ਮਿੱਟੀ ਦੀ ਖੁਸ਼ਬੂ ‘ਚ ਰਚੀ ਕਲਾ, ਕੋਲਾਪੁਰ ਦੀ ਧਰਤੀ ‘ਤੇ ਵਿਰਸੇ ਨੇ ਮਾਰੀ ਦਸਤਕ
ਮਿੱਟੀ ਦੀ ਖੁਸ਼ਬੂ ‘ਚ ਰਚੀ ਕਲਾ, ਕੋਲਾਪੁਰ ਦੀ ਧਰਤੀ ‘ਤੇ ਵਿਰਸੇ ਨੇ ਮਾਰੀ ਦਸਤਕ
Publish Date: Fri, 23 Jan 2026 04:47 PM (IST)
Updated Date: Fri, 23 Jan 2026 04:48 PM (IST)

ਮਿੱਟੀ ਦੀ ਖੁਸ਼ਬੂ ‘ਚ ਰਚੀ ਕਲਾ, ਕੋਲਾਪੁਰ ਦੀ ਧਰਤੀ ‘ਤੇ ਵਿਰਸੇ ਨੇ ਮਾਰੀ ਦਸਤਕ ਲਾਲ ਜੀ ਦਾਸ ਦੀ ਟੀਮ ਦੇ ਕਰਤੱਬ, ਹਿੰਮਤ, ਹੁਨਰ ਤੇ ਲੋਕ ਕਲਾਵਾਂ ਹੋਈਆਂ ਰੂਬਰੂ ਪ੍ਰਵਾਸੀ ਕਲਾਕਾਰਾਂ ਵੱਲੋਂ ਪੁਰਾਤਨ ਵਿਰਸੇ ਨੂੰ ਸੁਰਜੀਤ ਰੱਖਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਖੇਤਰ ਦੇ ਪਿੰਡ ਕੋਲਾਪੁਰ ਵਿੱਚ ਉਸ ਵੇਲੇ ਮਾਹੌਲ ਰੰਗਾਂ, ਰੌਣਕਾਂ ਅਤੇ ਪੁਰਾਤਨ ਵਿਰਸੇ ਦੀ ਮਹਿਕ ਨਾਲ ਭਰ ਗਿਆ, ਜਦੋਂ ਲੋਕ ਕਲਾਵਾਂ ਅਤੇ ਸਰੀਰਕ ਕਰਤੱਬਾਂ ਦੀ ਅਨੋਖੀ ਪੇਸ਼ਕਾਰੀ ਨੇ ਪਿੰਡ ਵਾਸੀਆਂ ਨੂੰ ਆਪਣੇ ਨਾਲ ਜੋੜ ਲਿਆ। ਇਹ ਸਮਾਗਮ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ ਰਿਹਾ, ਸਗੋਂ ਉਸ ਦੌਰ ਦੀ ਯਾਦ ਤਾਜ਼ਾ ਕਰ ਗਿਆ, ਜਦੋਂ ਪਿੰਡਾਂ ਦੀ ਪਛਾਣ ਮੇਲੇ, ਛਿੰਜਾਂ ਅਤੇ ਕਰਤੱਬਬਾਜ਼ੀਆਂ ਨਾਲ ਹੁੰਦੀ ਸੀ। ਇਸ ਮੌਕੇ ਕਾਨਪੁਰ (ਉੱਤਰ ਪ੍ਰਦੇਸ਼) ਦੇ ਕਨੇਰ ਪਿੰਡ ਤੋਂ ਪ੍ਰਸਿੱਧ ਕਲਾਕਾਰ ਲਾਲ ਜੀ ਦਾਸ ਆਪਣੀ ਟੀਮ ਸਮੇਤ ਕੋਲਾਪੁਰ ਪਹੁੰਚੇ। ਟੀਮ ਵਿੱਚ ਸ਼ਾਮਿਲ ਮਹਿੰਦਰ ਕੁਮਾਰ, ਬਹਾਦਰ ਅਤੇ ਹੋਰ ਕਲਾਕਾਰਾਂ ਨੇ ਆਪਣੀ ਕਲਾ ਅਤੇ ਸਰੀਰਕ ਸਮਰੱਥਾ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਜਿਵੇਂ ਹੀ ਕਰਤੱਬਾਂ ਦੀ ਸ਼ੁਰੂਆਤ ਹੋਈ, ਪਿੰਡ ਦੇ ਬੱਚਿਆਂ ਤੋਂ ਲੈ ਕੇ ਵੱਡੇ-ਵਡੇਰੇ ਤੱਕ ਸਾਰੇ ਹੀ ਮੈਦਾਨ ਵੱਲ ਖਿੱਚੇ ਚਲੇ ਆਏ। ਕਲਾਕਾਰਾਂ ਵੱਲੋਂ ਹਵਾ ਵਿੱਚ ਉੱਚੀਆਂ ਛਾਲਾਂ ਮਾਰਨਾ, ਦੰਦਾਂ ਨਾਲ ਭਾਰਾ ਗਾਡਰ ਚੁੱਕਣਾ, ਪੈਰਾਂ ਦੇ ਸਹਾਰੇ ਗਾਡਰ ‘ਤੇ ਛੇ ਤੋਂ ਵੱਧ ਸਾਈਕਲਾਂ ਚੁੱਕ ਕੇ ਸੰਤੁਲਨ ਬਣਾਈ ਰੱਖਣਾ, ਲੱਕੜੀ ਦੇ ਗੋਲ ਚੱਕਰ ਵਿਚੋਂ ਛਾਲ ਮਾਰ ਕੇ ਆਰ-ਪਾਰ ਹੋ ਜਾਣਾ ਅਤੇ ਛਾਤੀ ‘ਤੇ ਇੱਟਾਂ ਤੋੜਨ ਵਰਗੇ ਦਿਲ ਦਹਿਲਾਉਂਦੇ ਕਰਤੱਬਾਂ ਨੇ ਦਰਸ਼ਕਾਂ ਨੂੰ ਦੰਗ ਕਰ ਦਿੱਤਾ। ਹਰ ਇਕ ਪੇਸ਼ਕਾਰੀ ਵਿੱਚ ਸਰੀਰਕ ਤਾਕਤ ਦੇ ਨਾਲ-ਨਾਲ ਸਾਲਾਂ ਦੀ ਮਿਹਨਤ, ਅਨੁਸ਼ਾਸਨ ਅਤੇ ਅਨੁਭਵ ਸਾਫ਼ ਝਲਕਦਾ ਨਜ਼ਰ ਆਇਆ। ਜ਼ਿਕਰਯੋਗ ਹੈ ਕਿ ਬੀਤੇ ਸਮੇਂ ਦੌਰਾਨ ਪੰਜਾਬ ਦੇ ਪਿੰਡਾਂ ਵਿੱਚ ਅਜਿਹੇ ਕਰਤੱਬ ਅਕਸਰ ਛਿੰਜਾਂ, ਮੇਲਿਆਂ ਅਤੇ ਤਿਉਹਾਰਾਂ ਮੌਕੇ ਆਯੋਜਿਤ ਕੀਤੇ ਜਾਂਦੇ ਸਨ, ਜੋ ਲੋਕਾਂ ਲਈ ਮਨੋਰੰਜਨ ਦੇ ਨਾਲ-ਨਾਲ ਸਾਂਝੀ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੁੰਦੇ ਸਨ। ਪਰ ਆਧੁਨਿਕ ਦੌਰ ਅਤੇ ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਕਾਰਨ ਹੌਲੀ-ਹੌਲੀ ਇਹ ਪੁਰਾਤਨ ਕਲਾਵਾਂ ਹਾਸ਼ੀਏ ‘ਤੇ ਚਲੀਆਂ ਗਈਆਂ ਹਨ, ਜਿਸ ਨਾਲ ਸਾਡਾ ਲੋਕ ਵਿਰਸਾ ਲਗਾਤਾਰ ਖਤਰੇ ‘ਚ ਪੈਂਦਾ ਜਾ ਰਿਹਾ ਹੈ। ਹਾਲਾਂਕਿ, ਕਿਤੇ ਨਾ ਕਿਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆ ਕੇ ਪੰਜਾਬ ਵਿੱਚ ਵੱਸ ਰਹੇ ਇਹ ਪ੍ਰਵਾਸੀ ਕਲਾਕਾਰ ਅਜਿਹੀ ਲੋਕ ਕਲਾ ਨੂੰ ਜੀਵਤ ਰੱਖਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਲਾਲ ਜੀ ਦਾਸ ਅਤੇ ਉਨ੍ਹਾਂ ਦੀ ਟੀਮ ਵਰਗੇ ਕਲਾਕਾਰਾਂ ਦੀ ਮਿਹਨਤ ਇਸ ਗੱਲ ਦੀ ਗਵਾਹੀ ਹੈ ਕਿ ਅਜੇ ਵੀ ਸਾਡੀ ਮਿੱਟੀ ਵਿੱਚ ਵਿਰਸੇ ਨਾਲ ਜੁੜਨ ਦੀ ਤਾਕਤ ਮੌਜੂਦ ਹੈ। ਹਰ ਇਕ ਕਰਤੱਬ ਮਗਰੋਂ ਦਰਸ਼ਕਾਂ ਵੱਲੋਂ ਵੱਜੀਆਂ ਤਾੜੀਆਂ ਇਸ ਗੱਲ ਦੀ ਗਵਾਹੀ ਭਰ ਰਹੀਆਂ ਸਨ ਕਿ ਲੋਕ ਅਜੇ ਵੀ ਆਪਣੀ ਮਿੱਟੀ ਨਾਲ ਜੁੜੀ ਕਲਾ ਨੂੰ ਦਿਲੋਂ ਸਨਮਾਨ ਦਿੰਦੇ ਹਨ। ਸਮਾਗਮ ਦੇ ਅੰਤ ਵਿੱਚ ਸਮੁੱਚੇ ਪਿੰਡ ਵਾਸੀਆਂ ਵੱਲੋਂ ਕਲਾਕਾਰਾਂ ਨੂੰ ਆਪਣੇ-ਆਪਣੇ ਪੱਧਰ ‘ਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਕੋਲਾਪੁਰ ਵਿੱਚ ਆਯੋਜਿਤ ਇਹ ਸਮਾਗਮ ਪੁਰਾਤਨ ਲੋਕ ਕਲਾਵਾਂ ਨੂੰ ਸੰਭਾਲਣ, ਉਨ੍ਹਾਂ ਨੂੰ ਮੁੜ ਜਿੰਦਾਵਾਦ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਇੱਕ ਯਾਦਗਾਰ ਕੋਸ਼ਿਸ਼ ਵਜੋਂ ਲੰਮੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ। ਇਸ ਮੌਕੇ ਗੱਲ ਕਰਦੀਆਂ ਲਾਲ ਜੀ ਦਾਸ ਨੇ ਦੱਸਿਆ ਕਿ ਉਨਾਂ ਦੀਆਂ ਤਿੰਨ ਪੀੜੀਆਂ ਇਸ ਕਿੱਤੇ ਨਾਲ ਜੁੜੀਆਂ ਹੋਈਆਂ ਹਨ ਅਤੇ ਉਹ ਅੱਜ ਵੀ ਆਪਣੇ ਬਜ਼ੁਰਗਾਂ ਦੀ ਦਿੱਤੀ ਹੋਈ ਕਲਾ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ।