ਸ਼ਹੀਦ ਜੋਬਨਜੀਤ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ
ਸ਼ਹੀਦ ਜੋਬਨ ਜੀਤ ਸਿੰਘ ਦੀਆਂ ਅਸਥੀਆਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ
Publish Date: Sun, 25 Jan 2026 05:56 PM (IST)
Updated Date: Mon, 26 Jan 2026 04:10 AM (IST)

ਸ਼ਹੀਦ ਜੋਬਨਜੀਤ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ ਸ਼ਹੀਦ ਜੋਬਨਜੀਤ ਸਿੰਘ ਅਮਰ ਰਹੇ ਦੇ ਜੈਕਾਰੇ ਗੂੰਜੇ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਪਿੰਡ ਚਨੋਲੀ ਤੋਂ ਸੰਬੰਧਿਤ ਭਾਰਤੀ ਫੌਜ ਦਾ ਜਵਾਨ ਜੋਬਨਜੀਤ ਸਿੰਘ ਜੋ ਪਿਛਲੇ ਦਿਨੀ ਸ਼ਹੀਦੀ ਪ੍ਰਾਪਤ ਕਰਕੇ ਆਪਣੀ ਅਮੋਲਕ ਜਾਨ ਨੂੰ ਦੇਸ਼ ਉੱਤੋਂ ਕੁਰਬਾਨ ਕਰ ਗਿਆ ਸੀ, ਉਸਦੀਆਂ ਅਸਥੀਆਂ ਅੱਜ ਸ਼੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਨਜ਼ਦੀਕ ਸਤਲੁਜ ਦਰਿਆ ਤੇ ਬਣੇ ਅਸਤਘਾਟ ਵਿਚ ਨਮ ਅੱਖਾਂ ਅਤੇ ਸ਼ਹੀਦ ਅਮਰ ਰਹੇ ਦੇ ਜੈਕਾਰੇ ਨਾਲ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਦੌਰਾਨ ਸ਼ਹੀਦ ਜੋਬਨਜੀਤ ਸਿੰਘ ਦੇ ਪਿਤਾ ਸੂਬੇਦਾਰ ਬਲਵੀਰ ਸਿੰਘ, ਬਖਸ਼ੀਸ਼ ਸਿੰਘ, ਗੁਰਚੈਨ ਸਿੰਘ ਤੋਂ ਇਲਾਵਾ ਇਲਾਕੇ ਦੇ ਮੁਹਤਬਰ ਲੋਕ ਜੋਬਨਜੀਤ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚੇ ਸਨ ।ਇਸ ਦੌਰਾਨ ਇੱਕ ਕਾਫਿਲੇ ਦੇ ਰੂਪ ਵਿੱਚ ਸ਼ਹੀਦ ਜੋਬਨਜੀਤ ਸਿੰਘ ਦੀਆਂ ਅਸਥੀਆਂ ਨੂੰ ਲਿਆਦਾ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਨਿਕਟ ਬਣੇ ਅਸਤਘਾਟ ’ਤੇ ਅੰਤਿਮ ਅਰਦਾਸ ਕਰਦੇ ਹੋਏ ਪਰਿਵਾਰ ਨੂੰ ਪਰਮਾਤਮਾ ਦਾ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਬੇਨਤੀ ਕੀਤੀ ਗਈ। ਇਸ ਦੌਰਾਨ ਅਰਦਾਸ ਉਪਰੰਤ ਸ਼ਹੀਦ ਜੋਬਨਜੀਤ ਸਿੰਘ ਅਮਰ ਰਹੇ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੇ ਨਾਲ ਅਸਥੀਆਂ ਨੂੰ ਨਮ ਅੱਖਾਂ ਦੇ ਨਾਲ ਜਲ ਪ੍ਰਵਾਹ ਕੀਤਾ ਗਿਆ, ਜਿਸ ਤੋਂ ਬਾਅਦ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਪਰਿਵਾਰ ਨੇ ਸਾਕ ਸਬੰਧੀਆਂ ਦੇ ਨਾਲ ਨਤਮਸਤਕ ਹੋ ਕੇ ਜੋਬਨਜੀਤ ਦੇ ਲਈ ਅੰਤਿਮ ਅਰਦਾਸ ਕਰਵਾਈ। ਕਾਬਲੇ ਗੌਰ ਹੈ ਕਿ ਪਿਛਲੇ ਦਿਨੀ ਜੰਮੂ ਕਸ਼ਮੀਰ ਵਿਚ ਫੌਜ ਦੀ ਗੱਡੀ ਬੇਕਾਬੂ ਹੋ ਕੇ 200 ਫੁੱਟ ਡੂੰਘੀ ਖਾਈ ਵਿਚ ਜਾ ਡਿੱਗੀ ਸੀ ਜਿਸ ਨਾਲ ਜੋਬਨ ਜੀਤ ਸਿੰਘ ਸਮੇਤ ਦਾਸ ਫੌਜ ਦੇ ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਕਈ ਗੰਭੀਰ ਜ਼ਖਮੀ ਹੋ ਗਏ ਸਨ। ਬੀਤੇ ਕੱਲ ਜੋ ਜੋਬਨਜੀਤ ਸਿੰਘ ਦੀ ਮਿਰਤਕ ਦੇ ਉਨ੍ਹਾਂ ਦੇ ਘਰ ਗੋਬਿੰਦਵੈਲੀ ਰੂਪਨਗਰ ਵਿਖੇ ਪਹੁੰਚੀ ਸੀ ਜਿੱਥੇ ਫੌਜ ਦੇ ਜਵਾਨਾਂ ਵੱਲੋਂ ਸਲਾਮੀ ਦੇਣ ਉਪਰੰਤ ਉਹਨਾਂ ਦਾ ਸੰਸਕਾਰ ਰੂਪਨਗਰ ਵਿਖੇ ਕੀਤਾ ਗਿਆ ਸੀ। ਇਸ ਦੌਰਾਨ ਸ਼ਹੀਦ ਜੋਬਨਜੀਤ ਸਿੰਘ ਦੇ ਪਿਤਾ ਨੇ ਫੌਜ ਦੀ ਵਰਦੀ ਪਾ ਕੇ ਸੂਬੇਦਾਰ ਬਲਬੀਰ ਸਿੰਘ ਨੇ ਆਪਣੇ ਪੁੱਤਰ ਨੂੰ ਆਖਰੀ ਵਿਦਾਇਗੀ ਦਿੱਤੀ ਸੀ। ਇਸ ਦੌਰਾਨ ਦੁਖੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਵੱਖ-ਵੱਖ ਮੋਹਤਬਰਾਂ ਨੇ ਕਿਹਾ ਕਿ ਜਿੱਥੇ ਪਰਿਵਾਰ ਨੂੰ ਦੁੱਖ ਹੈ ਉੱਥੇ ਇਹ ਮਾਣ ਵੀ ਮਹਿਸੂਸ ਹੋ ਰਿਹਾ ਹੈ ਕੀ ਉਹਨਾਂ ਦਾ ਨੌਜਵਾਨ ਪੁੱਤਰ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਗਿਆ।