ਚੋਰਾਂ ਦੀ ਦਹਿਸ਼ਤ ਹੇਠ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ
ਚੌਰਾਂ ਦੀ ਦਹਿਸ਼ਤ ’ਚ ਅਨੰੰਦਪੁਰ ਵਾਸੀ
Publish Date: Fri, 23 Jan 2026 04:42 PM (IST)
Updated Date: Fri, 23 Jan 2026 04:45 PM (IST)

ਚੌਰਾਂ ਦੀ ਦਹਿਸ਼ਤ ’ਚ ਅਨੰੰਦਪੁਰ ਵਾਸੀਪੁਲਿਸ ਪੂਰੀ ਤਰ੍ਹਾਂ ਨਾਲ ਚੌਕਸ ਹੈ : ਚੌਕੀ ਇੰਚਾਰਜ਼ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਨਾਲ ਲੱਗਦੇ ਪਿੰਡ ਚੱਕ ਹੋਲਗੜ ਵਿੱਚ ਚੋਰਾਂ ਦੀ ਦਹਿਸ਼ਤ ਬਰਕਰਾਰ ਹੈ। ਬੀਤੀ ਰਾਤ ਚੋਰ ਕਈ ਘਰਾਂ ਵਿੱਚ ਘੁੰਮੇ ਤੇ ਤਾਲੇ ਤੋੜ ਕੇ ਨੁਕਸਾਨ ਪਹੁੰਚਾਇਆ। ਪਿੰਡ ਦੇ ਮੌਜੂਦਾ ਸਰਪੰਚ ਮੁਕਤ ਕੋਰ ਦੇ ਪਤੀ ਹਰਤੇਗਵੀਰ ਸਿੰਘ ਤੇਗੀ ਅਤੇ ਸਾਬਕਾ ਸਰਪੰਚ ਪ੍ਰਿੰਸੀਪਲ ਨਿਰੰਜਨ ਸਿੰਘ ਨੇ ਦੱਸਿਆ ਕਿ ਇਸ ਘਟਨਾ ਨਾਲ ਪਿੰਡ ਵਾਸੀਆਂ ਵਿੱਚ ਡਰ ਪੈਦਾ ਹੋਇਆ ਹੈ। ਤੇਗੀ ਨੇ ਦੱਸਿਆ ਕਿ ਮੇਰੇ ਉਸਦੇ ਘਰ ਵਿੱਚ ਚੋਰੀ ਦੀ ਇਹ ਚੌਥੀ ਵਾਰਦਾਤ ਹੈ। ਪਹੁੰਚੇ ਨੁਕਸਾਨ ਬਾਰੇ ਪੁਲਿਸ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ ਪਰ ਪਿਛਲੀਆਂ ਚੋਰੀਆਂ ਸਬੰਧੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਲੱਗਦਾ ਹੈ ਕਿ ਸਰਕਾਰ ਗੂੜੀ ਨੀਂਦ ਵਿਚ ਹੈ ਅਤੇ ਗੁਰੂ ਨਗਰੀ ਦੇ ਲੋਕਾਂ ਦੀ ਰਾਖੀ ਕਰਨ ਤੋਂ ਅਸਮਰਥ ਹੈ। ਸਾਬਕਾ ਸਰਪੰਚ ਨਿਰੰਜਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12.30 ਵਜੇ ਉਹਨਾਂ ਦੇ ਦਰਵਾਜੇ ਤੇ ਖੜਕ ਹੋਈ ਪਰ ਜਦੋਂ ਉਹ ਬਾਹਰ ਨਿਕਲੇ ਤਾਂ ਚੋਰ ਸ਼ਾਇਦ ਨੱਠ ਗਏ। ਉਹਨਾਂ ਚਿੰਤਾ ਜਤਾਈ ਕਿ ਤੇਗੀ ਦੇ ਘਰੋਂ ਇੱਕ ਤਿੱਖਾ ਛੁਰਾ ਵੀ ਮਿਲਿਆ ਜੋ ਚਿੰਤਾਜਨਕ ਹੈ। ਗੁਆਂਢੀ ਪਿੰਦਰ ਸਿੰਘ ਨੇ ਦੱਸਿਆ ਕਿ ਰਾਤ ਨੂੰ ਛੱਤ ਜਾਂ ਕੋਠਿਆਂ ਤੋਂ ਦੌੜਨ ਦੀ ਆਵਾਜ਼ ਸੁਣੀ ਅਤੇ ਜਦੋਂ ਉਹ ਉੱਠ ਕੇ ਵੇਖਣ ਲਈ ਨਿਕਲੇ ਤਾਂ ਚੋਰ ਕੰਧ ਟੱਪ ਕੇ ਭੱਜਦੇ ਦੇਖੇ। ਪਾਸੇ ਰਹਿੰਦੀ ਧਰਮ ਸਿੰਘ ਦੀ ਪਤਨੀ ਨੇ ਦੱਸਿਆ ਕਿ ਰਾਤ ਬਾਥਰੂਮ ਲਈ ਉੱਠੇ ਤਾਂ ਦੇਖਿਆ ਕਿ ਤਿੰਨ ਬੰਦੇ ਖੇਤਾਂ ਰਾਹੀਂ ਬੁਕਲ ਮਾਰੇ ਹੋਏ ਨਿਕਲ ਗਏ। ਪਿੰਡ ਵਸਨੀਕ ਸਰੋਜ ਬਾਲਾ ਨੇ ਦੱਸਿਆ ਕਿ ਚੋਰ ਘੁੰਮ ਰਹੇ ਹਨ ਅਤੇ ਬੀਤੀ ਰਾਤ ਘਰ ਦੇ ਤਾਲੇ ਵੀ ਤੋੜੇ ਗਏ। ਉਹਨਾਂ ਕਿਹਾ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਅਤੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਤੇ ਦਹਿਸ਼ਤ ਭਰਿਆ ਮਾਹੌਲ ਖਤਮ ਕੀਤਾ ਜਾਵੇ। ਤੇਗੀ ਨੇ ਕਿਹਾ ਕਿ ਇਲਾਕੇ ਵਿੱਚ ਚੋਰੀਆਂ ਤੇ ਨਸ਼ੇ ਦੀਆਂ ਗਤੀਵਿਧੀਆਂ ਵੱਧ ਰਹੀਆਂ ਹਨ। ਉਹਨਾਂ ਕਿਹਾ ਮੇਰੇ ਉੱਤੇ ਵੀ ਨਸ਼ੇੜੀਆਂ ਵੱਲੋਂ ਹਮਲਾ ਹੋਇਆ ਸੀ ਅਤੇ ਘਰ ਵਿੱਚ ਪਹਿਲਾਂ ਵੀ ਤਿੰਨ ਵਾਰ ਚੋਰੀ ਹੋਈ ਪਰ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਨਸ਼ੇ ਵੇਚਣ ਅਤੇ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਕੀ ਕਹਿਣਾ ਹੈ ਪੁਲਿਸ ਦਾ ? ਜਦੋਂ ਚੌਂਕੀ ਇੰਚਾਰਜ ਜਸਮੇਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹ ਖੁਦ ਮੌਕੇ ਦਾ ਮੁਆਇਨਾ ਕਰ ਚੁੱਕੇ ਹਨ। ਉਹਨਾਂ ਕਿਹਾ ਕਿਸੇ ਦਾ ਵੱਡਾ ਨੁਕਸਾਨ ਨਹੀਂ ਹੋਇਆ ਪਰ ਪੜਤਾਲ ਜਾਰੀ ਹੈ। 26 ਜਨਵਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਤ ਦੀ ਗਸ਼ਤ ਹੋਰ ਵਧਾਈ ਗਈ ਹੈ ਅਤੇ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਉਹਨਾਂ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਦਿਖੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।