੰਡ ਸੈਣੀ ਮਾਜਰਾ ਦੀ ਨਵੀਨੀਕਰਨ ਕੀਤੀ ਧਰਮਸ਼ਾਲਾ ਦਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਉਦਘਾਟਨ
Publish Date: Sun, 04 Jan 2026 06:05 PM (IST)
Updated Date: Mon, 05 Jan 2026 04:08 AM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਖੇਤਰ ਦੇ ਪਿੰਡ ਸੈਣੀਮਾਜਰਾ ਦੀ ਧਰਮਸ਼ਾਲਾ, ਜੋ ਬੀਤੇ ਲੰਮੇ ਸਮੇਂ ਤੋਂ ਮਾਡੀ ਹਾਲਤ ਵਿਚ ਪਹੁੰਚ ਚੁੱਕੀ ਸੀ, ਦਾ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਉਪਰੰਤ ਅੱਜ ਇਸ ਦਾ ਵਿਧੀਵਤ ਉਦਘਾਟਨ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਖੁਦ ਮੌਕੇ ’ਤੇ ਪਹੁੰਚ ਕੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਧਰਮਸ਼ਾਲਾ ਦੀ ਮੁਰੰਮਤ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਧਿਆਨ ਵਿਚ ਰੱਖਦਿਆਂ ਵਿਧਾਇਕ ਵੱਲੋਂ ਲਗਭਗ 5 ਲੱਖ ਰੁਪਏ ਦੀ ਲਾਗਤ ਨਾਲ ਇਸ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਸੀ, ਜੋ ਹੁਣ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਉਦਘਾਟਨ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਉਹਨਾਂ ਦਾ ਮੁੱਖ ਟੀਚਾ ਹਲਕੇ ਦੇ ਹਰ ਪਿੰਡ ਦਾ ਸਰਪੱਖੀ ਅਤੇ ਸੰਤੁਲਿਤ ਵਿਕਾਸ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕਮਿਊਨਿਟੀ ਸੈਂਟਰਾਂ ਦਾ ਨਿਰਮਾਣ, ਨਵੀਆਂ ਧਰਮਸ਼ਾਲਾਵਾਂ ਦੀ ਤਿਆਰੀ ਅਤੇ ਪੁਰਾਣੀਆਂ ਧਰਮਸ਼ਾਲਾਵਾਂ ਦੀ ਮੁਰੰਮਤ ਹਰ ਕੰਮ ਨੂੰ ਤਰਜੀਹੀ ਅਧਾਰ ’ਤੇ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਕਾਸ ਸਿਰਫ਼ ਇਮਾਰਤਾਂ ਤੱਕ ਸੀਮਿਤ ਨਹੀਂ, ਸਗੋਂ ਸੜਕਾਂ, ਬੁਨਿਆਦੀ ਸਹੂਲਤਾਂ, ਸਾਫ਼-ਸਫ਼ਾਈ ਅਤੇ ਲੋਕ ਭਲਾਈ ਦੇ ਹੋਰ ਕੰਮਾਂ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਵਿਧਾਇਕ ਨੇ ਕਿਹਾ ਕਿ ਅੱਜ ਹਲਕਾ ਰੂਪਨਗਰ ਵਿਕਾਸ ਦੇ ਮਾਮਲੇ ਵਿਚ ਪੰਜਾਬ ਦੇ ਅਗੇਵਧੂ ਹਲਕਿਆਂ ਵਿਚ ਸ਼ਾਮਲ ਹੋ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਵਿਕਾਸ ਦੀ ਇਹ ਪ੍ਰਕਿਰਿਆ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਤੀ ਅਨੁਸਾਰ ਪਿੰਡਾਂ ਨੂੰ ਸ਼ਹਿਰੀ ਸਹੂਲਤਾਂ ਦੇ ਬਰਾਬਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਪ੍ਰਾਥਮਿਕਤਾ ਹੈ। ਇਸ ਮੌਕੇ ਧਰਮਸ਼ਾਲਾ ਅਤੇ ਮੰਦਰ ਲਈ ਜ਼ਮੀਨ ਦਾਨ ਕਰਨ ਵਾਲੇ ਸਵਰਗਵਾਸੀ ਜਗਨ ਨਾਥ ਜੀ ਦੇ ਪਰਿਵਾਰ ਦਾ ਵਿਧਾਇਕ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਰਾਮ ਸਰੂਪ ਸੈਣੀ, ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸ ਰਾਜ ਸੈਣੀ, ਜਰਨੈਲ ਲਾਲੀ, ਸੰਮਤੀ ਮੈਂਬਰ ਹੇਮੰਤ ਸੈਣੀ, ਮਾਸਟਰ ਗੋਪਾਲ ਚੰਦ, ਲਖਵਿੰਦਰ ਸਿੰਘ ਸੈਣੀ ਮਾਜਰਾ, ਸ੍ਰੀਮਤੀ ਨੀਲਮ ਸ਼ਰਮਾ, ਲੇਖ ਰਾਜ ਭਗਤ, ਭਗਤ ਸਿੰਘ ਬੋਲਾ, ਮੀਤ ਰਾਮ ਭਗਤ, ਕਿਸ਼ਨ ਲਾਲ, ਮਾਸਟਰ ਰਾਮਜੀ ਦਾਸ, ਮਦਨ ਲਾਲ, ਚਮਨ ਲਾਲ, ਕਮਲਜੀਤ ਸੈਣੀ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। ਅੰਤ ਵਿਚ ਪਿੰਡ ਵਾਸੀਆਂ ਵੱਲੋਂ ਵਿਧਾਇਕ ਦਿਨੇਸ਼ ਚੱਢਾ ਦਾ ਧਰਮਸ਼ਾਲਾ ਦੇ ਨਵੀਨੀਕਰਨ ਵਰਗੇ ਲੋਕਹਿੱਤ ਕੰਮ ਲਈ ਦਿਲੋਂ ਧੰਨਵਾਦ ਕੀਤਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਨਾਲ ਪਿੰਡ ਨੂੰ ਵੱਡੀ ਸਹੂਲਤ ਮਿਲੀ ਹੈ ਅਤੇ ਉਹ ਆਸ ਕਰਦੇ ਹਨ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਵਿਕਾਸ ਕਾਰਜ ਜਾਰੀ ਰਹਿਣਗੇ।