ਆਯੁਰਵੈਦਿਕ ਸੰਭਾਸ਼ ਤੇ ਵਮਨ ਰਿਟ੍ਰੀਟ ਕੈਂਪ ਲਾਇਆ
ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿਚ ਆਯੁਰਵੈਦਿਕ ਸੰਭਾਸ਼ ਅਤੇ ਵਮਨ ਰਿਟ੍ਰੀਟ ਕੈਂਪ ਆਯੋਜਿਤ
Publish Date: Wed, 11 Mar 2026 04:48 PM (IST)
Updated Date: Wed, 11 Mar 2026 04:51 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਆਯੁਰਵੈਦਿਕ ਅਰੀਨਾ ਬੱਡਲ ਉਪਰਲਾ ਵੱਲੋਂ ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿਚ ਜੰਗਲਾਤੀ ਮਾਹੌਲ ਅੰਦਰ ਇੱਕ ਵਿਲੱਖਣ ਆਯੁਰਵੈਦਿਕ ਸੰਭਾਸ਼ ਅਤੇ ਵਮਨ ਰਿਟ੍ਰੀਟ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਰੀਬ 20 ਆਯੁਰਵੈਦਿਕ ਡਾਕਟਰਾਂ ਨੇ ਸ਼ਮੂਲੀਅਤ ਕਰਕੇ ਆਯੁਰਵੈਦ ਨਾਲ ਸੰਬੰਧਤ ਵਿਸ਼ਿਆਂ ‘ਤੇ ਗੰਭੀਰ ਚਰਚਾ ਕੀਤੀ। ਇਸ ਰਿਟ੍ਰੀਟ ਦੀ ਖਾਸ ਵਿਸ਼ੇਸ਼ਤਾ ਇਹ ਰਹੀ ਕਿ ਇਸਨੂੰ ਉਸੇ ਰੂਪ ਵਿਚ ਆਯੋਜਿਤ ਕੀਤਾ ਗਿਆ ਜਿਵੇਂ ਲਗਭਗ ਪੰਜ ਹਜ਼ਾਰ ਸਾਲ ਪਹਿਲਾਂ ਰਿਸ਼ੀ-ਮੁਨੀਆਂ ਵੱਲੋਂ ਸੰਭਾਸ਼ ਅਤੇ ਗੋਸ਼ਟੀਆਂ ਕੀਤੀਆਂ ਜਾਂਦੀਆਂ ਸਨ। ਕੁਦਰਤ ਦੀ ਗੋਦ ਵਿਚ ਹੋਈਆਂ ਗੋਸ਼ਟੀਆਂ ਦੌਰਾਨ ਆਯੁਰਵੇਦ ਦੇ ਪ੍ਰਾਚੀਨ ਸਿਧਾਂਤਾਂ ਅਤੇ ਆਧੁਨਿਕ ਸਮੇਂ ਵਿਚ ਉਨ੍ਹਾਂ ਦੀ ਵਰਤੋਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਕੈਂਪ ਦੌਰਾਨ 6 ਵਿਅਕਤੀਆਂ ‘ਤੇ ਵਮਨ ਪ੍ਰਕਿਰਿਆ (ਪੰਚਕਰਮ ਦੀ ਇੱਕ ਵਿਧੀ) ਦਾ ਪ੍ਰਦਰਸ਼ਨ ਕਰਕੇ ਆਯੁਰਵੈਦਿਕ ਡਾਕਟਰਾਂ ਨੂੰ ਇਸ ਦੀਆਂ ਬਾਰੀਕੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨੈਸ਼ਨਲ ਮੈਡੀਸੀਨਲ ਪਲਾਂਟਸ ਬੋਰਡ ਦੇ ਡਾਇਰੈਕਟਰ ਡਾ. ਅਰੁਣ ਚੰਦਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਗੈਸਟ ਸਪੀਕਰ ਵਜੋਂ ਮੁੰਬਈ ਤੋਂ ਆਏ ਡਾ. ਸੰਦੀਪ ਰਾਜਪੂਤ ਨੇ ਆਯੁਰਵੈਦਿਕ ਗ੍ਰੰਥਾਂ ਦੇ ਸਰਲ ਅਧਿਐਨ ਅਤੇ ਸ਼ੁੱਧ ਆਯੁਰਵੈਦਿਕ ਪਧਤੀ ਨਾਲ ਇਲਾਜ ਬਾਰੇ ਵਿਚਾਰ ਸਾਂਝੇ ਕੀਤੇ, ਜਦਕਿ ਡਾ. ਨਿਤਿਨ ਧਰੁਵ ਨੇ ਆਪਣੇ ਰਿਸਰਚ ਵਿਸ਼ੇ “ਏਜ ਰਿਵਰਸਲ” ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਲੰਡਨ ਤੋਂ ਪਹੁੰਚੇ ਡਾ. ਸ਼ਮੀਰ ਨੇ ਧਵਨੀ ਵਿਗਿਆਨ ਸਬੰਧੀ ਆਪਣੇ ਅਧਿਐਨ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਸ਼ੁੱਧ ਸਾਤਵਿਕ ਭੋਜਨ ਮਿੱਟੀ ਦੇ ਬਰਤਨਾਂ ਵਿਚ ਪਰੋਸਿਆ ਗਿਆ ਅਤੇ ਪੂਰੇ ਪ੍ਰੋਗਰਾਮ ਨੂੰ ਪਲਾਸਟਿਕ ਮੁਕਤ ਰੱਖਿਆ ਗਿਆ। ਲਿਖਤ-ਪੜ੍ਹਤ ਲਈ ਪਰਾਲੀ ਤੋਂ ਤਿਆਰ ਕੀਤੇ ਕਾਗਜ਼ਾਂ ਦੀ ਵਰਤੋਂ ਕੀਤੀ ਗਈ, ਜਿਸ ਨਾਲ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਵੀ ਦਿੱਤਾ ਗਿਆ। ਇਸ ਦੌਰਾਨ ਗੰਭੀਰ ਅਤੇ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ‘ਤੇ ਵੀ ਚਰਚਾ ਕੀਤੀ ਗਈ ਅਤੇ ਉਨ੍ਹਾਂ ਨੂੰ ਆਯੁਰਵੇਦਿਕ ਦ੍ਰਿਸ਼ਟੀਕੋਣ ਨਾਲ ਸਮਝਾਇਆ ਗਿਆ। ਪ੍ਰੋਗਰਾਮ ਦੌਰਾਨ ਪੁਰਾਤਨ ਤੰਤੀ ਸਾਜ ਦਿਲਰੁਬਾ, ਰਬਾਬ ਅਤੇ ਤਾਨਪੁਰਾ ਨਾਲ ਮਰਯਾਦਿਤ ਢੰਗ ਨਾਲ ਭਾਈ ਤਾਜੇਸ਼ਵਰ ਸਿੰਘ (ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ) ਵੱਲੋਂ ਕੀਰਤਨ ਵੀ ਕੀਤਾ ਗਿਆ। ਅੰਤ ਵਿਚ ਇਨਾਮ ਵੰਡ ਸਮਾਰੋਹ ਦੌਰਾਨ ਪ੍ਰਬੰਧਕਾਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ। ਆਯੁਰਵੈਦਿਕ ਅਰੀਨਾ ਦੇ ਡਾਇਰੈਕਟਰ ਡਾ. ਗੁਰਪ੍ਰਕਾਸ਼ ਸਿੰਘ ਅਤੇ ਡਾ. ਅਰਸ਼ੀਆ ਮਹਾਜਨ ਨੇ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸਰੀਰ ਦੀ ਸ਼ੁੱਧੀ ਲਈ ਸਮੇਂ-ਸਮੇਂ ‘ਤੇ ਪੰਚਕਰਮ ਕਰਵਾਉਣਾ ਲਾਭਕਾਰੀ ਹੁੰਦਾ ਹੈ ਅਤੇ ਮੌਸਮ ਦੇ ਇਸ ਸਮੇਂ ਦੌਰਾਨ ਕਫ਼ ਦੋਸ਼ ਨੂੰ ਬਾਹਰ ਕੱਢਣ ਲਈ ਵਮਨ ਪ੍ਰਕਿਰਿਆ ਬਹੁਤ ਉਪਯੋਗੀ ਮੰਨੀ ਜਾਂਦੀ ਹੈ। ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਆਪਣੇ ਸਹਿਯੋਗੀ ਡਾ. ਨੇਹਾ ਚੇਤਲ ਕੌੜਾ ਅਤੇ ਡਾ. ਅਜੇ ਗਰਗ ਦਾ ਖਾਸ ਧੰਨਵਾਦ ਕੀਤਾ। ਭਾਗੀਦਾਰਾਂ ਨੇ ਵੀ ਇਸ ਵਿਲੱਖਣ ਆਯੋਜਨ ਦੀ ਖੂਬ ਸਰਾਹਨਾ ਕੀਤੀ। ਡਾ. ਗੁਰਪ੍ਰਕਾਸ਼ ਸਿੰਘ ਨੇ ਕਿਹਾ ਕਿ ਭਵਿੱਖ ਵਿਚ ਵੀ ਨੂਰਪੁਰਬੇਦੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਇਸ ਤਰ੍ਹਾਂ ਦੇ ਆਯੁਰਵੈਦਿਕ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ ਅਤੇ ਲੋਕਾਂ ਨੂੰ ਪੰਚਕਰਮ ਅਤੇ ਆਯੁਰਵੈਦ ਨਾਲ ਸੰਬੰਧਿਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।