ਆਤਮ ਹੱਤਿਆ ਦੀ ਵੱਧਦੀ ਹੋਈ ਪ੍ਰਵਿਰਤੀ ਵਿਰੁੱਧ ਸੈਮੀਨਾਰ
ਆਤਮ ਹੱਤਿਆ ਦੀ ਵੱਧਦੀ ਹੋਈ ਪ੍ਰਵਿਰਤੀ ਵਿਰੁੱਧ ਜਾਗਰੂਕ ਸੈਮੀਨਾਰ ਕਰਵਾਇਆ
Publish Date: Sat, 28 Feb 2026 04:18 PM (IST)
Updated Date: Sat, 28 Feb 2026 04:19 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਸਰਕਾਰੀ ਕਾਲਜ ਮਹੈਣ , ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਵਿਨੀਤਾ ਅਨੰਦ ਦੀ ਅਗਵਾਈ ਅਧੀਨ ਪੰਜਾਬ ਸਰਕਾਰ ਦੀ ਨੈਸ਼ਨਲ ਟਾਸਕ ਫੋਰਸ ਮੁਹਿੰਮ ਤਹਿਤ ਆਤਮ ਹੱਤਿਆ ਦੀ ਵੱਧਦੀ ਹੋਈ ਪ੍ਰਵਿਰਤੀ ਵਿਰੁੱਧ ਜਾਗਰੂਕ ਸੈਮੀਨਾਰ ਕਰਵਾਇਆ ਗਿਆ । ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਪਹਿਲੇ ਸਥਾਨ ’ਤੇ ਆਉਣ ਵਾਲੀ ਬੀ. ਏ ਭਾਗ ਤੀਜਾ ਦੀ ਨਾਜੀਆ ਅਤੇ ਜੋਤੀ ਨੇ ਕਿਹਾ ਕਿ ਆਤਮ ਹੱਤਿਆ ਦਾ ਕਲੰਕ ਮਾਨਵੀ ਸਮਾਜ ਦਾ ਸਭ ਤੋਂ ਭਿਆਨਕ ਦੁੱਖ ਹੈ। ਦੇਸ਼ ਭਰ ਵਿਚ ਤੰਦਰੁਸਤ ਮਾਨਸਿਕ ਸਿਹਤ ਦੀ ਘਾਟ ਕਾਰਨ ਪ੍ਰਤੀ ਸਾਲ 13 892 ਵਿਦਿਆਰਥੀ ਅਤੇ 28 ਕਿਸਾਨ ਆਤਮ ਹੱਤਿਆ ਕਰ ਰਹੇ ਹਨ। ਸੰਨ 1995 ਤੋਂ ਲੈ ਕੇ 2019 ਤੱਕ 1.7 ਲੱਖ ਵਿਦਿਆਰਥੀਆਂ ਨੇ , ਸੰਨ 1995 ਤੋਂ 2023 ਤੱਕ 3.9 ਲੱਖ ਕਿਸਾਨਾਂ ਨੇ ਅਤੇ ਪਿਛਲੇ ਪੰਜ ਸਾਲਾਂ ਵਿਚ 819 ਸੁਰੱਖਿਆ ਬਲਾਂ ਦੇ ਜਵਾਨਾਂ ਨੇ ਆਤਮ ਹੱਤਿਆ ਕੀਤੀ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਦੇਸ਼ ਭਰ ਚ ਸਲਾਨਾ 1 ਲੱਖ ਤੋਂ ਵੱਧ ਮਰਦ ਅਤੇ 45 ਹਜਾਰ ਤੋਂ ਵੱਧ ਔਰਤਾਂ ਆਤਮ ਹੱਤਿਆ ਕਰ ਲੈਂਦੇ ਹਨ। ਦੂਜੇ ਨੰਬਰ ’ਤੇ ਆਉਣ ਵਾਲੀ ਵਾਲੀ ਬੀ. ਏ ਭਾਗ ਦੂਜਾ ਦੀ ਸਿਖਾ ਰਾਨੀ ਅਤੇ ਅਨੂੰ ਦੇਵੀ ਨੇ ਕਿਹਾ ਕਿ ਆਤਮ ਹੱਤਿਆ ਜੀਵਨ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ। ਆਤਮ ਹੱਤਿਆ ਕਰਨ ਵਾਲੇ ਦੇ ਪਰਿਵਾਰ ਨੂੰ ਉਸ ਤੋਂ ਬਾਅਦ ਉਸ ਦੀਆਂ ਸਮੱਸਿਆਵਾਂ ਨਾਲੋ 100 ਗੁਣਾ ਵੱਧ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੀਵਨ ਭਰ ਉਸਦੀ ਆਤਮਾ ਹੱਤਿਆ ਦੇ ਕਲੰਕ ਦੇ ਦੁੱਖ ਨੂੰ ਸਹਿਣ ਕਰਨਾ ਪੈਂਦਾ ਹੈ। ਮਾਨਵੀ ਜੀਵਨ ਬਹੁਕੀਮਤੀ ਹੈ , ਜੀਵਨ ਦੀਆਂ ਸਮੱਸਿਆਵਾਂ , ਦੁੱਖ ਅਤੇ ਤਣਾਅ ਜੀਵਨ ਤੋਂ ਕਦੇ ਵੀ ਵੱਡੇ ਨਹੀਂ ਹੋ ਸਕਦੇ ਅਤੇ ਤੰਦਰੁਸਤ ਮਾਨਸਿਕ ਸਿਹਤ , ਸਧਾਰਨ ਜੀਵਨ ’ਤੇ ਉੱਚੀ ਸੌਚ ਰੱਖਦੇ ਹੋਏ ਅਤੇ ਉੱਚੀਆਂ ਇੱਛਾਵਾਂ ’ਤੇ ਕਾਬੂ ਰੱਖ ਕੇ ਜੀਵਨ ਨੂੰ ਖੂਬਸੂਰਤ ਬਣਾਇਆ ਜਾ ਸਕਦਾ ਹੈ। ਤੀਜੇ ਨੰਬਰ ’ਤੇ ਆਉਣ ਵਾਲੀ ਬੀ.ਏ ਭਾਗ ਪਹਿਲਾ ਦੀ ਜਸਨਦੀਪ ਕੌਰ ਅਤੇ ਕਾਜਲ ਨੇ ਕਿਹਾ ਕਿ ਹਰੇਕ ਮਨੁੱਖ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਪਿਆਰ ਕਰੇ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹੇ । ਮਨੁੱਖ ਦਾ ਜੀਵਨ ਸ਼ਿਰਫ ਉਸਦਾ ਆਪਣਾ ਹੀ ਨਹੀਂ ਹੁੰਦਾ ਸਗੋਂ ਉਸਦੇ ਪਰਿਵਾਰ ਅਤੇ ਸਮਾਜ ਦਾ ਵੀ ਹੁੰਦਾ ਹੈ । ਸਿਧਾਤਾਂ ਅਤੇ ਨਿਯਮਾਂ ਅਨੁਸਾਰ ਜੀਵਨ ਨਿਡਰ ਅਤੇ ਬਹਾਦਰ ਬਣਕੇ ਜਿਊਣਾ ਚਾਹੀਦਾ ਹੈ ਅਤੇ ਕਦੇ ਵੀ ਦੁੱਖਾਂ ਤੋਂ ਹਾਰ ਮੰਨ ਕੇ ਆਤਮ ਹੱਤਿਆ ਨਹੀਂ ਕਰਨੀ ਚਾਹੀਦੀ। ਆਤਮ ਹੱਤਿਆ ਦੀ ਸੌਚ ਨੂੰ ਖਤਮ ਕਰਨ ਲਈ ਸਮਾਜ ਵਿਚ ਪ੍ਰਚਾਰ ਜ਼ੋਰਦਾਰ ਪ੍ਰਚਾਰ ਕਰਨ ਦੀ ਲੋੜ ਹੈ। ਇਸ ਮੌਕੇ ਪ੍ਰੋ : ਸਰਨਦੀਪ ਨੇ ਕਿਹਾ ਕਿ ਆਤਮ ਹੱਤਿਆ ਇਕ ਗੰਭੀਰ ਬੁਰਾਈ ਹੈ ਅਤੇ ਆਤਮ ਹੱਤਿਆ ਦੀ ਸੌਚ ਦੀ ਬੁਰਾਈ ਨੂੰ ਖਤਮ ਕਰਨ ਲਈ ਅੱਜ ਸਮਾਜ ਦੇ ਹਰ ਨਾਗਰਿਕ ਨੂੰ ਅੱਗੇ ਆਉਣ ਦੀ ਮੌਲਿਕ ਲੋੜ ਹੈ।