ਵਪਾਰੀਆਂ ਵੱਲੋਂ ਫੋਰ-ਲੇਨ ਸੜਕ ਮਾਮਲੇ ‘ਤੇ ਮੰਤਰੀ ਬੈਂਸ ਨਾਲ ਮੁਲਾਕਾਤ
ਭਨੂਪਲੀ ਨੰਗਲੀ ਟੱਪਰੀਆਂ ਦੇ ਵਪਾਰੀ ਵਰਗ ਵੱਲੋਂ ਫੋਰ-ਲੇਨ ਸੜਕ ਮਾਮਲੇ ‘ਤੇ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤਮੰਤਰੀ
Publish Date: Sun, 08 Feb 2026 04:39 PM (IST)
Updated Date: Mon, 09 Feb 2026 04:02 AM (IST)

ਮੰਤਰੀ ਬੈਂਸ ਵੱਲੋਂ ਹਰ ਸੰਭਵ ਮੱਦਦ ਦਾ ਭਰੋਸਾ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਅੱਜ ਪਿੰਡ ਭਨੂਪਲੀ ਅਤੇ ਨੰਗਲੀ ਟੱਪਰੀਆਂ ਦੇ ਵਪਾਰੀ ਵਰਗ ਨੇ ਨਵੀਂ ਬਣ ਰਹੀ ਫੋਰ-ਲੇਨ ਸੜਕ ਦੇ ਮਾਮਲੇ ਸਬੰਧੀ ਮਾਣਯੋਗ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨਾਲ ਸਰਪੰਚ ਗ੍ਰਾਮ ਪੰਚਾਇਤ ਟੱਪਰੀਆਂ ਨੀਲਮ ਸੋਨੀ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ। ਵਪਾਰੀ ਵਰਗ ਨੇ ਫੋਰ-ਲੇਨ ਸੜਕ ਦੇ ਨਿਰਮਾਣ ਸਬੰਧੀ ਜਾਰੀ ਹੋਏ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਮੰਤਰੀ ਸਾਹਿਬ ਦੇ ਸਾਹਮਣੇ ਆਪਣੀਆਂ ਮੁਸ਼ਕਿਲਾਂ ਅਤੇ ਸੁਝਾਅ ਰੱਖੇ। ਵਪਾਰੀਆਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ/ਸਰਕਾਰ ਵੱਲੋਂ ਕੀਤੀ ਜਾ ਰਹੀ ਜ਼ਮੀਨ ਅਧਿਗ੍ਰਹਿਣ ਕਾਰਨ ਕਈ ਦੁਕਾਨਦਾਰਾਂ ਦੇ ਵਪਾਰ ਠੱਪ ਹੋਣ ਦੀ ਸੰਭਾਵਨਾ ਬਣ ਰਹੀ ਹੈ ਅਤੇ ਕਈ ਪਰਿਵਾਰਾਂ ਦੇ ਘਰ ਵੀ ਇਸ ਅਧਿਗ੍ਰਹਿਣ ਵਿਚ ਆ ਰਹੇ ਹਨ। ਵਪਾਰੀ ਵਰਗ ਨੇ ਮੰਤਰੀ ਸਾਹਿਬ ਅੱਗੇ ਮੰਗ ਰੱਖੀ ਕਿ ਫੋਰ-ਲੇਨ ਸੜਕ ਦੀ ਯੋਜਨਾ ਇਸ ਤਰ੍ਹਾਂ ਤਿਆਰ ਕੀਤੀ ਜਾਵੇ ਕਿ ਵਪਾਰੀਆਂ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚੇ ਅਤੇ ਲੋਕਾਂ ਦੀਆਂ ਦੁਕਾਨਾਂ ’ਤੇ ਰੋਜ਼ਗਾਰ ਦੀ ਪੂਰੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਮੌਕੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਪਾਰੀ ਵਰਗ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਿਆਂ ਉਨ੍ਹਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਉਹ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਹਰ ਸੰਭਵ ਸਹਾਇਤਾ ਕਰਨਗੇ। ਮੰਤਰੀ ਬੈਂਸ ਨੇ ਕਿਹਾ ਕਿ ਫੋਰ-ਲੇਨ ਸੜਕ ਦੇ ਨਿਰਮਾਣ ਨਾਲ ਭਵਿੱਖ ਵਿਚ ਇਲਾਕੇ ਦੇ ਵਪਾਰ ਵਿਚ ਹੋਰ ਤੇਜ਼ੀ ਆਵੇਗੀ ਅਤੇ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਨੇ ਕਿਹਾ ਕਿ “ਮੈਂ ਹਲਕੇ ਦਾ ਨੁਮਾਇੰਦਾ ਹੀ ਨਹੀਂ, ਤੁਹਾਡਾ ਪੁੱਤ ਅਤੇ ਭਰਾ ਵੀ ਹਾਂ। ਜਿਵੇਂ ਤੁਸੀਂ ਕਹੋਗੇ, ਉਵੇਂ ਹੀ ਕੰਮ ਹੋਵੇਗਾ। ਜਿੱਥੇ ਵੀ ਬੁਲਾਓਗੇ, ਮੈਂ ਹਮੇਸ਼ਾ ਤੁਹਾਡੀ ਸੇਵਾ ਵਿਚ ਹਾਜ਼ਰ ਰਹਾਂਗਾ।’ ਮੰਤਰੀ ਸਾਹਿਬ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਐਸ.ਡੀ.ਐਮ. ਸਾਹਿਬ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸਦੇ ਕੋਲ ਵਪਾਰੀ ਤੇ ਦੁਕਾਨਦਾਰ ਆਪਣੇ ਸੁਝਾਅ ਜਾਂ ਇਤਰਾਜ਼ ਦਰਜ ਕਰਵਾ ਸਕਦੇ ਹਨ। ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਰ ਮਸਲੇ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਸਰਪੰਚ ਲਾਲਾ ਜੁਗਲ ਸੋਨੀ, ਲਾਲਾ ਬਿਜੇ ਸੋਨੀ, ਲਾਲਾ ਰਜਿੰਦਰ ਉਪਲ, ਲਾਲਾ ਗੋਪਾਲ ਉੱਪਲ,ਰਿਸ਼ੀ ਚੌਧਰੀ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਹਰੀਓਮ ਉੱਪਲ, ਰਿਸ਼ੀ ਚੌਧਰੀ, ਰਾਹੁਲ ਸੋਨੀ ਪੰਚ, ਮਨੋਜ ਸੋਨੀ, ਰਾਜੇਸ਼ ਕੁਮਾਰ ਸੋਨੀ, ਲੱਕੀ ਸੋਨੀ, ਅਛਰੂ ਸੋਨੀ, ਨਿਧੀ ਸੋਨੀ, ਗੋਲੂ ਪੁਰੀ, ਲਾਲਾ ਨੰਦ ਲਾਲ, ਮਨੁ ਪੂਰੀ ਪੰਚ, ਲਾਲਾ ਰਵੀ ਸੋਨੀ, ਸ਼ੈਕੀ ਉਪਲ, ਸੰਦੀਪ ਉੱਪਲ, ਸੌਰਵ ਸੋਨੀ, ਸੁਧੀਰ ਕੁਮਾਰ ਦੋਨਾਲ, ਦਵਿੰਦਰ ਕੁਮਾਰ, ਸ਼ਾਮ ਲਾਲ ਸੋਨੀ, ਲਾਲਾ ਸ਼ਿਵ ਕੁਮਾਰ, ਸੁਰਿੰਦਰ ਪੰਡਿਤ ਜੀ, ਮਨੂ ਪੂਰੀ, ਚਰਨ ਦਾਸ ਫੌਜੀ, ਅੰਸ਼ੁਲ, ਗੌਰਵ ਉਪਲ ਸਮੇਤ ਵੱਡੀ ਗਿਣਤੀ ਵਿਚ ਵਪਾਰੀ ਵਰਗ ਹਾਜ਼ਰ ਸੀ।