ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੇ ਪ੍ਰਬੰਧਾਂ ਦੀ ਕੀਤੀ ਸਮੀਖਿਆ
ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਅਤੇ ਐਸ.ਐਸ.ਪੀ ਮਨਿੰਦਰ ਸਿੰਘ ਨੇ ਹੋਲਾ ਮਹੱਲਾ ਦੇ ਪ੍ਰਬੰਧਾਂ ਦੀ ਕੀਤੀ ਸਮੀਖਿਆ
Publish Date: Thu, 26 Feb 2026 06:00 PM (IST)
Updated Date: Thu, 26 Feb 2026 06:04 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਹੋਲਾ ਮਹੱਲਾ ਤਿਉਹਾਰ 27 ਫਰਵਰੀ ਤੋ 1 ਮਾਰਚ ਤੱਕ ਕੀਰਤਪੁਰ ਸਾਹਿਬ ਅਤੇ 2 ਮਾਰਚ ਤੋ 4 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਦੀਆਂ ਪਿਛਲੇ ਦੋ ਮਹੀਨੇ ਤੋਂ ਲਗਾਤਾਰ ਤਿਆਰੀਆਂ ਕੀਤੀਆ ਜਾ ਰਹੀਆਂ ਹਨ। ਪ੍ਰਸਾਸ਼ਨ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਸੇਵਾ ਦੀ ਭਾਵਨਾ ਨਾਲ ਕਰਨ ਦੀ ਹਦਾਇਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ਹੋਲਾ ਮਹੱਲਾ ਮੌਕੇ ਲੱਖਾਂ ਸੰਗਤਾਂ ਦੇਸ਼ ਵਿਦੇਸ਼ ਤੋਂ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਪੁੱਜਦੀਆਂ ਹਨ ਜਿਨ੍ਹਾਂ ਦੀ ਸਹੂਲਤ ਲਈ ਹਰ ਵਿਭਾਗ ਵੱਲੋਂ ਆਪਣੇ ਨਾਲ ਸਬੰਧਿਤ ਕੰਮ ਤਸੱਲੀ ਬਖਸ਼ ਢੰਗ ਨਾਲ ਮੁਕੰਮਲ ਕੀਤੇ ਜਾ ਚੁੱਕੇ ਹਨ। ਸਮੁੱਚੇ ਮੇਲਾ ਖੇਤਰ ਨੂੰ ਰੰਗ ਬਰੰਗੀਆਂ ਰੋਸ਼ਨੀਆਂ ਨਾਲ ਰੁਸ਼ਨਾਇਆ ਗਿਆ ਹੈ। ਸੀਨੀਅਰ ਪੁਲਿਸ ਕਪਤਾਨ ਰੂਪਨਗਰ ਮਨਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਮੇਲਾ ਖੇਤਰ ਵਿੱਚ 4500 ਪੁਲਿਸ ਕਰਮਚਾਰੀ ਤੈਨਾਤ ਹੋਣਗੇ। ਹਰ ਸੈਕਟਰ ਵਿੱਚ ਇੱਕ ਅਧਿਕਾਰੀ ਤੈਨਾਤ ਹੋਵੇਗਾ। ਸੀਸੀਟੀਵੀ ਕੈਮਰੇ ਹਰ ਗਤੀਵਿਧੀ ਤੇ ਨਜ਼ਰ ਰੱਖਣਗੇ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪਾਬੰਦੀ ਦੇ ਹੁਕਮ ਜਿਲ੍ਹਾ ਮੈਜਿਸਟ੍ਰੇਟ ਰੂਪਨਗਰ ਵੱਲੋਂ ਜਾਰੀ ਕੀਤੇ ਗਏ ਹਨ ਜਿਨ੍ਹਾਂ ਨੂੰ ਲਾਗੂ ਕੀਤਾ ਗਿਆ ਹੈ। ਟ੍ਰੈਫਿਕ ਮੈਨੇਜਮੈਂਟ, ਰੂਟ ਡਾਈਵਰਜ਼ਨ ਦਾ ਵੀ ਵਿਸੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਵੱਲੋਂ ਜਾਰੀ ਕੀਤੇ ਗਏ ਪਾਬੰਦੀ ਦੇ ਹੁਕਮ ਸਖ਼ਤੀ ਨਾਲ ਲਾਗੂ ਕੀਤੇ ਜਾ ਰਹੇ ਹਨ। ਮੇਲੇ ਦੌਰਾਨ ਟ੍ਰੈਫਿਕ ਮੈਨੇਜਮੈਂਟ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਅਧੀਨ ਰੂਟ ਡਾਈਵਰਜ਼ਨ, ਪਾਰਕਿੰਗ ਥਾਵਾਂ ਅਤੇ ਸ਼ਟਲ ਬੱਸ ਸੇਵਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸ਼ਰਧਾਲੂਆਂ ਦੀ ਸੁਵਿਧਾ ਲਈ ਈ-ਰਿਕਸ਼ਾ ਸੇਵਾ, ਬੇਬੀ ਫੀਡਿੰਗ ਰੂਮ, ਹੈਲਪ ਡੈਸਕ ਅਤੇ ਸੂਚਨਾ ਕੇਂਦਰ ਸਥਾਪਿਤ ਕੀਤੇ ਗਏ ਹਨ ਤਾਂ ਜੋ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਪਸ਼ਟ ਹਦਾਇਤ ਕੀਤੀ ਕਿ ਡਿਊਟੀ ਸਿਰਫ਼ ਫ਼ਰਜ਼ ਨਾ ਸਮਝ ਕੇ ਸੇਵਾ ਦੀ ਭਾਵਨਾ ਨਾਲ ਨਿਭਾਈ ਜਾਵੇ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਸਿੱਖ ਧਰਮ ਦੀ ਸ਼ੂਰਵੀਰਤਾ, ਏਕਤਾ ਅਤੇ ਸੇਵਾ ਦੀ ਰੂਹ ਦਾ ਪ੍ਰਤੀਕ ਹੈ, ਇਸ ਲਈ ਮੇਲੇ ਦੌਰਾਨ ਹਰ ਕਰਮਚਾਰੀ ਨੂੰ ਨਿਮਰਤਾ ਅਤੇ ਸਹਿਯੋਗ ਨਾਲ ਸੰਗਤਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਚੰਦਰ ਜਯੋਤੀ ਸਿੰਘ ਆਈ.ਏ.ਐਸ, ਵਧੀਕ ਡਿਪਟੀ ਕਮਿਸ਼ਨਰ (ਜ) ਅਵਿਕੇਸ਼ ਗੁਪਤਾ, ਅਭਿਮੰਨਯੂ ਮਲਿਕ ਆਈ.ਏ.ਐਸ, ਸੁਖਪਾਲ ਸਿੰਘ ਮੇਲਾ ਅਫਸਰ ਕਮ ਐਸਡੀਐਮ ਸ੍ਰੀ ਅਨੰਦਪੁਰ ਸਾਹਿਬ, ਪ੍ਰਦੀਪ ਸਿੰਘ ਬੈਂਸ ਐਸਡੀਐਮ ਚਮਕੌਰ ਸਾਹਿਬ, ਚੇਤਨ ਬੰਗੜ ਐਸਡੀਐਮ ਰੂਪਨਗਰ, ਸੁਰਿੰਦਰ ਕੌਰ ਸਹਾਇਕ ਮੇਲਾ ਅਫਸਰ ਕੀਰਤਪੁਰ ਸਾਹਿਬ ਕਮ ਐਸਡੀਐਮ ਮੋਰਿੰਡਾ, ਸਚਿਨ ਪਾਠਕ ਐਸਡੀਐਮ ਨੰਗਲ, ਸ੍ਰੀ ਅਰਵਿੰਦ ਮੀਨਾ ਆਈ.ਪੀ.ਐਸ ਸੁਪਰਡੈਂਟ ਆਫ ਪੁਲਿਸ, ਜਸ਼ਨਦੀਪ ਸਿੰਘ ਡੀ.ਐਸ.ਪੀ ਅਨੰਦਪੁਰ ਸਾਹਿਬ, ਹਰਕੀਰਤ ਸਿੰਘ ਡੀ.ਐਸ.ਪੀ ਨੰਗਲ, ਹਰਜੀਤਪਾਲ ਸਿੰਘ ਐਕਸੀਅਨ ਜਲ ਸਪਲਾਈ ਸਮੇਤ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।