ਚਾਰ ਵਾਰਡਾਂ ਵਿੱਚੋਂ ਕੇਵਲ 111 ਵੋਟਾਂ ਤੱਕ ਸਿਮਟੀ ਭਾਜਪਾ
ਚਾਰ ਵਾਰਡਾਂ ਵਿੱਚੋਂ ਕੇਵਲ 111 ਵੋਟਾਂ ਤੱਕ ਸਿਮਟੀ ਭਾਜਪਾ
Publish Date: Sat, 06 Jun 2026 03:50 PM (IST)
Updated Date: Sat, 06 Jun 2026 03:53 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀਆਂ ਹਾਲ ਹੀ ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਭਾਰਤੀ ਜਨਤਾ ਪਾਰਟੀ ਦੀ ਸਥਾਨਕ ਪੱਧਰ ਉੱਤੇ ਸਿਆਸੀ ਪਕੜ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਜਿੱਥੇ ਪੰਜਾਬ ਵਿੱਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੇ ਦਾਅਵੇ ਕਰ ਰਹੀ ਹੈ, ਉੱਥੇ ਸ੍ਰੀ ਅਨੰਦਪੁਰ ਸਾਹਿਬ ਦੀ ਨਗਰ ਕੌਂਸਲ ਚੋਣ ਵਿੱਚ ਪਾਰਟੀ ਦਾ ਪ੍ਰਦਰਸ਼ਨ ਬਹੁਤ ਹੀ ਨਿਰਾਸ਼ਾਜਨਕ ਰਿਹਾ ਹੈ। 13 ਵਾਰਡਾਂ ਵਾਲੀ ਇਸ ਨਗਰ ਕੌਂਸਲ ਵਿੱਚ ਭਾਜਪਾ ਆਪਣੇ ਉਮੀਦਵਾਰ ਸਾਰੇ ਵਾਰਡਾਂ ਵਿੱਚ ਖੜ੍ਹੇ ਕਰਨ ਵਿੱਚ ਵੀ ਸਫਲ ਨਹੀਂ ਹੋ ਸਕੀ। ਪਾਰਟੀ ਵੱਲੋਂ ਕੇਵਲ ਵਾਰਡ ਨੰਬਰ 8, 9, 10 ਅਤੇ 11 ਵਿੱਚ ਹੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ, ਜਦਕਿ ਬਾਕੀ 9 ਵਾਰਡਾਂ ਵਿੱਚ ਕੋਈ ਉਮੀਦਵਾਰ ਨਹੀਂ ਖੜ੍ਹਾ ਕੀਤਾ ਗਿਆ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕਿਸੇ ਵੀ ਪਾਰਟੀ ਲਈ ਨਗਰ ਕੌਂਸਲ ਵਰਗੀ ਸਥਾਨਕ ਚੋਣ ਵਿੱਚ ਪੂਰੇ ਉਮੀਦਵਾਰ ਨਾ ਖੜ੍ਹੇ ਕਰ ਸਕਣਾ ਉਸ ਦੀ ਸੰਗਠਨਾਤਮਕ ਕਮਜ਼ੋਰੀ ਨੂੰ ਦਰਸਾਉਂਦਾ ਹੈ। ਚੋਣ ਨਤੀਜਿਆਂ ਅਨੁਸਾਰ ਵਾਰਡ ਨੰਬਰ 8 ਤੋਂ ਭਾਜਪਾ ਉਮੀਦਵਾਰ ਜਸਪਾਲ ਸਿੰਘ ਨੂੰ 19 ਵੋਟਾਂ, ਵਾਰਡ ਨੰਬਰ 9 ਤੋਂ ਸੁਨੀਤਾ ਰਾਣੀ ਨੂੰ 47 ਵੋਟਾਂ, ਵਾਰਡ ਨੰਬਰ 10 ਤੋਂ ਸਤਵਿੰਦਰ ਸਿੰਘ ਨੂੰ 13 ਵੋਟਾਂ ਅਤੇ ਵਾਰਡ ਨੰਬਰ 11 ਤੋਂ ਅੰਮ੍ਰਿਤ ਲਾਲ ਨੂੰ 32 ਵੋਟਾਂ ਪ੍ਰਾਪਤ ਹੋਈਆਂ। ਚਾਰਾਂ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦੀ ਕੁੱਲ ਗਿਣਤੀ ਸਿਰਫ਼ 111 ਬਣਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚਾਰ ਵਾਰਡਾਂ ਦੀਆਂ ਵੋਟਾਂ ਨੂੰ ਇਕੱਠਾ ਕਰਨ ਦੇ ਬਾਵਜੂਦ ਵੀ ਇਹ ਗਿਣਤੀ ਕਈ ਹੋਰ ਉਮੀਦਵਾਰਾਂ ਨੂੰ ਇੱਕੋ ਵਾਰਡ ਵਿੱਚ ਮਿਲੀਆਂ ਵੋਟਾਂ ਤੋਂ ਕਾਫ਼ੀ ਘੱਟ ਰਹੀ। ਚੋਣ ਨਤੀਜਿਆਂ ਤੋਂ ਬਾਅਦ ਸ਼ਹਿਰ ਵਿੱਚ ਭਾਜਪਾ ਦੀ ਕਾਰਗੁਜ਼ਾਰੀ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਅੰਦਰ ਲੰਮੇ ਸਮੇਂ ਤੋਂ ਧੜੇਬੰਦੀ ਮੌਜੂਦ ਹੈ ਅਤੇ ਵੱਖ-ਵੱਖ ਆਗੂ ਆਪਣੇ-ਆਪਣੇ ਗਰੁੱਪਾਂ ਵਿੱਚ ਵੰਡੇ ਹੋਏ ਹਨ। ਇਸ ਕਾਰਨ ਪਾਰਟੀ ਇੱਕਜੁੱਟ ਹੋ ਕੇ ਚੋਣ ਮੈਦਾਨ ਵਿੱਚ ਨਹੀਂ ਉਤਰ ਸਕੀ। ਸਥਾਨਕ ਪੱਧਰ ਉੱਤੇ ਸਰਗਰਮ ਵਰਕਰਾਂ ਦੀ ਘਾਟ ਅਤੇ ਮਜ਼ਬੂਤ ਸੰਗਠਨ ਦੀ ਕਮੀ ਵੀ ਨਤੀਜਿਆਂ ਵਿੱਚ ਸਾਫ਼ ਦਿਖਾਈ ਦਿੱਤੀ। ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਜੇਕਰ ਪਾਰਟੀ ਆਪਣੇ ਅੰਦਰੂਨੀ ਮਤਭੇਦ ਭੁਲਾ ਕੇ ਕੇਵਲ ਚਾਰ ਵਾਰਡਾਂ ਵਿੱਚ ਹੀ ਇਕਜੁੱਟ ਹੋ ਕੇ ਚੋਣ ਲੜਦੀ ਤਾਂ ਘੱਟੋ-ਘੱਟ ਇੱਕ ਜਾਂ ਦੋ ਵਾਰਡਾਂ ਵਿੱਚ ਚੁਣੌਤੀ ਪੇਸ਼ ਕਰ ਸਕਦੀ ਸੀ। ਪਰ ਨਤੀਜਿਆਂ ਤੋਂ ਇਹ ਸਪੱਸ਼ਟ ਹੋ ਗਿਆ ਕਿ ਪਾਰਟੀ ਦਾ ਵੋਟ ਅਧਾਰ ਬਹੁਤ ਸੀਮਤ ਰਿਹਾ ਅਤੇ ਕੋਈ ਵੀ ਉਮੀਦਵਾਰ ਜਿੱਤ ਦੇ ਨੇੜੇ ਵੀ ਨਹੀਂ ਪਹੁੰਚ ਸਕਿਆ। ਨਗਰ ਕੌਂਸਲ ਚੋਣਾਂ ਨੂੰ ਆਮ ਤੌਰ ਤੇ ਸਥਾਨਕ ਪੱਧਰ ਦੀ ਸਿਆਸੀ ਤਾਕਤ ਦਾ ਮਾਪਦੰਡ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਭਾਜਪਾ ਲਈ ਇਹ ਨਤੀਜੇ ਚਿੰਤਾ ਦਾ ਵਿਸ਼ਾ ਬਣ ਸਕਦੇ ਹਨ। ਫਿਲਹਾਲ ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਚੋਣ ਦੇ ਇਹ ਨਤੀਜੇ ਇਹ ਦਰਸਾਉਂਦੇ ਹਨ ਕਿ ਦੇਸ਼ ਪੱਧਰ ਦੀ ਰਾਜਨੀਤੀ ਅਤੇ ਸਥਾਨਕ ਪੱਧਰ ਦੀ ਜ਼ਮੀਨੀ ਹਕੀਕਤ ਵਿੱਚ ਕਾਫ਼ੀ ਅੰਤਰ ਹੈ। ਚਾਰ ਵਾਰਡਾਂ ਵਿੱਚ ਲੜ ਕੇ ਕੇਵਲ 111 ਵੋਟਾਂ ਹਾਸਲ ਕਰਨਾ ਭਾਜਪਾ ਲਈ ਆਤਮ-ਮੰਥਨ ਦਾ ਵਿਸ਼ਾ ਬਣਿਆ ਹੋਇਆ ਹੈ।