ਸ਼ਿਵਾਲਿਕ ਕਾਲਜ ਦੀ ਭੰਗੜਾ ਟੀਮ ਤੇ ਐੱਨਸੀਸੀ ਕੈਡਿਟਸ ਵਲੋਂ ਕਾਈਟ ਫੈਸਟ-2026 ’ਚ ਸ਼ਾਨਦਾਰ ਭਾਗੀਦਾਰੀ
ਸਰਕਾਰੀ ਸ਼ਿਵਾਲਿਕ ਕਾਲਜ ਦੀ ਭੰਗੜਾ ਟੀਮ ਅਤੇ ਐੱਨਸੀਸੀ ਕੈਡਿਟਸ ਵਲੋਂ ਕਾਈਟ ਫੈਸਟ-2026 ਵਿਚ ਸ਼ਾਨਦਾਰ ਭਾਗੀਦਾਰੀ
Publish Date: Mon, 09 Feb 2026 06:48 PM (IST)
Updated Date: Tue, 10 Feb 2026 04:08 AM (IST)

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਸਰਕਾਰੀ ਸ਼ਿਵਾਲਿਕ ਕਾਲਜ, ਨਯਾ ਨੰਗਲ ਦੀ ਭੰਗੜਾ ਟੀਮ ਅਤੇ ਐੱਨਸੀਸੀ ਕੈਡਿਟਸ ਨੇ ਕਾਈਟ ਫੈਸਟ-2026 ਵਿਚ ਉਤਸ਼ਾਹਪੂਰਵਕ ਭਾਗ ਲੈਂਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਭੰਗੜਾ ਟੀਮ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਜੋਸ਼ੀਲੀ ਪੇਸ਼ਕਾਰੀ ਕੀਤੀ ਗਈ, ਜਿਸਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ।ਇਸਦੇ ਨਾਲ ਹੀ ਐੱਨਸੀਸੀ ਕੈਡਿਟਸ ਨੇ ਅਨੁਸ਼ਾਸਨ, ਦੇਸ਼ ਭਗਤੀ ਅਤੇ ਸਮਾਜਿਕ ਜਾਗਰੂਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਸੁਰੱਖਿਆ, ਸਫ਼ਾਈ ਅਤੇ ਸਵੈਚੱਛਿਕ ਸੇਵਾ ਵਰਗੀਆਂ ਗਤੀਵਿਧੀਆਂ ਵਿਚ ਸਰਗਰਮ ਭੂਮਿਕਾ ਨਿਭਾਈ। ਕੈਡਿਟਸ ਦੀ ਸੁਚੱਜੀ ਹਾਜ਼ਰੀ ਅਤੇ ਅਨੁਸ਼ਾਸਿਤ ਪ੍ਰਦਰਸ਼ਨ ਨੇ ਮੇਲੇ ਦੀ ਸ਼ੋਭਾ ਵਧਾਈ। ਇਸ ਮੌਕੇ ਐੱਨ ਸੀ ਸੀ ਕੈਡਿਟਸ ਨੇ ਚਾਈਨਾ ਡੋਰ ਦੀ ਵਰਤੋਂ ਸੰਬੰਧੀ ਪੋਸਟਰ ਮੇਕਿੰਗ ਵੀ ਕੀਤੀ ਅਤੇ ਆਏ ਹੋਏ ਬੱਚਿਆਂ ਤੇ ਓਹਨਾਂ ਦੇ ਮਾਪਿਆਂ ਨੂੰ ਚਾਈਨਾ ਡੋਰ ਕਾਰਨ ਵਾਪਰਨ ਵਾਲੀਆਂ ਘਟਨਾਵਾਂ ਅਤੇ ਪਸ਼ੂ - ਪੰਛੀਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਜਾਣੂੰ ਕਰਵਾਇਆ ਅਤੇ ਚਾਈਨਾ ਡੋਰ ਨਾ ਵਰਤਣ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਮਾਣਯੋਗ ਉਚੇਰੀ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਅਤੇ ਐੱਸ ਡੀ ਐੱਮ ਸਾਹਿਬ ਸਚਿਨ ਪਾਠਕ ਜੀ ਨੇ ਐੱਨ ਸੀ ਸੀ ਕੈਡਿਟਸ ਦੀ ਮੌਕ ਡਰਿੱਲ ਸਮੇਂ ਅਤੇ ਇਸ ਫੈਸਟ ਵਿਚ ਨਿਭਾਈ ਜਾ ਰਹੀ ਭੂਮਿਕਾ ਦੀ ਪ੍ਰਸੰਸਾ ਕੀਤੀ। ਕਾਲਜ ਦੀ ਪ੍ਰਿੰਸੀਪਲ ਸੀਮਾ ਸੈਣੀ ਨੇ ਭੰਗੜਾ ਟੀਮ ਅਤੇ ਐੱਨਸੀਸੀ ਕੈਡਿਟਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਟੀਮਾਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਭੰਗੜਾ ਟੀਮ ਦੇ ਇੰਚਾਰਜ ਅਤੇ ਐਨਸੀਸੀ ਇੰਚਾਰਜ ਪ੍ਰੋਫ਼ੈਸਰ ਜਗਪਾਲ ਸਿੰਘ ਨੇ ਵੀ ਵਿਦਿਆਰਥੀਆਂ ਦੀ ਮਿਹਨਤ ਅਤੇ ਅਨੁਸ਼ਾਸਨ ਦੀ ਪ੍ਰਸ਼ੰਸਾ ਕੀਤੀ।