ਸ਼ਰਧਾਲੂਆਂ ਦੀ ਸਹੂਲਤ ਲਈ ਕੰਟਰੋਲ ਰੂਮ ਹੋਣਗੇ ਸਥਾਪਿਤ
ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਸਿਵਲ ਅਤੇ ਪੁਲਿਸ ਕੰਟਰੋਲ ਰੂਮ ਹੋਣਗੇ ਸਥਾਪਿਤ
Publish Date: Mon, 23 Feb 2026 03:53 PM (IST)
Updated Date: Mon, 23 Feb 2026 03:55 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਹੋਲਾ ਮਹੱਲਾ ਦੇ ਪਾਵਨ ਅਵਸਰ ਦੌਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਅਤੇ ਸਥਾਨਕ ਵਸਨੀਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਸਿਵਲ ਅਤੇ ਪੁਲਿਸ ਕੰਟਰੋਲ ਰੂਮ ਸਥਾਪਿਤ ਕੀਤੇ ਜਾ ਰਹੇ ਹਨ। ਜਸ਼ਨਦੀਪ ਸਿੰਘ ਡੀਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੰਟਰੋਲ ਰੂਮ 24 ਘੰਟੇ ਅਤੇ ਸੱਤੋਂ ਦਿਨ ਕਾਰਜਸ਼ੀਲ ਰਹਿਣਗੇ ਤਾਂ ਜੋ ਸੰਗਤਾਂ ਦੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪੁਲਿਸ ਥਾਣਾ ਕੀਰਤਪੁਰ ਸਾਹਿਬ ਵਿਖੇ ਸਿਵਲ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਸਿਵਲ ਕੰਟਰੋਲ ਰੂਮ ਦਾ ਸੰਪਰਕ ਨੰਬਰ 01887 230350 ਹੈ। ਇਸ ਦੇ ਨਾਲ ਹੀ ਪੁਲਿਸ ਕੰਟਰੋਲ ਰੂਮ ਦੇ ਨੰਬਰ 01887 260127 ਅਤੇ 01887 260227 ਜਾਰੀ ਕੀਤੇ ਗਏ ਹਨ। ਇੱਥੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ 24 ਘੰਟੇ ਡਿਊਟੀ ’ਤੇ ਤੈਨਾਤ ਰਹਿਣਗੇ। ਡੀਐਸਪੀ ਨੇ ਕਿਹਾ ਕਿ ਇਹ ਕੰਟਰੋਲ ਰੂਮ 27 ਫਰਵਰੀ 2026 ਤੋਂ 5 ਮਾਰਚ 2026 ਤੱਕ ਲਗਾਤਾਰ ਕਾਰਜਸ਼ੀਲ ਰਹਿਣਗੇ। ਸ਼ਰਧਾਲੂ, ਸਥਾਨਕ ਨਿਵਾਸੀ ਅਤੇ ਲੰਗਰ ਕਮੇਟੀਆਂ ਆਪਣੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ। ਪ੍ਰਾਪਤ ਹੋਈਆਂ ਸ਼ਿਕਾਇਤਾਂ ਅਤੇ ਜਾਣਕਾਰੀਆਂ ਨੂੰ ਤੁਰੰਤ ਸਬੰਧਿਤ ਵਿਭਾਗਾਂ ਤੱਕ ਪਹੁੰਚਾ ਕੇ ਮੌਕੇ ’ਤੇ ਹੀ ਹੱਲ ਕਰਨ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਅਪੀਲ ਕੀਤੀ ਕਿ ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਜਾਂ ਜਾਣਕਾਰੀ ਲਈ ਲੋਕ ਕੰਟਰੋਲ ਰੂਮ ਨਾਲ ਸੰਪਰਕ ਕਰਨ ਤਾਂ ਜੋ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਅਤੇ ਮੇਲਾ ਸੁਚੱਜੇ ਢੰਗ ਨਾਲ ਸੰਪੰਨ ਹੋ ਸਕੇ।