ਜ਼ਿਲ੍ਹਾ ਦੇ ਦਿਵਿਆਂਗ ਬੱਚਿਆਂ ਨੂੰ ਸਹਾਇਕ ਉਪਕਰਨਾਂ ਦੀ ਕੀਤੀ ਵੰਡ
ਜ਼ਿਲ੍ਹਾ ਰੂਪਨਗਰ ਦੇ ਪੰਜ ਬਲਾਕਾਂ ਦੇ ਦਿਵਿਆਂਗ ਬੱਚਿਆਂ ਵਿੱਚ ਸਹਾਇਕ ਉਪਕਰਨਾਂ ਦੀ ਕੀਤੀ ਵੰਡ
Publish Date: Thu, 26 Feb 2026 05:29 PM (IST)
Updated Date: Thu, 26 Feb 2026 05:31 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤਹਿਤ ਅਤੇ ਕੈਬਨਿਟ ਮੰਤਰੀ ਸਿੱਖਿਆ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਜ਼ਿਲ੍ਹਾ ਰੂਪਨਗਰ ਦੇ ਪੰਜ ਬਲਾਕਾਂ ਦੇ ਚੁਣੌਤੀਗ੍ਰਸਤ ਦਿਵਿਆਂਗ ਬੱਚਿਆਂ ਲਈ ਸਹਾਇਕ ਉਪਕਰਨਾਂ ਦੀ ਵੰਡ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਵਿਨੋਦ ਕੁਮਾਰ ਵੱਲੋਂ ਬੱਚਿਆਂ ਵਿੱਚ ਕੈਲੀਪਰ, ਰੋਲੇਟਰ, ਐਮ.ਆਰ. ਕਿੱਟ, ਵੀਲਚੇਅਰ, ਸੁਣਨ ਯੰਤਰ ਅਤੇ ਹੋਰ ਜ਼ਰੂਰੀ ਸਹਾਇਕ ਸਮੱਗਰੀ ਵੰਡੀਆਂ ਗਈਆਂ। ਇਸ ਕੈਂਪ ਦਾ ਮਕਸਦ ਚੁਣੌਤੀਗ੍ਰਸਤ ਬੱਚਿਆਂ ਨੂੰ ਰੋਜ਼ਾਨਾ ਜੀਵਨ ਅਤੇ ਸਕੂਲੀ ਸਿੱਖਿਆ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਘਟਾਉਣਾ ਹੈ, ਤਾਂ ਜੋ ਉਹ ਆਤਮਨਿਰਭਰ ਬਣ ਸਕਣ ਅਤੇ ਸਿੱਖਿਆ ਨਾਲ ਜੁੜ ਸਕਣ। ਵੱਡੀ ਗਿਣਤੀ ਵਿੱਚ ਮਾਪੇ ਅਤੇ ਬੱਚੇ ਇਸ ਕੈਂਪ ਵਿੱਚ ਸ਼ਾਮਿਲ ਹੋਏ ਅਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਦੀ ਸ਼ਲਾਘਾ ਕੀਤੀ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਅਤੇ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਇਹ ਕੈਂਪ ਸਮੱਗਰ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਅਲਿਮਕੋ ਕਾਨਪੁਰ ਦੇ ਤਕਨੀਕੀ ਸਹਿਯੋਗ ਨਾਲ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਉਪਕਰਨ ਬੱਚਿਆਂ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਮੁਹੱਈਆ ਕਰਵਾਏ ਗਏ ਹਨ, ਤਾਂ ਜੋ ਤੁਰਨ, ਸੁਣਨ ਜਾਂ ਹੋਰ ਸਰੀਰਕ ਅਸਮਰਥਾਵਾਂ ਨਾਲ ਜੂਝ ਰਹੇ ਬੱਚੇ ਸਕੂਲ ਆ ਕੇ ਆਰਾਮ ਨਾਲ ਪੜ੍ਹਾਈ ਕਰ ਸਕਣ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਜਿਹੜੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ ਗੰਭੀਰ ਬਿਮਾਰੀਆਂ ਨਾਲ ਪੀੜਤ ਹਨ, ਉਨ੍ਹਾਂ ਦਾ ਇਲਾਜ ਸਰਕਾਰ ਵੱਲੋਂ ਮੁਫ਼ਤ ਕਰਵਾਇਆ ਜਾਂਦਾ ਹੈ ਅਤੇ ਲੋੜ ਪੈਣ ’ਤੇ ਮੈਡੀਕਲ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਮੌਕੇ ਸੁਪਰਡੈਂਟ ਅਮਰੀਕ ਸਿੰਘ, ਸਪੈਸ਼ਲ ਐਜੂਕੇਟਰ ਸੁਰਿੰਦਰ ਸਿੰਘ ਭਟਨਾਗਰ, ਗੁਰਤੇਜ ਕੌਰ, ਨੀਲਮ, ਰੀਤੂ, ਰੁਪਿੰਦਰ ਕੌਰ, ਸੰਤੋਸ਼, ਗੁਰਵਿੰਦਰ ਅਤੇ ਰੀਮਾ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।