ਸਖ਼ਤੀ ਦੇ ਬਾਵਜੂਦ ਹੁਲੜਬਾਜ਼ਾਂ ਨੇ ਟਰੈਕਟਰਾਂ ਦੀਆਂ ਲਾਈਆਂ ਰੇਸਾਂ
ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਹੁਲੜਬਾਜ਼ਾਂ ਨੇ ਸੜਕਾਂ ਤੇ ਟਰੈਕਟਰ ਰੇਸਾਂ ਲਗਾਈਆਂ
Publish Date: Thu, 05 Mar 2026 04:28 PM (IST)
Updated Date: Thu, 05 Mar 2026 04:30 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਹੋਲੇ ਮਹੱਲੇ ਦਾ ਅੱਜ ਆਖਰੀ ਦਿਨ ਸੀ ਪਿਛਲੇ ਕਈ ਦਿਨਾਂ ਤੋਂ ਸੜਕਾਂ ਤੇ ਰਾਤ ਸਮੇਂ ਟਰੈਕਟਰ ਰੇਸਾ ਲਗਾਈਆਂ ਜਾਂਦੀਆਂ ਸਨ ਅਤੇ ਸਟੰਟ ਕੀਤੇ ਜਾਂਦੇ ਸਨ, ਭਾਵੇਂ ਕਿ ਪੁਲਿਸ ਪ੍ਰਸ਼ਾਸਨ ਦੀ ਇਹਨਾਂ ਤੇ ਤਿੱਖੀ ਨਜ਼ਰ ਸੀ ਪਰ ਰਾਤ ਨੂੰ 10 ਵਜੇ ਤੋਂ ਬਾਅਦ ਨੋਜਵਾਨ ਆਪਣੇ ਆਪਣੇ ਟਰੈਕਟਰ ਲੈ ਕੇ ਸੜਕਾਂ ਤੇ ਪਹੁੰਚ ਜਾਂਦੇ ਸਨ ਤੇ ਰਾਤ ਸਮੇਂ ਇਹ ਟਰੈਕਟਰ ਰੇਸਾਂ ਲਗਾਉਂਦੇ ਆ ਤੇ ਸੜਕਾਂ ਤੇ ਸਟੰਟ ਕਰਦੇ ਸਨ। ਅੱਜ ਰਾਤ ਵੀ ਟਰੈਕਟਰ ਚਾਲਕ ਆਪਣੇ ਆਪਣੇ ਟਰੈਕਟਰ ਲੈ ਕੇ ਸੜਕਾਂ ਤੇ ਪਹੁੰਚ ਗਏ ਅਤੇ ਰਾਤ 12 ਵਜੇ ਤੋਂ ਬਾਅਦ ਇਹਨਾਂ ਨੇ ਟਰੈਕਟਰ ਰੇਸਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸ੍ਰੀ ਕੀਰਤਪੁਰ ਸਾਹਿਬ ਪੁਲਿਸ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਿਸ ਸੜਕਾਂ ਤੇ ਰਹੀ ਅਤੇ ਇਹਨਾਂ ਨੂੰ ਰੋਕਣ ਲਈ ਕੁਝ ਥਾਵਾਂ ਤੇ ਬਲ ਪ੍ਰਯੋਗ ਵੀ ਕੀਤਾ ਗਿਆ ਪਰ ਅੱਜ ਇਹਨਾਂ ਨੇ ਨੱਕੀਆਂ ਤੋਂ ਸ੍ਰੀ ਕੀਰਤਪੁਰ ਸਾਹਿਬ ਤੱਕ ਰੇਸਾਂ ਲਗਾਈਆਂ। ਇਸ ਤੋਂ ਪਹਿਲਾਂ ਵੱਖ-ਵੱਖ ਜਗ੍ਹਾ ਤੇ ਇਹ ਸਟੰਟ ਕਰਦੇ ਨਜ਼ਰ ਆਏ ਕੋਟਲਾ ਪਾਵਰ ਹਾਊਸ, ਝਿੰਜੜੀ ਨੱਕੀਆਂ ਆਦੀ ਥਾਵਾਂ ਤੇ ਰਾਤ ਸਮੇਂ ਸੜਕਾਂ ਤੇ ਸਟੰਟ ਕਰਦੇ ਸਨ। ਯਾਤਰੂਆਂ ਦੇ ਨਾਲ ਨਾਲ ਕੁਝ ਆਸ ਪਾਸ ਪਿੰਡਾਂ ਦੇ ਨੌਜਵਾਨ ਰਾਤ ਸਮੇਂ ਆਪਣੇ ਟਰੈਕਟਰਾਂ ਦੇ ਵੱਡੇ ਵੱਡੇ ਸਲਾਈਸਰ ਅਤੇ ਲੱਖਾਂ ਰੁਪਏ ਖਰਚ ਕੇ ਸਾਊਂਡ ਸਿਸਟਮ ਲਗਾ ਕੇ ਸੜਕਾਂ ਤੇ ਹੜਦੁੰਗ ਮਚਾ ਰਹੇ ਸਨ। ਸੜਕਾਂ ਦੇ ਕਿਨਾਰੇ ਖੜੇ ਨੌਜਵਾਨ ਇਹਨਾਂ ਦੀਆਂ ਰੀਲਾਂ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਹਨ। ਕੁਝ ਥਾਵਾਂ ਤੇ ਪੁਲਿਸ ਨਾਲ ਇਹਨਾਂ ਨੌਜਵਾਨਾਂ ਦੀ ਬਹਿਸਬਾਜੀ ਵੀ ਹੋਈ ਅਤੇ ਪੁਲਿਸ ਵੱਲੋਂ ਡੰਡੇ ਦਾ ਪ੍ਰਯੋਗ ਵੀ ਕੀਤਾ ਗਿਆ। ਰਾਤ ਸਮੇਂ ਪੁਲਿਸ ਵਾਲੇ ਵੀ ਪੈਟਰੋਲਿੰਗ ਕਰਦੇ ਨਜ਼ਰ ਆਏ ਅਤੇ ਇਹਨਾਂ ਤੇ ਨਜ਼ਰ ਰੱਖ ਰਹੇ ਸਨ। ਕੁਝ ਨੋਜਵਾਨ ਟਰੈਕਟਰ ਨਾਲ ਨਹਿਰ ਦੀ ਪਟੜੀ ਤੇ ਰੇਸਾਂ ਲਗਾ ਰਹੇ ਸਨ। ਇਸ ਤੋਂ ਪਹਿਲਾਂ ਇੱਕਾ ਦੁੱਕਾ ਟਰੈਕਟਰ ਸੜਕ ਹਾਦਸੇ ਵਿੱਚ ਵੱਡਾ ਨੁਕਸਾਨ ਕਰਵਾ ਗਏ ਪਿਛਲੇ ਕੱਲ ਕੋਟਲਾ ਪਾਵਰ ਉਸ ਨਜ਼ਦੀਕ ਇੱਕ ਟਰੈਕਟਰ ਸੜਕ ਹਾਦਸੇ ਵਿੱਚ ਦੋ ਟੋਟੇ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਭਾਵੇਂ ਕੀ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਪਹਿਲਾਂ ਤੋਂ ਚੇਤਾਵਨੀ ਦਿੱਤੀ ਗਈ ਸੀ ਪਰ ਫਿਰ ਵੀ ਇਹ ਨੌਜਵਾਨ ਵੱਖ-ਵੱਖ ਜਗ੍ਹਾ ਤੇ ਟਰੈਕਟਰ ਸਟੰਟ ਕਰਦੇ ਹਨ। ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਤੇ ਸਖਤ ਕਾਰਵਾਈ ਕਰਕੇ ਇਹਨਾਂ ਸਟੰਟ ਕਰਨ ਵਾਲਿਆਂ ਦੇ ਟਰੈਕਟਰ ਜ਼ਬਤ ਕਰਨੇ ਚਾਹੀਦੇ ਹਨ ਤਾਂ ਜੋ ਕੋਈ ਵੱਡਾ ਸੜਕ ਹਾਦਸਾ ਨਾ ਵਾਪਰੇ।