ਚੌਥੇ ਦਿਨ ਜੈ ਹਿੰਦ ਗੈਸ ਏਜੰਸੀ ਵਿਖੇ ਪਹੁੰਚੀ ਰਸੋਈ ਗੈਸ
ਖਪਤਕਾਰਾਂ ਨੂੰ ਮਿਲੀ ਵੱਡੀ ਰਾਹਤ: ਚੌਥੇ ਦਿਨ ਜੈ ਹਿੰਦ ਗੈਸ ਏਜੰਸੀ ਵਿਖੇ ਪਹੁੰਚੀ ਰਸੋਈ ਗੈਸ
Publish Date: Fri, 13 Mar 2026 06:31 PM (IST)
Updated Date: Fri, 13 Mar 2026 06:33 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਖੇਤਰ ਦੇ ਘਰੇਲੂ ਗੈਸ ਉਪਭੋਗਤਾਵਾਂ ਲਈ ਅੱਜ ਉਸ ਵੇਲੇ ਵੱਡੀ ਰਾਹਤ ਵਾਲੀ ਸਥਿਤੀ ਬਣੀ ਜਦੋਂ ਨੂਰਪੁਰ ਬੇਦੀ ਸਥਿਤ ਜੈ ਹਿੰਦ ਗੈਸ ਏਜੰਸੀ ਨੂੰ ਚੌਥੇ ਦਿਨ ਕੰਪਨੀ ਵੱਲੋਂ ਰਸੋਈ ਗੈਸ ਦੇ ਸਿਲੰਡਰ ਪ੍ਰਾਪਤ ਹੋਏ। ਪਿਛਲੇ ਤਿੰਨ ਦਿਨਾਂ ਤੋਂ ਸਪਲਾਈ ਬੰਦ ਰਹਿਣ ਕਾਰਨ ਹਜ਼ਾਰਾਂ ਖਪਤਕਾਰ ਘਰੇਲੂ ਗੈਸ ਤੋਂ ਵਾਂਝੇ ਰਹਿ ਗਏ ਸਨ ਅਤੇ ਲੋਕਾਂ ਨੂੰ ਕਾਫ਼ੀ ਦਿਕ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਪਲਾਈ ਮੁੜ ਸ਼ੁਰੂ ਹੋਣ ਨਾਲ ਖਪਤਕਾਰਾਂ ਨੇ ਕੁਝ ਹੱਦ ਤੱਕ ਸੁੱਖ ਦਾ ਸਾਹ ਲਿਆ। ਜਾਣਕਾਰੀ ਅਨੁਸਾਰ ਕੰਪਨੀ ਵੱਲੋਂ ਸਮੇਂ ਸਿਰ ਸਪਲਾਈ ਨਾ ਮਿਲਣ ਕਾਰਨ ਜੈ ਹਿੰਦ ਗੈਸ ਏਜੰਸੀ ਵਿਚ ਲਗਾਤਾਰ ਤਿੰਨ ਦਿਨ ਤੱਕ ਸਿਲੰਡਰਾਂ ਦੀ ਵੰਡ ਨਹੀਂ ਹੋ ਸਕੀ ਸੀ। ਇਸ ਕਾਰਨ ਕਈ ਖਪਤਕਾਰਾਂ ਦੀ ਬੁਕਿੰਗ ਹੋਣ ਦੇ ਬਾਵਜੂਦ ਉਹਨਾਂ ਨੂੰ ਸਿਲੰਡਰ ਨਹੀਂ ਮਿਲ ਸਕੇ ਸਨ। ਅੱਜ ਸਪਲਾਈ ਆਉਣ ਨਾਲ ਏਜੰਸੀ ਵੱਲੋਂ ਤੁਰੰਤ ਬੁਕਿੰਗ ਦੇ ਅਧਾਰ ‘ਤੇ ਗੈਸ ਸਿਲੰਡਰਾਂ ਦੀ ਵੰਡ ਸ਼ੁਰੂ ਕਰ ਦਿੱਤੀ ਗਈ। ਇਸ ਸਬੰਧੀ ਜੈ ਹਿੰਦ ਗੈਸ ਏਜੰਸੀ ਦੀ ਮੈਨੇਜਰ ਮੈਡਮ ਰੀਟਾ ਨੇ ਦੱਸਿਆ ਕਿ ਅੱਜ ਕੰਪਨੀ ਵੱਲੋਂ ਲਗਭਗ 360 ਗੈਸ ਸਿਲੰਡਰ ਪ੍ਰਾਪਤ ਹੋਏ ਹਨ। ਉਹਨਾਂ ਕਿਹਾ ਕਿ ਬੁਕਿੰਗ ਦੇ ਕ੍ਰਮ ਅਨੁਸਾਰ ਖਪਤਕਾਰਾਂ ਨੂੰ ਸਿਲੰਡਰਾਂ ਦੀ ਡਿਲੀਵਰੀ ਦਿੱਤੀ ਜਾ ਰਹੀ ਹੈ ਅਤੇ ਅੱਜ ਕਰੀਬ 300 ਖਪਤਕਾਰਾਂ ਨੂੰ ਗੈਸ ਸਪਲਾਈ ਉਪਲਬਧ ਕਰਵਾਈ ਗਈ ਹੈ। ਉਹਨਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿਚ ਜਿਵੇਂ ਹੀ ਹੋਰ ਸਪਲਾਈ ਪ੍ਰਾਪਤ ਹੋਵੇਗੀ, ਬਾਕੀ ਰਹਿੰਦੇ ਖਪਤਕਾਰਾਂ ਨੂੰ ਵੀ ਜਲਦੀ ਸਿਲੰਡਰ ਮੁਹੱਈਆ ਕਰਵਾ ਦਿੱਤੇ ਜਾਣਗੇ। ਇਸੇ ਤਰ੍ਹਾਂ ਖੇਤਰ ਦੀ ਦੂਜੀ ਸ਼ਹੀਦ ਗੋਪਾਲ ਗੈਸ ਏਜੰਸੀ ਵੱਲੋਂ ਵੀ ਅੱਜ ਸਪਲਾਈ ਨੂੰ ਬਹਾਲ ਕਰਦੇ ਹੋਏ ਦਫ਼ਤਰ ਵਿਚ ਸਿਲੰਡਰ ਵੰਡਣ ਦੇ ਨਾਲ-ਨਾਲ ਪਿੰਡਾਂ ਵਿਚ ਗੈਸ ਸਪਲਾਈ ਪਹੁੰਚਾਉਣ ਲਈ ਵੱਖ-ਵੱਖ ਵਾਹਨ ਰਵਾਨਾ ਕੀਤੇ ਗਏ। ਏਜੰਸੀ ਦੇ ਮੈਨੇਜਰ ਜਗਤਾਰ ਸਿੰਘ ਨੇ ਦੱਸਿਆ ਕਿ ਨੂਰਪੁਰ ਬੇਦੀ ਸਥਿਤ ਦਫ਼ਤਰ ਵਿਚ ਅੱਜ ਕਰੀਬ 300 ਖਪਤਕਾਰਾਂ ਨੂੰ ਗੈਸ ਸਿਲੰਡਰ ਪ੍ਰਦਾਨ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਖਪਤਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਏਜੰਸੀ ਵੱਲੋਂ ਪੰਜ ਵਾਹਨ ਵੱਖ-ਵੱਖ ਪਿੰਡਾਂ ਲਈ ਸਿਲੰਡਰ ਲੈ ਕੇ ਰਵਾਨਾ ਕੀਤੇ ਗਏ, ਜਿਨ੍ਹਾਂ ਰਾਹੀਂ ਕਰੀਬ 400 ਤੋਂ ਵੱਧ ਖਪਤਕਾਰਾਂ ਤੱਕ ਘਰੇਲੂ ਗੈਸ ਸਪਲਾਈ ਪਹੁੰਚਾਈ ਗਈ। ਇਸ ਤਰ੍ਹਾਂ ਦੋਵੇਂ ਏਜੰਸੀਆਂ ਵੱਲੋਂ ਸਪਲਾਈ ਨੂੰ ਦੁਬਾਰਾ ਲਗਾਤਾਰ ਬਣਾਉਣ ਦੇ ਯਤਨਾਂ ਨਾਲ ਖੇਤਰ ਵਿਚ ਘਰੇਲੂ ਗੈਸ ਦੀ ਵੰਡ ਹੌਲੀ-ਹੌਲੀ ਮੁੜ ਪਟੜੀ ‘ਤੇ ਆਉਣ ਲੱਗੀ ਹੈ। ਸਪਲਾਈ ਦੀ ਸਥਿਤੀ ਸੁਧਰਨ ਨਾਲ ਖਪਤਕਾਰਾਂ ਨੇ ਵੀ ਕੁਝ ਰਾਹਤ ਮਹਿਸੂਸ ਕੀਤੀ ਅਤੇ ਉਮੀਦ ਜਤਾਈ ਕਿ ਆਉਣ ਵਾਲੇ ਦਿਨਾਂ ਵਿੱਚ ਗੈਸ ਸਿਲੰਡਰਾਂ ਦੀ ਸਪਲਾਈ ਪੂਰੀ ਤਰ੍ਹਾਂ ਸਧਾਰਨ ਹੋ ਜਾਵੇਗੀ। ਬਾਕਸ ਇੰਨ - ਵਪਾਰਿਕ ਅਦਾਰੇ ਸਿਲੰਡਰ ਨਾ ਮਿਲਣ ਕਾਰਨ ਨਿਰਾਸ਼ਾ ਨੂਰਪੁਰ ਬੇਦੀ ਖੇਤਰ ਵਿਚ ਘਰੇਲੂ ਗੈਸ ਸਪਲਾਈ ਹੌਲੀ-ਹੌਲੀ ਮੁੜ ਪਟੜੀ ‘ਤੇ ਆਉਣ ਲੱਗੀ ਹੈ, ਪਰ ਇਸ ਦੌਰਾਨ ਕਈ ਵਪਾਰਿਕ ਅਦਾਰਿਆਂ ਨੂੰ ਅਜੇ ਵੀ ਗੈਸ ਸਿਲੰਡਰ ਨਾ ਮਿਲਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਹੋਟਲਾਂ, ਢਾਬਿਆਂ, ਰੈਸਟੋਰੈਂਟਾਂ ਅਤੇ ਮਿਠਾਈਆਂ ਦੀਆਂ ਦੁਕਾਨਾਂ ਨਾਲ ਜੁੜੇ ਕਾਰੋਬਾਰੀਆਂ ਨੇ ਦੱਸਿਆ ਕਿ ਵਪਾਰਿਕ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਉਹਨਾਂ ਦੇ ਰੋਜ਼ਾਨਾ ਦੇ ਕੰਮਕਾਰ ‘ਤੇ ਸਿੱਧਾ ਅਸਰ ਪਿਆ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਵਪਾਰਿਕ ਗੈਸ ਸਿਲੰਡਰ ਨਾ ਮਿਲਣ ਕਰਕੇ ਉਹਨਾਂ ਨੂੰ ਕੰਮ ਚਲਾਉਣ ਲਈ ਕਾਫ਼ੀ ਦਿੱਕਤਾਂ ਆ ਰਹੀਆਂ ਹਨ ਅਤੇ ਕਈ ਥਾਵਾਂ ‘ਤੇ ਵਿਕਲਪਿਕ ਪ੍ਰਬੰਧ ਕਰਨੇ ਪਏ ਹਨ। ਉਹਨਾਂ ਨੇ ਉਮੀਦ ਜਤਾਈ ਕਿ ਕੰਪਨੀ ਵੱਲੋਂ ਜਲਦ ਹੀ ਵਪਾਰਿਕ ਗੈਸ ਸਿਲੰਡਰਾਂ ਦੀ ਸਪਲਾਈ ਵੀ ਨਿਯਮਿਤ ਕੀਤੀ ਜਾਵੇਗੀ ਤਾਂ ਜੋ ਕਾਰੋਬਾਰ ਮੁੜ ਸਧਾਰਨ ਢੰਗ ਨਾਲ ਚੱਲ ਸਕੇ। ਬਾਕਸ ਇੰਨ - ਕੇਵਾਈਸੀ ਤੇ ਬੁਕਿੰਗ ਵਾਲਿਆਂ ਨੂੰ ਹੀ ਮਿਲ ਰਹੇ ਸਿਲੰਡਰ ਗੈਸ ਏਜੰਸੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਸਮੇਂ ਸਿਰਫ਼ ਉਹਨਾਂ ਹੀ ਉਪਭੋਗਤਾਵਾਂ ਨੂੰ ਗੈਸ ਸਿਲੰਡਰ ਦਿੱਤੇ ਜਾ ਰਹੇ ਹਨ ਜਿਨ੍ਹਾਂ ਦੀ ਕੇਵਾਈਸੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਜਿਨ੍ਹਾਂ ਨੇ ਪਹਿਲਾਂ ਤੋਂ ਬੁਕਿੰਗ ਕਰਵਾਈ ਹੋਈ ਹੈ। ਇਸ ਕਾਰਨ ਕਈ ਅਜਿਹੇ ਉਪਭੋਗਤਾ ਜੋ ਕੇਵਾਈਸੀ ਨਹੀਂ ਕਰਵਾ ਸਕੇ ਜਾਂ ਬੁਕਿੰਗ ਨਹੀਂ ਕਰਵਾ ਸਕੇ, ਉਹਨਾਂ ਨੂੰ ਸਿਲੰਡਰ ਨਾ ਮਿਲਣ ਕਰਕੇ ਖਾਲੀ ਹੱਥ ਵਾਪਸ ਮੁੜਣਾ ਪੈ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਖੇਤਰ ਵਿੱਚ ਅਜੇ ਵੀ ਹਜ਼ਾਰਾਂ ਉਪਭੋਗਤਾ ਅਜਿਹੇ ਹਨ ਜਿਨ੍ਹਾਂ ਦੀ ਕੇਵਾਈਸੀ ਪ੍ਰਕਿਰਿਆ ਪੂਰੀ ਨਹੀਂ ਹੋਈ। ਗੈਸ ਏਜੰਸੀ ਦੇ ਮਾਲਕਾਂ ਅਤੇ ਪ੍ਰਬੰਧਕਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਲਦ ਤੋਂ ਜਲਦ ਗੈਸ ਏਜੰਸੀ ਦੇ ਦਫ਼ਤਰ ਵਿਚ ਆ ਕੇ ਆਪਣੀ ਕੇਵਾਈਸੀ ਪ੍ਰਕਿਰਿਆ ਪੂਰੀ ਕਰਵਾਉਣ ਅਤੇ ਬੁਕਿੰਗ ਕਰਵਾਉਣ, ਤਾਂ ਜੋ ਉਹਨਾਂ ਨੂੰ ਭਵਿੱਖ ਵਿਚ ਗੈਸ ਸਿਲੰਡਰ ਪ੍ਰਾਪਤ ਕਰਨ ਵਿਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।