ਖੈਰ ਮਾਫੀਆ ਬੇਨਕਾਬ, ਤਸਕਰੀ ਤੋਂ ਪਹਿਲਾਂ ਖੇਪ ਕਾਬੂ
ਖੈਰ ਮਾਫੀਆ ਦਾ ਵੱਡਾ ਜਾਲ ਬੇਨਕਾਬ, ਤਸਕਰੀ ਤੋਂ ਪਹਿਲਾਂ ਹੀ ਖੇਪ ਕਾਬੂ
Publish Date: Fri, 23 Jan 2026 03:59 PM (IST)
Updated Date: Fri, 23 Jan 2026 04:00 PM (IST)

ਪਵਨ ਕੁਮਾਰ, ਪੰਜਾਬੀ ਜਾਗਰਣ ਨੂਰਪੁਰ ਬੇਦੀ : ਨੂਰਪੁਰ ਬੇਦੀ ਇਲਾਕੇ ਵਿੱਚ ਖੈਰ ਦੀ ਗੈਰ-ਕਾਨੂੰਨੀ ਤਸਕਰੀ ਰਾਹੀਂ ਕੁਦਰਤ ਨੂੰ ਪਹੁੰਚਾਏ ਜਾ ਰਹੇ ਭਾਰੀ ਨੁਕਸਾਨ ਦਾ ਉਸ ਸਮੇਂ ਪਰਦਾਫਾਸ਼ ਹੋਇਆ, ਜਦੋਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਅਤੇ ਪਿੰਡ ਟੇਢੇਵਾਲ ਪੱਤੀ ਦੇ ਚੌਧਰੀ ਰੋਸ਼ਨ ਲਾਲ ਦੀ ਸੂਝਬੂਝ ਨਾਲ ਤਸਕਰੀ ਲਈ ਤਿਆਰ ਕੀਤੀ ਗਈ ਬੇਸ਼ਕੀਮਤੀ ਖੈਰ ਲੱਕੜ ਦੀ ਵੱਡੀ ਖੇਪ ਬੇਨਕਾਬ ਹੋ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਵਣ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਮਾਲ ਨੂੰ ਕਬਜ਼ੇ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਪਿੰਡ ਜਤੋਲੀ–ਟੇਢੇਵਾਲ ਪੱਤੀ ਦੇ ਵਿਰਾਨੇ ਖੇਤਰ ਵਿੱਚ, ਰੂੜੇਵਾਲ ਫੀਡ ਫੈਕਟਰੀ ਤੋਂ ਅੱਗੇ ਇੱਕ ਗੋਹਰੀ ਦੇ ਪਿੱਛੇ ਪੈਂਦੀ ਜ਼ਮੀਨ ’ਤੇ ਪਿਛਲੇ ਕਈ ਦਿਨਾਂ ਤੋਂ ਖੈਰ ਦੇ ਦਰਖ਼ਤਾਂ ਦੀ ਗੈਰ-ਕਾਨੂੰਨੀ ਕਟਾਈ ਕਰਕੇ ਮੋਚੇ ਇਕੱਠੇ ਕੀਤੇ ਜਾ ਰਹੇ ਸਨ। ਮਾਫੀਆ ਵੱਲੋਂ ਇਨ੍ਹਾਂ ਮੋਚਿਆਂ ਨੂੰ ਰਾਤ ਦੇ ਸਮੇਂ ਵਾਹਨਾਂ ਰਾਹੀਂ ਗੁਪਤ ਥਾਵਾਂ ’ਤੇ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਖੇਤਾਂ ਵੱਲ ਨਿਗਰਾਨੀ ਦੌਰਾਨ ਜਦੋਂ ਚੌਧਰੀ ਰੋਸ਼ਨ ਲਾਲ ਅਤੇ ਪਿੰਡ ਵਾਸੀਆਂ ਨੇ ਇਲਾਕੇ ਵਿੱਚ ਸ਼ੱਕੀ ਗਤੀਵਿਧੀਆਂ ਵੇਖੀਆਂ ਤਾਂ ਤੁਰੰਤ ਇਹ ਮਾਮਲਾ ਗੌਰਵ ਰਾਣਾ ਦੇ ਧਿਆਨ ਵਿੱਚ ਲਿਆਂਦਾ ਗਿਆ। ਰਾਣਾ ਵੱਲੋਂ ਬਿਨਾਂ ਦੇਰੀ ਕੀਤੇ ਪੁਲਿਸ ਪ੍ਰਸ਼ਾਸਨ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦਿਆਂ ਹੀ ਡੀਐਸਪੀ ਆਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਥਾਣਾ ਮੁਖੀ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਪੁਲਿਸ ਟੀਮ ਮੌਕੇ ’ਤੇ ਪੁੱਜੀ। ਵਣ ਵਿਭਾਗ ਦੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ 26 ਖੈਰ ਦੇ ਕੱਟੇ ਹੋਏ ਮੋਚਿਆਂ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਵਣ ਵਿਭਾਗ ਦੇ ਅਧਿਕਾਰੀ ਸੁਖਬੀਰ ਸਿੰਘ ਨੇ ਦੱਸਿਆ ਕਿ ਖੈਰ ਮਾਫੀਆ ਨਾਲ ਜੁੜੇ ਹਰ ਵਿਅਕਤੀ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਮਹਿਕਮੇ ਦਾ ਕੋਈ ਅਧਿਕਾਰੀ ਵੀ ਇਸ ਮਾਮਲੇ ਵਿੱਚ ਲਾਪਰਵਾਹੀ ਜਾਂ ਮਿਲੀਭਗਤ ਕਰਦਾ ਪਾਇਆ ਗਿਆ, ਤਾਂ ਉਸ ਖ਼ਿਲਾਫ਼ ਵੀ ਕੜੀ ਵਿਭਾਗੀ ਕਾਰਵਾਈ ਹੋਵੇਗੀ। ਇਸ ਮੌਕੇ ਗੌਰਵ ਰਾਣਾ ਅਤੇ ਚੌਧਰੀ ਰੋਸ਼ਨ ਲਾਲ ਨੇ ਕਿਹਾ ਕਿ ਖੈਰ ਦੀ ਤਸਕਰੀ ਸਿਰਫ ਕਾਨੂੰਨ ਦੀ ਉਲੰਘਣਾ ਨਹੀਂ, ਸਗੋਂ ਕੁਦਰਤ ਨਾਲ ਸਿੱਧਾ ਧੋਖਾ ਹੈ। ਉਨ੍ਹਾਂ ਦੱਸਿਆ ਕਿ ਖੈਰ ਦਾ ਦਰਖ਼ਤ ਤਿਆਰ ਹੋਣ ਵਿੱਚ ਕਰੀਬ 20 ਤੋਂ 25 ਸਾਲ ਲੱਗਦੇ ਹਨ ਅਤੇ ਇਹ ਮਿੱਟੀ ਕਟਾਅ ਰੋਕਣ, ਪਰਿਆਵਰਨ ਸੰਤੁਲਨ ਬਣਾਈ ਰੱਖਣ ਅਤੇ ਜੰਗਲੀ ਜੀਵ-ਜੰਤੂਆਂ ਲਈ ਅਹੰਕਾਰਪੂਰਕ ਹੈ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ਦੇ ਸਾਰੇ ਐਗਜ਼ਿਟ ਪੁਆਇੰਟਾਂ ’ਤੇ ਰਾਤ ਸਮੇਂ ਪੱਕੀ ਨਾਕਾਬੰਦੀ ਕਰਕੇ ਅਜਿਹੇ ਗੋਰਖਧੰਦੇ ਨੂੰ ਜੜੋਂ-ਮੁਕਾਉਣ ਲਈ ਸਖ਼ਤ ਕਦਮ ਚੁੱਕੇ ਜਾਣ।