ਨਿਯਮਿਤ ਖੂਨਦਾਨ ਨਾਲ ਸਰੀਰ ਰਹਿੰਦਾ ਤੰਦਰੁਸਤ : ਸੰਤ ਗੁਲਜ਼ਾਰੀ ਰਾਮ
ਨੂਰਪੁਰਖ ਖੁਰਦ ਵਿਚ ਗੁਰੂ ਰਵਿਦਾਸ ਪੁਰਬ ਮੌਕੇ ਸਲਾਨਾ ਖੂਨਦਾਨ ਕੈਂਪ, 42 ਨੌਜਵਾਨਾਂ ਨੇ ਕੀਤਾ ਖੂਨਦਾਨ
Publish Date: Mon, 09 Feb 2026 04:35 PM (IST)
Updated Date: Tue, 10 Feb 2026 04:02 AM (IST)

ਗੁਰੂ ਰਵਿਦਾਸ ਪੁਰਬ ਮੌਕੇ ਖੂਨਦਾਨ ਕੈਂਪ, 42 ਨੌਜਵਾਨਾਂ ਨੇ ਕੀਤਾ ਖ਼ੂਨਦਾਨ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਧੰਨ-ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪੁਰਬ ਦੇ ਸਬੰਧ ਵਿਚ ਖੇਤਰ ਦੇ ਪਿੰਡ ਨੂਰਪੁਰਖ ਖੁਰਦ ਵਿਖੇ ਗੁਰੂ ਰਵਿਦਾਸ ਮੰਦਰ ਕਮੇਟੀ ਵੱਲੋਂ ਸਮੁੱਚੇ ਪਿੰਡ ਦੇ ਸਹਿਯੋਗ ਨਾਲ ਸਲਾਨਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮਨੁੱਖਤਾ ਭਲਾਈ ਦੇ ਕਾਰਜ ਨੂੰ ਸਫ਼ਲ ਬਣਾਉਣ ਲਈ ਪਿੰਡ ਵਾਸੀਆਂ ਵੱਲੋਂ ਵੱਡੇ ਉਤਸ਼ਾਹ ਨਾਲ ਸਹਿਯੋਗ ਦਿੱਤਾ ਗਿਆ। ਕੈਂਪ ਦਾ ਉਦਘਾਟਨ ਸੰਤ ਗੁਲਜ਼ਾਰੀ ਰਾਮ ਜੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਸੰਤ ਗੁਲਜ਼ਾਰੀ ਰਾਮ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਮਹਾਨ ਦਾਨ ਹੈ, ਕਿਉਂਕਿ ਖੂਨ ਕਿਸੇ ਫੈਕਟਰੀ ਵਿਚ ਨਹੀਂ ਬਣਦਾ, ਸਗੋਂ ਇਹ ਸਿਰਫ਼ ਮਨੁੱਖ ਦੇ ਸ਼ਰੀਰ ਵਿਚ ਹੀ ਤਿਆਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਦਾ ਹੀ ਮਨੁੱਖਤਾ, ਬਰਾਬਰੀ ਅਤੇ ਸੇਵਾ ਦੀ ਸਿੱਖਿਆ ਦਿੱਤੀ ਹੈ ਅਤੇ ਖੂਨਦਾਨ ਇਸ ਸਿੱਖਿਆ ਨੂੰ ਅਮਲੀ ਰੂਪ ਵਿਚ ਅਪਣਾਉਣ ਦਾ ਸਭ ਤੋਂ ਉੱਚਾ ਉਦਾਹਰਨ ਹੈ। ਸੰਤ ਜੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੂਨਦਾਨ ਵਰਗੀਆਂ ਸਮਾਜ ਭਲਾਈ ਦੀਆਂ ਲਹਿਰਾਂ ਨਾਲ ਜੁੜਨ, ਤਾਂ ਜੋ ਲੋੜਵੰਦਾਂ ਦੀ ਜ਼ਿੰਦਗੀ ਬਚਾਈ ਜਾ ਸਕੇ। ਉਹਨਾਂ ਕਿਹਾ ਕਿ ਨਿਯਮਿਤ ਖੂਨਦਾਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਸਮਾਜ ਵਿਚ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਇਸ ਦੌਰਾਨ ਉਚੇਚੇ ਤੌਰ ’ਤੇ ਪਹੁੰਚੇ ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਸਮਾਜ ਸੇਵਾ ਦੇ ਕੰਮਾਂ ਵਿਚ ਹਿੱਸਾ ਲੈਣਾ ਹਰ ਇਕ ਦੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਸਮਾਜ ਵਿਚ ਸਹਿਯੋਗ ਅਤੇ ਆਪਸੀ ਪਿਆਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਕੈਂਪ ਦੌਰਾਨ ਗੁਰੂ ਕਿਰਪਾ ਬਲੱਡ ਸੈਂਟਰ ਰੂਪਨਗਰ ਦੀ ਟੀਮ ਵੱਲੋਂ ਬੀਟੀਓ ਡਾ. ਪ੍ਰੀਆ ਮਹਾਜਨ ਅਤੇ ਟੈਕਨੀਕਲ ਸੁਪਰਵਾਈਜ਼ਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਲਗਭਗ 42 ਨੌਜਵਾਨਾਂ ਦਾ ਖੂਨ ਇਕੱਠਾ ਕੀਤਾ ਗਿਆ। ਬਲੱਡ ਸੈਂਟਰ ਦੀ ਟੀਮ ਵੱਲੋਂ ਖੂਨਦਾਨੀਆਂ ਦੀ ਸਿਹਤ ਜਾਂਚ ਉਪਰੰਤ ਸੁਰੱਖਿਅਤ ਢੰਗ ਨਾਲ ਖੂਨ ਇਕੱਤਰ ਕੀਤਾ ਗਿਆ। ਅੰਤ ਵਿਚ ਗੁਰੂ ਰਵਿਦਾਸ ਮੰਦਰ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ, ਡਾਕਟਰੀ ਟੀਮ ਅਤੇ ਸਮੂਹ ਖੂਨਦਾਨੀਆਂ ਦਾ ਧੰਨਵਾਦ ’ਤੇ ਸਨਮਾਨ ਕਰਦਿਆਂ ਅਜਿਹੇ ਭਲਾਈਕਾਰੀ ਕਾਰਜ ਭਵਿੱਖ ’ਚ ਵੀ ਜਾਰੀ ਰੱਖਣ ਦਾ ਸੰਕਲਪ ਲਿਆ ਗਿਆ। ਇਸ ਮੌਕੇ ਮਨੋਹਰ ਲਾਲ, ਠੇਕੇਦਾਰ ਹਰਮੇਸ਼ ਚੰਦ, ਠੇਕੇਦਾਰ ਧੰਨਰਾਜ, ਸਤਨਾਮ ਸਿੰਘ, ਲੇਖ ਰਾਜ ਕੁਵੈਤ, ਚਰਨਜੀਤ ਸਿੰਘ, ਅਵਤਾਰ ਚੰਦ, ਲਾਲ ਚੰਦ, ਪਰਮਜੀਤ ਸਿੰਘ, ਅਸ਼ੋਕ ਕੁਮਾਰ, ਸੰਜੀਵ ਕੁਮਾਰ, ਡਾਕਟਰ ਧਰਮਿੰਦਰ ਗੌਨੀ, ਹਰਜਿੰਦਰ ਚੰਦ, ਸੁਰਿੰਦਰ ਕੁਮਾਰ, ਰਾਜ ਕੁਮਾਰ ਆਦਿ ਨੇ ਉੱਚ ਉਦਯੋਗਦਾਨ ਪਾਇਆ।