ਵਿਸਾਖੀ 'ਤੇ ਖ਼ੂਨੀ ਖੇਡ ਦੀ ਕੋਸ਼ਿਸ਼: ਸ੍ਰੀ ਕੀਰਤਪੁਰ ਸਾਹਿਬ ਮਾਰਗ 'ਤੇ ਸ਼ਰਧਾਲੂਆਂ ਦੀ ਟਰਾਲੀ 'ਤੇ ਫਾਇਰਿੰਗ, ਫਾਰਚੂਨਰ-ਸਕਾਰਪੀਓ ਸਵਾਰਾਂ ਨੇ ਮਚਾਇਆ ਤਾਂਡਵ
ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੀ ਸੰਗਤ 'ਤੇ ਬੀਤੀ ਰਾਤ ਕੁਝ ਅਪਰਾਧਿਕ ਅਨਸਰਾਂ ਵੱਲੋਂ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਆਦਮਪੁਰ (ਜਲੰਧਰ) ਤੋਂ ਸ੍ਰੀ ਅਨੰਦਪੁਰ ਸਾਹਿਬ ਜਾ ਰਹੀ ਟਰੈਕਟਰ-ਟਰਾਲੀ 'ਤੇ ਸਵਾਰ ਸੰਗਤ ਦਾ ਪਿੱਛਾ ਕਰਦੇ ਹੋਏ ਹਮਲਾਵਰਾਂ ਨੇ ਕਈ ਰਾਊਂਡ ਫਾਇਰ ਕੀਤੇ। ਗ਼ਨੀਮਤ ਰਹੀ ਕਿ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਟਰੈਕਟਰ ਅਤੇ ਟਰਾਲੀ 'ਤੇ ਗੋਲੀਆਂ ਦੇ ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਹਨ।
Publish Date: Tue, 14 Apr 2026 02:03 PM (IST)
Updated Date: Tue, 14 Apr 2026 02:05 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੀ ਸੰਗਤ 'ਤੇ ਬੀਤੀ ਰਾਤ ਕੁਝ ਅਪਰਾਧਿਕ ਅਨਸਰਾਂ ਵੱਲੋਂ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਆਦਮਪੁਰ (ਜਲੰਧਰ) ਤੋਂ ਸ੍ਰੀ ਅਨੰਦਪੁਰ ਸਾਹਿਬ ਜਾ ਰਹੀ ਟਰੈਕਟਰ-ਟਰਾਲੀ 'ਤੇ ਸਵਾਰ ਸੰਗਤ ਦਾ ਪਿੱਛਾ ਕਰਦੇ ਹੋਏ ਹਮਲਾਵਰਾਂ ਨੇ ਕਈ ਰਾਊਂਡ ਫਾਇਰ ਕੀਤੇ। ਗ਼ਨੀਮਤ ਰਹੀ ਕਿ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਟਰੈਕਟਰ ਅਤੇ ਟਰਾਲੀ 'ਤੇ ਗੋਲੀਆਂ ਦੇ ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਹਨ।
ਪਰਿਵਾਰ ਵਿਛੋੜਾ ਤੋਂ ਕੀਰਤਪੁਰ ਸਾਹਿਬ ਤੱਕ ਪਿੱਛਾ
ਪੀੜਤ ਤਲਵਿੰਦਰ ਸਿੰਘ ਵਾਸੀ ਪਿੰਡ ਸਿਕੰਦਰਪੁਰ (ਜਲੰਧਰ) ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਬਜ਼ੁਰਗਾਂ, ਬੀਬੀਆਂ ਅਤੇ ਬੱਚਿਆਂ ਸਮੇਤ ਸੰਗਤ ਲੈ ਕੇ ਵਿਸਾਖੀ ਮੌਕੇ ਨਤਮਸਤਕ ਹੋਣ ਲਈ ਆ ਰਹੇ ਸਨ। ਜਦੋਂ ਉਹ ਰਾਤ ਕਰੀਬ ਢਾਈ ਵਜੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਨਜ਼ਦੀਕ ਪਹੁੰਚੇ, ਤਾਂ ਪਿੱਛੋਂ ਆ ਰਹੀਆਂ ਫਾਰਚੂਨਰ ਅਤੇ ਸਕਾਰਪੀਓ ਗੱਡੀਆਂ ਵਿੱਚ ਸਵਾਰ ਹਮਲਾਵਰਾਂ ਨੇ ਉਨ੍ਹਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਹਮਲਾਵਰਾਂ ਦੇ ਨਾਲ ਕੁਝ ਲੋਕ ਟਰੈਕਟਰਾਂ 'ਤੇ ਵੀ ਸਵਾਰ ਸਨ, ਜੋ ਲਗਾਤਾਰ ਸੰਗਤ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਸਨ।
ਥਾਣੇ ਪਹੁੰਚ ਕੇ ਬਚਾਈ ਜਾਨ
ਤਲਵਿੰਦਰ ਸਿੰਘ ਮੁਤਾਬਕ ਹਮਲਾਵਰਾਂ ਨੇ ਪਿੰਡ ਤੋਂ ਹੀ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀ। ਆਪਣੀ ਅਤੇ ਸੰਗਤ ਦੀ ਜਾਨ ਬਚਾਉਣ ਲਈ ਉਹ ਟਰੈਕਟਰ ਭਜਾ ਕੇ ਸਿੱਧਾ ਥਾਣਾ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ, ਪਰ ਹਮਲਾਵਰ ਪੁਰਾਣੇ ਅਪਰਾਧੀ ਲੱਗਦੇ ਹਨ, ਜਿਨ੍ਹਾਂ 'ਤੇ ਪਹਿਲਾਂ ਵੀ ਆਰਮਜ਼ ਐਕਟ ਦੇ ਮਾਮਲੇ ਦਰਜ ਹੋ ਸਕਦੇ ਹਨ।
ਸੀਸੀਟੀਵੀ ਕੈਮਰੇ ਖੰਘਾਲ ਰਹੀ ਪੁਲਿਸ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਮੁਖੀ ਰਾਹੁਲ ਸ਼ਰਮਾ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁੱਖ ਮਾਰਗ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀਆਂ ਗੱਡੀਆਂ ਦੇ ਨੰਬਰ ਅਤੇ ਪਛਾਣ ਕੀਤੀ ਜਾ ਸਕੇ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।