ਮਨਰੇਗਾ ਕਾਨੂੰਨ ਖ਼ਿਲਾਫ਼ ਕੱਲ੍ਹ੍ ਤੱਕ ਜਾਗਰੂਕਤਾ ਮੁਹਿੰਮ ਜਾਰੀ
ਮਨਰੇਗਾ ਕਾਨੂੰਨ ਖਤਮ ਕਰਨ ਖਿਲਾਫ 4 ਜਨਵਰੀ ਤੱਕ ਜਾਗਰੂਕਤਾ ਮੁਹਿੰਮ ਜਾਰੀ
Publish Date: Fri, 02 Jan 2026 04:53 PM (IST)
Updated Date: Fri, 02 Jan 2026 04:56 PM (IST)

16 ਜਨਵਰੀ ਨੂੰ ਦੇਸ਼ ਦੇ ਮਜਦੂਰ-ਕਿਸਾਨ ਕਰਨਗੇ ਡਿਪਟੀ ਕਮਿਸ਼ਨਰ ਦਫ਼ਤਰਾਂ ਦਾ ਘਿਰਾਓ : ਸੁਰਜੀਤ ਸਿੰਘ ਢੇਰ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਕੇਂਦਰ ਸਰਕਾਰ ਵੱਲੋਂ ਮਗਨਰੇਗਾ ਨੂੰ ਖਤਮ ਕਰਨ, ਬਿਜਲੀ ਸੋਧ ਬਿੱਲ 2025,ਬੀਜ ਬਿੱਲ 2025 ਅਤੇ ਚਾਰ ਲੇਬਰ ਕੋਡਾਂ ਖਿਲਾਫ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ 28 ਦਸੰਬਰ ਤੋਂ 4 ਜਨਵਰੀ ਤੱਕ ਪਿੰਡਾਂ ਵਿਚ ਮੁਹਿੰਮ ਚਲਾਉਣ ਦੇ ਸੱਦੇ ਤੇ ਪਿੰਡ ਦੁਬੇਟਾ, ਹੰਬੇਵਾਲ, ਡੁਕਲੀ, ਮੇਘਪੁਰ, ਮਾਣਕਪੁਰ, ਪੱਟੀ, ਰਾਏਪੁਰ, ਬ੍ਰਹਮਪੁਰ ਵਿਖੇ ਮਜ਼ਦੂਰਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਮਨਰੇਗਾ ਕਾਨੂੰਨ ਖਤਮ ਕਰਨ ਖਿਲਾਫ਼ ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਬੋਲਦਿਆਂ ਕਾਮਰੇਡ ਸੁਰਜੀਤ ਸਿੰਘ ਢੇਰ, ਦਵਿੰਦਰ ਨੰਗਲੀ, ਗੁਲਜ਼ਾਰ ਸਿੰਘ, ਸਤਨਾਮ ਸਿੰਘ ਨੇ ਕਿਹਾ ਕਿ ਅੱਜ ਮਨਰੇਗਾ ਨੂੰ ਖਤਮ ਕਰਕੇ ਮਜਦੂਰਾਂ ਉਪਰ ਕੇਂਦਰ ਦੀ ਮੋਦੀ ਸਰਕਾਰ ਨੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਕਾਨੂੰਨ 2005 ਚ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਖੱਬੀਆਂ ਪਾਰਟੀਆਂ ਦੇ ਦਬਾਅ ਸਦਕਾ ਬਣਿਆ ਸੀ। ਇਹ ਕਾਨੂੰਨ ਮਜਦੂਰਾਂ ਨੂੰ ਪਿੰਡ ਵਿਚ ਜਾਂ ਪਿੰਡ ਦੇ ਨੇੜੇ ਹੀ ਸਾਲ ਵਿੱਚ 100 ਦਿਨ ਰੁਜ਼ਗਾਰ ਦੇਣ ਦੀ ਗਰੰਟੀ ਦਿੰਦਾ ਸੀ, ਤੇ ਕੰਮ ਦੀ ਮੰਗ ਕਰਨ ਤੇ 15 ਦਿਨਾਂ ਦੇ ਅੰਦਰ ਸਰਕਾਰ ਨੂੰ ਕੰਮ ਦੇਣ ਲਈ ਪਾਬੰਦ ਕਰਦਾ ਸੀ, ਪਰ ਹੁਣ ਮੋਦੀ ਸਰਕਾਰ ਨੇ ਇਸ ਮਜਦੂਰ ਹਿਤੈਸ਼ੀ ਕਾਨੂੰਨ ਦਾ ਭੋਗ ਪਾ ਦਿੱਤਾ ਹੈ ਤੇ ਜਲਦਬਾਜ਼ੀ ਵਿਚ ਇਸ ਦੀ ਥਾਂ ਕੋਈ ਨਵੀਂ ਸਕੀਮ ਵੀ ਬੀ ਜੀ ਰਾਮ ਜੀ ਬਣਾ ਦਿੱਤੀ ਹੈ, ਜਿਸ ਵਿਚ ਕਾਫੀ ਕੁੱਝ ਬਦਲ ਦਿੱਤਾ ਹੈ। ਇਸ ਨਵੀਂ ਸਕੀਮ ਚ ਮਜਦੂਰਾਂ ਵਲੋਂ ਕੰਮ ਮੰਗਣ ਤੇ ਕੰਮ ਦੇਣ ਦੀ ਕੋਈ ਗਰੰਟੀ ਨਹੀਂ ਹੈ । ਇਸ ਲਈ ਪਹਿਲਾਂ ਉਪਰੋਂ ਭਾਵ ਸਰਕਾਰ ਵਲੋਂ ਤਹਿ ਕੀਤੇ ਕੰਮਾਂ ਲਈ ਬੱਜਟ ਬਣੇਗਾ ਜਿਸ ਚ 40 ਫੀਸਦੀ ਸੂਬਾ ਸਰਕਾਰ ਨੂੰ ਪਾਉਣਾ ਹੋਵੇਗਾ ਜੇਕਰ ਸੂਬਾ ਸਰਕਾਰ ਇਹ ਪਾਵੇਗੀ ਤਾਂ ਤਹਿਸ਼ੁਦਾ ਗਿਣਤੀ ਦੇ ਕੰਮ ਹੀ ਚੱਲਣਗੇ, ਜਿਸ ਨਾਲ ਬਹੁਤ ਹੀ ਘੱਟ ਲੋਕਾਂ ਨੂੰ ਇਹ ਕੰਮ ਮਿਲੇਗਾ । ਦੂਜੇ ਪਾਸੇ ਸੂਬਾ ਸਰਕਾਰਾਂ ਪਹਿਲਾਂ ਹੀ ਕਰਜਿਆਂ ਦੇ ਬੋਝ ਥੱਲੇ ਦਬੀਆਂ ਪਈਆਂ ਹਨ ’ਤੇ ਇਹ 40% ਹਿੱਸਾ ਪਾਉਣ ਤੋਂ ਪਹਿਲਾਂ ਹੀ ਅਸਮਰੱਥ ਹਨ। ਮਨਰੇਗਾ ਦੇ ਬਹੁਤ ਸਾਰੇ ਕੰਮਾਂ ’ਤੇ ਮੋਦੀ ਸਰਕਾਰਾਂ ਨੇ ਪਹਿਲਾਂ ਹੀ ਕਟੌਤੀ ਲਗਾ ਦਿੱਤੀ ਹੈ, ਜਿਸ ਨਾਲ ਗਰੀਬ ਮਜਦੂਰਾਂ ਨੂੰ ਮਨਰੇਗਾ ਕਨੂੰਨ ਹੁੰਦੇ ਹੋਏ ਵੀ 100 ਦਿਨ ਕੰਮ ਨਹੀਂ ਮਿਲਿਆ ਫਿਰ ਹੁਣ ਇਸ ਨੂੰ ਇਕ ਜੀਰਾਮ ਜੀ ਸਕੀਮ ਤਹਿਤ ਚਲਾ ਕੇ ਕਿਥੋਂ ਸਰਕਾਰ ਕੰਮ ਦੇਵੇਗੀ ? ਉਨ੍ਹਾਂ ਕਿਹਾ ਕਿ ਕਿ ਮਜਦੂਰ ਜਮਾਤ ਨਾਲ ਇਹ ਸਰਾਸਰ ਕੇਂਦਰ ਸਰਕਾਰ ਦਾ ਧੱਕਾ ਹੈ। ਉਨ੍ਹਾਂ ਕਿਹਾ ਕਿ 12 ਫਰਵਰੀ 2026 ਨੂੰ ਦੇਸ਼ ਦੀ ਦੀਆਂ ਵੱਡੀਆਂ ਟਰੇਡ ਯੂਨੀਅਨਾਂ ਨੇ ਹੜਤਾਲ ਦਾ ਸੱਦਾ ਦਿੱਤਾ ਹੈ। ਦੇਸ਼ ਭਰ ਦੇ ਮਜ਼ਦੂਰ - ਕਿਸਾਨ 16 ਜਨਵਰੀ ਨੂੰ ਡਿਪਟੀ ਕਮਿਸ਼ਨਰਾਂ ਦਫ਼ਤਰਾਂ ਮੂਹਰੇ ਜ਼ਬਰਦਸਤ ਧਰਨੇ ਲਗਾਉਣਗੇ। ਜਿਸ ਵਿਚ ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦਾ ਸੱਦਾ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਜਦ ਤਕ ਮਨਰੇਗਾ ਮੁੜ ਬਹਾਲ ਨਹੀਂ ਹੁੰਦਾ ਦੇਸ਼ ਦਾ ਮਜਦੂਰ ਟਿਕ ਕੇ ਨਹੀਂ ਬੈਠੇਗਾ ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਇਸ ਮੌਕੇ ਪੁਸ਼ਵਾ ਦੇਵੀ , ਰੀਨਾ ਦੇਵੀ, ਤਾਰੋ ਦੇਵੀ, ਜਿਦਰਾ, ਸਵਿਤੱਰੀ ਦੇਵੀ, ਚਾਂਦ ਰਾਣੀ, ਕ੍ਰਿਸ਼ਨਾ, ਧੰਨਰਾਜ ਰਾਣਾ, ਕੇਵਲ ਕ੍ਰਿਸ਼ਨ, ਪ੍ਰੇਮ ਪ੍ਰਕਾਸ਼, ਰੈਨੂ ਬਾਲਾ, ਸ਼ੰਕੁਤਲਾ, ਕਮਲਾ ਦੇਵੀ, ਦਰਸ਼ਨ ਸਿੰਘ, ਅਸ਼ਵਨੀ, ਸੀਮਾ ਰਾਣੀ, ਕੁਸਮ, ਰਜਿੰਦਰ ਕੌਰ, ਕੇਵਲ ਡੁਕਲੀ, ਪ੍ਰੇਮ ਚੰਦ, ਜਾਗਰ ਸਿੰਘ, ਪਾਰੋ ਦੇਵੀ, ਦਿਆਲ ਕੌਰ, ਮੀਨਾ ਕੁਮਾਰੀ, ਸਵਰਨੋ, ਮੇਹਰ ਕੌਰ ਅਤੇ ਹੋਰ ਵੱਡੀ ਗਿਣਤੀ ਵਿਚ ਮਨਰੇਗਾ ਵਰਕਰ ਹਾਜ਼ਰ ਸਨ।