ਦਰਬਾਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਚਬਰੇਵਾਲ ਤੋਂ ਦਰਬਾਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ
Publish Date: Thu, 09 Apr 2026 04:53 PM (IST)
Updated Date: Fri, 10 Apr 2026 04:06 AM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਪੰਜਾਬ ਸਰਕਾਰ ਦੀ ਲੋਕ-ਭਲਾਈਕਾਰੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਹਲਕਾ ਰੂਪਨਗਰ ਦੇ ਪਿੰਡ ਚਬਰੇਵਾਲ ਤੋਂ ਕਰੀਬ 80 ਸ਼ਰਧਾਲੂਆਂ ਦਾ ਜਥਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਇਹ ਯਾਤਰਾ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ ਦੀ ਅਗਵਾਈ ’ਚ ਆਯੋਜਿਤ ਕੀਤੀ ਗਈ। ਇਸ ਮੌਕੇ ਐਡਵੋਕੇਟ ਦੌਲਤ ਸਿੰਘ ਚਬਰੇਵਾਲ ਵੱਲੋਂ ਬੱਸ ਨੂੰ ਹਰੀ ਝੰਡੀ ਦਿਖਾ ਕੇ ਯਾਤਰਾ ਦੀ ਸ਼ੁਰੂਆਤ ਕਰਵਾਈ ਗਈ, ਜਦਕਿ ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸ ਰਾਜ ਸੈਣੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਰਵਾਨਗੀ ਦੌਰਾਨ ਪਿੰਡ ਵਿਚ ਖੁਸ਼ੀ ਤੇ ਧਾਰਮਿਕ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ ਤੇ ਸ਼ਰਧਾਲੂਆਂ ਨੇ ਇਸ ਉਪਰਾਲੇ ਲਈ ਸਰਕਾਰ ਦਾ ਧੰਨਵਾਦ ਕੀਤਾ। ਐਡਵੋਕੇਟ ਚਬਰੇਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਆਮ ਲੋਕਾਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹਰ ਵਰਗ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ, ਜੋ ਕਿ ਪਹਿਲਾਂ ਕਈਆਂ ਲਈ ਸੰਭਵ ਨਹੀਂ ਸੀ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਸੁੱਖਮਈ ਤੇ ਆਤਮਿਕ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸੇ ਤਰ੍ਹਾਂ ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸ ਰਾਜ ਸੈਣੀ ਨੇ ਕਿਹਾ ਕਿ ਤੀਰਥ ਯਾਤਰਾਵਾਂ ਸਿਰਫ ਧਾਰਮਿਕ ਆਸਥਾ ਦਾ ਪ੍ਰਗਟਾਵਾ ਨਹੀਂ ਹੁੰਦੀਆਂ, ਸਗੋਂ ਇਹ ਸਾਡੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜ ਨੂੰ ਵੀ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਯਾਤਰੀਆਂ ਲਈ ਆਵਾਜਾਈ, ਰਹਿਣ-ਸਹਿਣ ਤੇ ਖਾਣ-ਪੀਣ ਸਮੇਤ ਸਾਰੀਆਂ ਜ਼ਰੂਰੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਸ਼ਰਧਾਲੂ ਬਿਨ੍ਹਾਂ ਕਿਸੇ ਦਿਕਤ ਦੇ ਯਾਤਰਾ ਦਾ ਲਾਭ ਲੈ ਸਕਣ। ਉਨ੍ਹਾਂ ਆਸ ਜਤਾਈ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਲੋਕ ਇਸ ਸਕੀਮ ਦਾ ਲਾਭ ਲੈ ਕੇ ਆਪਣੀ ਆਤਮਿਕ ਯਾਤਰਾ ਨੂੰ ਸਫਲ ਬਣਾਉਣਗੇ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂ ਅਤੇ ਪਿੰਡ ਵਾਸੀ ਮੌਜੂਦ ਸਨ।