- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੜਕਦੀ ਧੁੱਪ ਦੇ ਬਾਵਜੂਦ

ਕੜਕਦੀ ਧੁੱਪ ਦੇ ਬਾਵਜੂਦ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਬਣਿਆ ਚਰਚਾ ਦਾ ਵਿਸ਼ਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਜੱਦੀ ਪਿੰਡ ਬੜਵਾ ਵਿਖੇ ਆਯੋਜਿਤ ਲੋਕ ਮਿਲਣੀ ਸਮਾਗਮ ਦੌਰਾਨ ਪੰਜਾਬ ਸਰਕਾਰ ਦੀਆਂ ਵੱਖ-ਵੱਖ ਪ੍ਰਾਪਤੀਆਂ ਲੋਕਾਂ ਸਾਹਮਣੇ ਰੱਖਦਿਆਂ ਕਿਹਾ ਕਿ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹੁਣ ਤੱਕ 67,037 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਵੀ ਸਰਕਾਰ ਨੇ ਅਹਿਮ ਮੀਲ ਪੱਥਰ ਸਥਾਪਿਤ ਕੀਤੇ ਹਨ। ਪੰਜਾਬ ਭਰ ਵਿੱਚ ਇੱਕ ਹਜ਼ਾਰ ਤੋਂ ਵੱਧ ਮੁਹੱਲਾ ਕਲੀਨਿਕ ਸਥਾਪਿਤ ਕੀਤੇ ਗਏ ਹਨ, ਜਿੱਥੇ ਲੋਕਾਂ ਨੂੰ ਮੁਫ਼ਤ ਦਵਾਈਆਂ, ਟੈਸਟਾਂ ਅਤੇ ਇਲਾਜ ਦੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਲਗਭਗ ਸਾਰੀਆਂ ਗਾਰੰਟੀਆਂ ਨੂੰ ਅਮਲੀ ਰੂਪ ਦੇ ਦਿੱਤਾ ਹੈ ਅਤੇ ਬਾਕੀ ਰਹਿੰਦੀ ਮਹੱਤਵਪੂਰਨ ਗਾਰੰਟੀ ਵੀ ਹੁਣ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ 1 ਜੁਲਾਈ ਤੋਂ “ਮਾਵਾਂ-ਧੀਆਂ ਸਤਿਕਾਰ ਯੋਜਨਾ” ਤਹਿਤ ਹਰ ਯੋਗ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ ਦਲਿਤ ਪਰਿਵਾਰਾਂ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਇਸ ਤੋਂ ਇਲਾਵਾ ਘਰੇਲੂ ਖਪਤਕਾਰਾਂ ਅਤੇ ਕਿਸਾਨਾਂ ਲਈ ਮੁਫ਼ਤ ਬਿਜਲੀ ਦੀ ਸਹੂਲਤ ਜਾਰੀ ਹੈ। ਨਹਿਰੀ ਪਾਣੀ ਦੀ ਸਪਲਾਈ ਵਿੱਚ ਸੁਧਾਰ ਲਈ ਕੀਤੇ ਉਪਰਾਲਿਆਂ ਕਾਰਨ ਕਿਸਾਨਾਂ ਨੂੰ ਵੱਡਾ ਲਾਭ ਹੋਇਆ ਹੈ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਦਰਜ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਦੀ ਸਥਾਪਨਾ ਤੋਂ ਬਾਅਦ ਸੂਬੇ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਕਰੀਬ 50 ਫੀਸਦੀ ਕਮੀ ਆਈ ਹੈ, ਜੋ ਸਰਕਾਰ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਲੰਬੇ ਸਮੇਂ ਤੱਕ ਪੰਜਾਬ ’ਤੇ ਰਾਜ ਕੀਤਾ, ਪਰ ਹੁਣ ਲੋਕ ਨਵੀਂ ਸੋਚ ਅਤੇ ਨਵੇਂ ਵਿਕਾਸ ਮਾਡਲ ਨੂੰ ਤਰਜੀਹ ਦੇ ਰਹੇ ਹਨ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਦੀ ਮੰਗ ’ਤੇ ਮੁੱਖ ਮੰਤਰੀ ਨੇ ਪਿੰਡ ਬੜਵਾ ਵਿੱਚ ਨਵਾਂ ਮੁਹੱਲਾ ਕਲੀਨਿਕ ਖੋਲ੍ਹਣ ਦਾ ਐਲਾਨ ਕੀਤਾ ਅਤੇ ਗ੍ਰਾਮ ਪੰਚਾਇਤ ਬੜਵਾ ਨੂੰ ਵਿਕਾਸ ਕਾਰਜਾਂ ਲਈ 50 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਵੀ ਭੇਟ ਕੀਤਾ। ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਪੂਲਰ ਅਤੇ ਮੱਕੀ ਦੀ ਫਸਲ ਦੀ ਖਰੀਦ ਲਈ ਸੂਬੇ ਵਿੱਚ ਢੁੱਕਵੇਂ ਮੰਡੀਕਰਨ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਵਾਜਬ ਮੁੱਲ ਮਿਲ ਸਕੇ।ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਇਹ ਪ੍ਰੋਗਰਾਮ ਇੱਕ ਸਧਾਰਨ ਸੱਥ ਦੇ ਰੂਪ ਵਿੱਚ ਕਰਵਾਇਆ ਗਿਆ ਸੀ। ਨਾ ਤਾਂ ਕੋਈ ਵਿਸ਼ਾਲ ਸ਼ਾਮਿਆਨਾ ਲਗਾਇਆ ਗਿਆ ਅਤੇ ਨਾ ਹੀ ਚਾਨਣੀਆਂ ਜਾਂ ਹੋਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਦੇ ਬਾਵਜੂਦ ਕੜਕਦੀ ਧੁੱਪ ਅਤੇ ਅੱਤ ਦੀ ਗਰਮੀ ਵਿੱਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਲੋਕ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਸੰਤੁਸ਼ਟ ਹਨ ਅਤੇ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਕਾਰਗੁਜ਼ਾਰੀ ਵੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੀ ਹੈ।ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਇਹ ਪ੍ਰੋਗਰਾਮ ਇੱਕ ਸਧਾਰਨ ਸੱਥ ਦੇ ਰੂਪ ਵਿੱਚ ਕਰਵਾਇਆ ਗਿਆ ਸੀ। ਨਾ ਤਾਂ ਕੋਈ ਵਿਸ਼ਾਲ ਸ਼ਾਮਿਆਨਾ ਲਗਾਇਆ ਗਿਆ ਅਤੇ ਨਾ ਹੀ ਚਾਨਣੀਆਂ ਜਾਂ ਹੋਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਦੇ ਬਾਵਜੂਦ ਕੜਕਦੀ ਧੁੱਪ ਅਤੇ ਅੱਤ ਦੀ ਗਰਮੀ ਵਿੱਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਲੋਕ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਸੰਤੁਸ਼ਟ ਹਨ ਅਤੇ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਕਾਰਗੁਜ਼ਾਰੀ ਵੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੀ ਹੈ
ਬਾਕਸ ਇੰਨ:
ਦੋ ਮੁੱਖ ਮੰਤਰੀਆਂ ਦੀ ਆਮਦ ਦਾ ਗਵਾਹ ਬਣਿਆ ਪਿੰਡ ਬੜਵਾ
: ਲਗਭਗ 2000 ਦੀ ਆਬਾਦੀ ਅਤੇ 266 ਕਨਾਲ ਰਕਬੇ ਵਿੱਚ ਵਸਿਆ ਬੜਵਾ ਪਿੰਡ ਰਾਜਨੀਤਿਕ ਪੱਖੋਂ ਆਪਣੀ ਵਿਲੱਖਣ ਪਹਿਚਾਣ ਰੱਖਦਾ ਹੈ। ਸਮੇਂ-ਸਮੇਂ ’ਤੇ ਇਸ ਪਿੰਡ ਨੇ ਅਜਿਹੇ ਮੌਕੇ ਵੇਖੇ ਹਨ, ਜਿਨ੍ਹਾਂ ਨੇ ਇਸ ਨੂੰ ਇਲਾਕੇ ਦੇ ਪ੍ਰਮੁੱਖ ਸਿਆਸੀ ਪਿੰਡਾਂ ਦੀ ਕਤਾਰ ਵਿੱਚ ਖੜ੍ਹਾ ਕੀਤਾ ਹੈ। ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਬੜਵਾ ਪਿੰਡ ਦੀ ਧਰਤੀ ਨੂੰ ਇਹ ਮਾਣ ਵੀ ਹਾਸਲ ਹੈ ਕਿ ਹੁਣ ਤੱਕ ਪੰਜਾਬ ਦੇ ਦੋ ਮੁੱਖ ਮੰਤਰੀ ਇੱਥੇ ਆ ਚੁੱਕੇ ਹਨ। ਸਾਬਕਾ ਮੁੱਖ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਵੀ ਆਪਣੇ ਕਾਰਜਕਾਲ ਦੌਰਾਨ ਇਸ ਪਿੰਡ ਵਿੱਚ ਫੇਰੀ ਪਾ ਚੁੱਕੇ ਹਨ। ਭਾਵੇਂ ਕਿ ਉਨ੍ਹਾਂ ਦੀਆਂ ਇਹ ਆਮਦ ਥੋੜ੍ਹੇ ਸਮੇਂ ਲਈ ਰਹੀ ਸੀ। ਪਰ ਪਿੰਡ ਵਾਸੀਆਂ ਲਈ ਉਹ ਪਲ ਵੀ ਮਾਣ ਵਾਲੇ ਬਣੇ ਰਹੇ। ਹੁਣ ਇਸ ਕੜੀ ਵਿੱਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਸੱਦੇ ’ਤੇ ਬੜਵਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਫੇਰੀ ਕਈ ਮਾਇਨਿਆਂ ਵਿੱਚ ਵਿਸ਼ੇਸ਼ ਮੰਨੀ ਜਾ ਰਹੀ ਹੈ। ਜਿੱਥੇ ਪਹਿਲਾਂ ਦੇ ਮੁੱਖ ਮੰਤਰੀਆਂ ਦੀਆਂ ਆਮਦਾਂ ਸੰਖੇਪ ਦੌਰਿਆਂ ਤੱਕ ਸੀਮਿਤ ਰਹੀਆਂ, ਉੱਥੇ ਅੱਜ ਦਾ ਵਿਸ਼ਾਲ ਸਮਾਗਮ ਬੜਵਾ ਪਿੰਡ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਅਤੇ ਯਾਦਗਾਰੀ ਅਧਿਆਇ ਵਜੋਂ ਦਰਜ ਹੋ ਗਿਆ ਹੈ। ਇਸ ਸਮਾਗਮ ਨੇ ਨਾ ਸਿਰਫ਼ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਸਿਆਸੀ ਕੱਦ ਨੂੰ ਹੋਰ ਮਜ਼ਬੂਤੀ ਦਿੱਤੀ ਹੈ, ਸਗੋਂ ਬੜਵਾ ਪਿੰਡ ਦੇ ਨਾਮ ਨੂੰ ਵੀ ਪੰਜਾਬ ਦੀ ਸਿਆਸੀ ਫ਼ਿਜ਼ਾ ਵਿੱਚ ਨਵੀਂ ਪਹਿਚਾਣ ਦਿਵਾਈ ਹੈ। ਤਿੰਨ ਮੁੱਖ ਮੰਤਰੀਆਂ ਦੀ ਆਮਦ ਦਾ ਗਵਾਹ ਬਣਿਆ ਬੜਵਾ ਪਿੰਡ ਅੱਜ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਹੈ।
ਬਾਕਸ ਇੰਨ:
ਚੱਢਾ ਹਮੇਸ਼ਾ ਲੋਕ ਮਸਲੇ ਲੈ ਕੇ ਆਇਆ, ਨਿੱਜੀ ਕੰਮ ਨਹੀਂ : ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਵਿਧਾਨ ਸਭਾ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੇ ਮਸਲਿਆਂ ਨੂੰ ਤਰਜੀਹ ਦਿੰਦੇ ਹਨ। ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬੀਤੀਆਂ ਸਰਕਾਰਾਂ ਦੇ ਸਮੇਂ ਕਈ ਵਿਧਾਇਕ ਅਤੇ ਮੰਤਰੀ ਆਪਣੇ ਨਿੱਜੀ ਕੰਮਾਂ ਸਬੰਧੀ ਮੁੱਖ ਮੰਤਰੀ ਕੋਲ ਆਉਂਦੇ ਸਨ, ਪਰ ਐਡਵੋਕੇਟ ਦਿਨੇਸ਼ ਚੱਢਾ ਜਦੋਂ ਵੀ ਉਨ੍ਹਾਂ ਨੂੰ ਮਿਲਣ ਆਏ, ਉਹ ਆਪਣੇ ਲਈ ਨਹੀਂ ਸਗੋਂ ਹਲਕੇ ਦੇ ਲੋਕਾਂ ਦੇ ਮਸਲੇ ਲੈ ਕੇ ਆਏ।
ਉਨ੍ਹਾਂ ਕਿਹਾ ਕਿ ਚੱਢਾ ਨੇ ਹਮੇਸ਼ਾ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ, ਸੜਕਾਂ ਦੀ ਹਾਲਤ, ਸਿਹਤ ਸੇਵਾਵਾਂ ਦੇ ਵਿਸਥਾਰ ਅਤੇ ਹੋਰ ਲੋਕ ਭਲਾਈ ਨਾਲ ਜੁੜੇ ਮੁੱਦਿਆਂ ਨੂੰ ਹੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀਆਂ ਲੋੜਾਂ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦੇਣਾ ਹੀ ਇੱਕ ਜਨ ਪ੍ਰਤੀਨਿਧੀ ਦੀ ਅਸਲ ਜ਼ਿੰਮੇਵਾਰੀ ਹੁੰਦੀ ਹੈ ਅਤੇ ਐਡਵੋਕੇਟ ਦਿਨੇਸ਼ ਚੱਢਾ ਇਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾ ਰਹੇ ਹਨ। ਮੁੱਖ ਮੰਤਰੀ ਦੇ ਇਸ ਬਿਆਨ ਨੂੰ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਵੱਲੋਂ ਭਰਵਾਂ ਸਮਰਥਨ ਮਿਲਿਆ ਅਤੇ ਉਨ੍ਹਾਂ ਨੇ ਤਾੜੀਆਂ ਦੀ ਗੂੰਜ ਨਾਲ ਇਸ ਦਾ ਸਵਾਗਤ ਕੀਤਾ।