ਨੂਰਪੁਰਬੇਦੀ ਵਿਖੇ ਖਪਤਕਾਰਾਂ ਦੀ ਸਿਲੰਡਰ ਹਾਸਲ ਕਰਨ ਲਈ ਲੱਗੀ ਹੋੜ
ਗੈਸ ਸਪਲਾਈ ਬਹਾਲ ਹੋਣ ’ਤੇ ਨੂਰਪੁਰਬੇਦੀ ਵਿਖੇ ਖਪਤਕਾਰਾਂ ਦੀ ਸਿਲੰਡਰ ਹਾਸਿਲ ਕਰਨ ਲਈ ਲੱਗੀ ਹੋੜ
Publish Date: Thu, 12 Mar 2026 05:51 PM (IST)
Updated Date: Thu, 12 Mar 2026 05:54 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਨੂਰਪੁਰਬੇਦੀ ਵਿਖੇ ਅੱਜ 24 ਘੰਟਿਆਂ ਬਾਅਦ ਘਰੇਲੂ ਗੈਸ ਸਪਲਾਈ ਬਹਾਲ ਹੋਣ ’ਤੇ ਸ਼ਹੀਦ ਗੋਪਾਲ ਭਾਰਤ ਗੈਸ ਏਜੰਸੀ ਮੂਹਰੇ ਸਿਲੰਡਰ ਹਾਸਲ ਕਰਨ ਵਾਲੇ ਖਪਤਕਾਰਾਂ ਦੀ ਅਚਾਨਕ ਹੋੜ ਲੱਗ ਗਈ ਜਿਸ ਨੂੰ ਲੈ ਕੇ ਸੜਕ ’ਤੇ ਲੰਬੀਆਂ ਕਤਾਰਾਂ ’ਚ ਖੜੇ ਖਪਤਕਾਰਾਂ ਨੂੰ ਨਿਯੰਤਰਨ ਕਰਨ ਲਈ ਏਜੰਸੀ ਪ੍ਰਬੰਧਕਾਂ ਅਤੇ ਕਰਮਚਾਰੀਆਂ ਨੂੰ ਸਮੁੱਚਾ ਦਿਨ ਭਾਰੀ ਮਸ਼ੱਕਤ ਕਰਨੀ ਪਈ। ਜਦਕਿ ਸ਼ਹਿਰ ’ਚ ਸਥਿਤ ਦੂਸਰੀ ਇਕ ਹੋਰ ਜੈ ਹਿੰਦ ਗੈਸ ਏਜੰਸੀ ਨੂੰ ਕੰਪਨੀ ਦੀ ਤਰਫੋਂ ਅੱਜ ਤੀਸਰੇ ਦਿਨ ਵੀ ਸਿਲੰਡਰ ਹਾਸਲ ਨਾ ਹੋਣ ਕਾਰਨ ਉਕਤ ਗੈਸ ਏਜੰਸੀ ਨਾਲ ਜੁੜੇ ਖਪਤਕਾਰਾਂ ਨੂੰ ਨਿਰਾਸ਼ ਵਾਪਸ ਪਰਤਣਾ ਪਿਆ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਦਾ ਸਮੁੱਚਾ ਦਿਨ ਸਰਵਰ ਨਾ ਚੱਲਣ ਕਾਰਨ ਖਪਤਕਾਰਾਂ ਨੂੰ ਦੋ ਦਿਨ ਪਹਿਲਾਂ ਮੰਗਲਵਾਰ ਨੂੰ ਬੁੱਕ ਕਰਵਾਏ ਗਏ ਸਿਲੰਡਰ ਹਾਸਲ ਨਾ ਹੋਣ ’ਤੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਮਗਰ ਅੱਜ ਕੰਪਨੀ ਦਾ ਸਰਵਰ ਬਹਾਲ ਹੋਣ ’ਤੇ ਸ਼ਹੀਦ ਗੋਪਾਲ ਏਜੰਸੀ ਨੂਰਪੁਰਬੇਦੀ ਵੱਲੋਂ ਖਪਤਕਾਰਾਂ ਨੂੰ ਪਹਿਲਾਂ ਤੋਂ ਬੁੱਕ ਕੀਤੇ ਗਏ ਅਤੇ ਅੱਜ ਹੋਈ ਨਵੀਂ ਬੁਕਿੰਗ ਅਨੁਸਾਰ ਸਿਲੰਡਰਾਂ ਦੀ ਡਿਲੀਵਰੀ ਦੇਣੀ ਸ਼ੁਰੂ ਕਰ ਦਿੱਤੀ ਗਈ। ਦੂਸਰੀ ਤਰਫ ਇਸ ਦੌਰਾਨ ਅੱਜ ਜਿਉਂ ਹੀ ਖਪਤਕਾਰਾਂ ਨੂੰ ਗੈਸ ਉਪਲਬਧ ਹੋਣ ਦੀ ਸੂਚਨਾ ਮਿਲੀ ਤਾਂ ਉਕਤ ਏਜੰਸੀ ਮੂਹਰੇ ਖਪਤਕਾਰਾਂ ਦੀਆਂ ਗੈਸ ਸਿਲੰਡਰ ਹਾਸਲ ਕਰਨ ਲਈ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਸਬੰਧੀ ਗੱਲ ਕਰਨ ’ਤੇ ਸ਼ਹੀਦ ਗੋਪਾਲ ਏਜੰਸੀ ਦੇ ਮੈਨੇਜਰ ਜਗਤਾਰ ਸਿੰਘ ਨੇ ਆਖਿਆ ਕਿ ਹੁਣ ਤੱਕ ਜਿੰਨੇ ਵੀ ਸਿਲੰਡਰ ਬੁੱਕ ਕੀਤੇ ਗਏ ਹਨ ਜਾਂ ਅੱਜ ਨਵੇਂ ਸਿਲੰਡਰ ਬੁੱਕ ਕੀਤੇ ਜਾਣਗੇ ਨੂੰ ਲੈ ਕੇ ਖਪਤਕਾਰਾਂ ਨੂੰ ਨਿਰਵਿਘਨ ਗੈਸ ਸਿਲੰਡਰਾਂ ਦੀ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਇਸ ਸਮੇਂ ਏਜੰਸੀ ਕੋਲ ਕਰੀਬ 1500 ਤੋਂ ਵੱਧ ਗੈਸ ਸਿਲੰਡਰ ਮੌਜੂਦ ਹਨ। ਜ਼ਿਕਰਯੋਗ ਹੈ ਕਿ ਸ਼ਹਿਰ ’ਚ ਦੋ ਗੈਸ ਏਜੰਸੀਆਂ ਸਥਿਤ ਹਨ ਅਤੇ ਜੈ ਹਿੰਦ ਗੈਸ ਏਜੰਸੀ ਵਿਖੇ ਅੱਜ ਤੀਸਰੇ ਦਿਨ ਵੀ ਗੈਸ ਸਿਲੰਡਰਾਂ ਦੀ ਕੰਪਨੀ ਦੀ ਤਰਫੋਂ ਸਪਲਾਈ ਨਹੀਂ ਪਹੁੰਚੀ। ਜਿਸ ਕਰਕੇ ਉਕਤ ਗੈਸ ਏਜੰਸੀ ਨਾਲ ਜੁੜੇ ਖਪਤਕਾਰਾਂ ਨੂੰ ਸਿਲੰਡਰ ਹਾਸਿਲ ਨਾ ਹੋਣ ’ਤੇ ਭਾਰੀ ਦਿੱਕਤ ਪੇਸ਼ ਆਈ। ਖਪਤਕਾਰਾਂ ਨੇ ਆਖਿਆ ਕਿ ਪ੍ਰਸ਼ਾਸਨ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਘਰੇਲੂ ਉਪਯੋਗ ਲਈ ਸਮੇਂ ਸਿਰ ਗੈਸ ਸਪਲਾਈ ਉਪਲਬਧ ਹੋ ਸਕੇ। ਕੰਪਨੀ ਵੱਲੋਂ ਵਪਾਰਿਕ ਸਿਲੰਡਰਾਂ ਦੀ ਗੈਸ ਸਪਲਾਈ ਨਾ ਭੇਜੇ ਜਾਣ ਕਾਰਨ ਹੋਟਲ ’ਤੇ ਢਾਬਿਆਂ ਵਰਗੇ ਵਪਾਰਕ ਸੰਸਥਾਵਾਂ ਦੇ ਕਾਰੋਬਾਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹੀਦ ਗੋਪਾਲ ਏਜੰਸੀ ਨੂਰਪੁਰਬੇਦੀ ਦੇ ਮੈਨੇਜਰ ਜਗਤਾਰ ਸਿੰਘ ਨੇ ਆਖਿਆ ਕਿ ਕੰਪਨੀ ਵੱਲੋਂ ਬੀਤੇ ਇੱਕ ਹਫਤੇ ਤੋਂ ਇਹ ਕਹਿ ਕੇ ਵਪਾਰਿਕ ਗੈਸ ਸਿਲੰਡਰਾਂ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਕਿ ਸਭ ਤੋਂ ਪਹਿਲਾਂ ਘਰੇਲੂ ਗੈਸ ਸਪਲਾਈ ਨੂੰ ਤਵੱਜੋ ਦਿੱਤੀ ਜਾਵੇਗੀ।