ਵਰਕ ਆਰਡਰ ਹੋਣ ਦੇ ਬਾਵਜੂਦ ਕਈ ਵਿਕਾਸ ਕਾਰਜ ਰੁਕੇ : ਪ੍ਰਧਾਨ ਪਾਲੀ ਸ਼ਾਹ ਕੌੜਾ
ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਪ੍ਰਧਾਨ ਅਤੇ ਕੌਂਸਲਰ ਦੇ ਦੋਸ਼
Publish Date: Tue, 10 Mar 2026 05:59 PM (IST)
Updated Date: Tue, 10 Mar 2026 06:00 PM (IST)

ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਧਾਨ ਅਤੇ ਕੌਂਸਲਰ ਨੇ ਲਾਏ ਦੋਸ਼ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਨਗਰ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਸਬੰਧੀ ਮਤੇ ਪਾਸ ਕੀਤੇ ਗਏ ਹਨ। ਪਰੰਤੂ ਵਰਕ ਆਰਡਰ ਜਾਰੀ ਹੋਣ ਦੇ ਬਾਵਜੂਦ ਸੰਬੰਧਿਤ ਠੇਕੇਦਾਰਾਂ ਵੱਲੋਂ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਕਈ ਵਿਕਾਸ ਅਤੇ ਨਿਰਮਾਣ ਕਾਰਜ ਰੁਕੇ ਪਏ ਹਨ। ਨਗਰ ਪੰਚਾਇਤ ਦੇ ਪ੍ਰਧਾਨ ਸੁਰਿੰਦਰ ਪਾਲ ਕੋੜਾ ਸਮੇਤ ਕੁਝ ਕੌਂਸਲਰਾਂ ਨੇ ਠੇਕੇਦਾਰਾਂ ‘ਤੇ ਮਨਮਰਜ਼ੀ ਨਾਲ ਕੰਮ ਕਰਨ ਦੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਨਗਰ ਪੰਚਾਇਤ ਕੀਰਤਪੁਰ ਸਾਹਿਬ ਦਾ ਗਠਨ ਹੋਏ ਲਗਭਗ 13 ਸਾਲ ਹੋ ਚੁੱਕੇ ਹਨ, ਜਦਕਿ ਨਗਰ ਪੰਚਾਇਤ ਦੇ ਪਹਿਲੀਆਂ ਚੋਣਾਂ ਨੂੰ ਵੀ ਲਗਭਗ ਪੰਜ ਸਾਲ ਪੂਰੇ ਹੋਣ ਵਾਲੇ ਹਨ। ਨਗਰ ਪੰਚਾਇਤ ਵੱਲੋਂ ਅਕਤੂਬਰ 2025 ਵਿੱਚ ਵੱਖ-ਵੱਖ ਵਾਰਡਾਂ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਲਈ ਅਲੱਗ-ਅਲੱਗ ਠੇਕੇਦਾਰਾਂ ਨੂੰ ਵਰਕ ਪਰਮਿਟ ਜਾਰੀ ਕੀਤੇ ਗਏ ਸਨ, ਪਰ ਸੰਬੰਧਿਤ ਠੇਕੇਦਾਰਾਂ ਵੱਲੋਂ ਅਜੇ ਤੱਕ ਕੰਮ ਸ਼ੁਰੂ ਨਹੀਂ ਕੀਤਾ ਗਿਆ। ਇਸ ਕਾਰਨ ਕਈ ਵਾਰਡਾਂ ਦੇ ਵਿਕਾਸ ਅਤੇ ਨਿਰਮਾਣ ਕਾਰਜ ਰੁਕੇ ਪਏ ਹਨ। ਨਗਰ ਪੰਚਾਇਤ ਦੇ ਪ੍ਰਧਾਨ ਨੇ ਦੱਸਿਆ ਕਿ ਪੂਰੀ ਨਗਰ ਪੰਚਾਇਤ ਵਿਚ ਰਿਪੇਅਰ ਦੇ ਕੰਮਾਂ ਲਈ ਲਗਭਗ 9 ਲੱਖ 95 ਹਜ਼ਾਰ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਸੀ ਅਤੇ ਇਸ ਦਾ ਵਰਕ ਆਰਡਰ ਵੀ ਠੇਕੇਦਾਰ ਨੂੰ ਦੇ ਦਿੱਤਾ ਗਿਆ ਸੀ। ਸ਼ੁਰੂਆਤੀ ਕੁਝ ਦਿਨ ਠੇਕੇਦਾਰ ਵੱਲੋਂ ਕੰਮ ਕੀਤਾ ਗਿਆ, ਪਰ ਬਾਅਦ ਵਿਚ ਇਹ ਕੰਮ ਅਧੂਰਾ ਛੱਡ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਮਿਸਤਰੀ ਅਤੇ ਮਜ਼ਦੂਰ ਵੀ ਸਮੇਂ ਸਿਰ ਨਹੀਂ ਭੇਜੇ ਜਾ ਰਹੇ। ਇਹ ਰਿਪੇਅਰ ਦਾ ਟੈਂਡਰ ਨੰਗਲ ਦੀ ਕੋਆਪਰੇਟਿਵ ਸੁਸਾਇਟੀ ਨੂੰ ਦਿੱਤਾ ਗਿਆ ਸੀ, ਪਰ ਉਨ੍ਹਾਂ ਵੱਲੋਂ ਵੀ ਕੰਮ ਪ੍ਰਤੀ ਲਾਪਰਵਾਹੀ ਦਿਖਾਈ ਜਾ ਰਹੀ ਹੈ। ਇਸ ਤੋਂ ਇਲਾਵਾ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਨੇੜੇ ਨਾਲ਼ੇ ਨੂੰ ਕਵਰ ਕਰਕੇ ਉੱਥੇ ਇੱਕ ਪਾਰਕ ਬਣਾਉਣ ਦਾ ਪ੍ਰੋਜੈਕਟ ਨਗਰ ਪੰਚਾਇਤ ਵੱਲੋਂ ਤਿਆਰ ਕੀਤਾ ਗਿਆ ਸੀ। ਇਸ ਕੰਮ ਦਾ ਵਰਕ ਆਰਡਰ 40 ਲੱਖ ਰੁਪਏ ਵਿਚ ਨੰਗਲ ਦੀ ਕੰਪਨੀ ਜੇ.ਆਰ. ਕੰਨਸਟਰਕਸ਼ਨ ਨੂੰ ਦਿੱਤਾ ਗਿਆ ਸੀ। ਹਾਲਾਂਕਿ ਇਸ ਪ੍ਰੋਜੈਕਟ ਦੇ ਵਰਕ ਆਰਡਰ ਵੀ ਅਕਤੂਬਰ 2025 ਵਿਚ ਜਾਰੀ ਕਰ ਦਿੱਤੇ ਗਏ ਸਨ, ਪਰ ਕੰਪਨੀ ਵੱਲੋਂ ਅਜੇ ਤੱਕ ਕੰਮ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਨਗਰ ਪੰਚਾਇਤ ਵੱਲੋਂ ਸ਼ਹਿਰ ਵਿੱਚ ਰੋਸ਼ਨੀ ਅਤੇ ਸਟ੍ਰੀਟ ਲਾਈਟਾਂ ਦੇ ਉਚਿਤ ਪ੍ਰਬੰਧ ਲਈ ਲਗਭਗ 35 ਲੱਖ ਰੁਪਏ ਦੇ ਕੰਮ ਮਨਜ਼ੂਰ ਕੀਤੇ ਗਏ ਸਨ ਅਤੇ ਇਨ੍ਹਾਂ ਦੇ ਵਰਕ ਆਰਡਰ ਵੀ ਅਕਤੂਬਰ 2025 ਵਿਚ ਜਾਰੀ ਹੋ ਚੁੱਕੇ ਹਨ। ਪਰ ਅਜੇ ਤੱਕ ਸ਼ਹਿਰ ਵਿਚ ਇਸ ਸਬੰਧੀ ਵੀ ਕੋਈ ਕੰਮ ਸ਼ੁਰੂ ਨਹੀਂ ਹੋਇਆ। ਪ੍ਰਧਾਨ ਅਤੇ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਕਿਤੇ ਨਾ ਕਿਤੇ ਰਾਜਨੀਤਿਕ ਦਬਾਅ ਕਾਰਨ ਇਹ ਸਾਰੇ ਵਿਕਾਸ ਕਾਰਜ ਰੁਕੇ ਹੋਏ ਹਨ, ਜਿਸ ਕਾਰਨ ਵੱਖ-ਵੱਖ ਵਾਰਡਾਂ ਵਿਚ ਰਹਿੰਦੇ ਆਮ ਲੋਕਾਂ ਨੂੰ ਕਾਫੀ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਠੇਕੇਦਾਰਾਂ ਵੱਲੋਂ ਜਲਦੀ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਨਗਰ ਪੰਚਾਇਤ ਵੱਲੋਂ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਨ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਸੁਰਿੰਦਰ ਪਾਲ ਕੋੜਾ ਤੋਂ ਇਲਾਵਾ ਐਮਸੀ ਹਿਮਾਂਸ਼ੂ ਟੰਡਨ, ਐਮਸੀ ਤੇਜਵੀਰ ਸਿੰਘ, ਐਮਸੀ ਜਸਵਿੰਦਰ ਕੌਰ, ਐਮਸੀ ਅਮਨਪ੍ਰੀਤ ਕੌਰ, ਸਾਬਕਾ ਸਰਪੰਚ ਸੁਰਿੰਦਰ ਸਿੰਘ ਭਿੰਦਰ ਅਤੇ ਮਨਿੰਦਰ ਸਿੰਘ ਸਾਹਿਬ ਮੌਜੂਦ ਸਨ। ਬਾਕਸ ਨਿਰਮਾਣ ਕਾਰਜਾਂ ਦੇ ਰੱਖੇ ਜਾਣਗੇ ਨੀਂਹ ਪੱਥਰ ਇਸ ਸਬੰਧ ਵਿਚ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਗੁਰਬਕਸ਼ੀਸ਼ ਸਿੰਘ ਨੇ ਕਿਹਾ ਕਿ ਮੰਤਰੀ ਜੀ ਵੱਲੋਂ ਇਨ੍ਹਾਂ ਸਾਰੇ ਵਿਕਾਸ ਅਤੇ ਨਿਰਮਾਣ ਕਾਰਜਾਂ ਦੇ ਨੀਂਹ ਪੱਥਰ ਰਖੇ ਜਾਣਗੇ, ਜਿਸ ਤੋਂ ਬਾਅਦ ਜਲਦੀ ਹੀ ਕੰਮ ਸ਼ੁਰੂ ਕਰਵਾ ਦਿੱਤੇ ਜਾਣਗੇ। ਉੱਧਰ ਰਿਪੇਅਰ ਦਾ ਕੰਮ ਕਰਨ ਵਾਲੇ ਠੇਕੇਦਾਰ ਪ੍ਰਿੰਸ ਨੇ ਕਿਹਾ ਕਿ ਕੁਝ ਵਾਰਡਾਂ ਵਿਚ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਕੁਝ ਥਾਵਾਂ ‘ਤੇ ਕੰਮ ਕੀਤਾ ਵੀ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਦੇ ਕਰਮਚਾਰੀਆਂ ਵੱਲੋਂ ਉਸ ਨੂੰ ਕੰਮ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਉਹ ਅੱਗੇ ਕੰਮ ਸ਼ੁਰੂ ਨਹੀਂ ਕਰ ਪਾ ਰਿਹਾ। ਉਥੇ ਹੀ ਜੇ.ਆਰ. ਕੰਨਸਟਰਕਸ਼ਨ ਨੰਗਲ, ਜਿਸ ਨੂੰ 40 ਲੱਖ ਰੁਪਏ ਦੀ ਲਾਗਤ ਨਾਲ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਨੇੜੇ ਨਾਲ਼ੇ ਨੂੰ ਕਵਰ ਕਰਕੇ ਪਾਰਕ ਬਣਾਉਣ ਦਾ ਕੰਮ ਦਿੱਤਾ ਗਿਆ ਹੈ, ਨੇ ਕਿਹਾ ਕਿ ਉਸ ਨੂੰ ਅਜੇ ਤੱਕ ਵਰਕ ਆਰਡਰ ਨਹੀਂ ਮਿਲਿਆ। ਇਸੇ ਤਰ੍ਹਾਂ ਲਾਈਟਾਂ ਦੇ ਕੰਮ ਸਬੰਧੀ ਠੇਕੇਦਾਰ ਦਵਿੰਦਰ ਕੁਮਾਰ ਨੇ ਫੋਨ ‘ਤੇ ਦੱਸਿਆ ਕਿ ਉਸ ਨੂੰ ਵਰਕ ਪਰਮਿਟ ਮਿਲ ਚੁੱਕਾ ਹੈ, ਪਰ ਨਗਰ ਪੰਚਾਇਤ ਵੱਲੋਂ ਅਜੇ ਤੱਕ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ 350 ਸਾਲਾ ਸਮਾਗਮਾਂ ਅਤੇ ਹੁਣ ਹੋਲਾ ਮਹੱਲਾ ਮੇਲੇ ਕਾਰਨ ਕੰਮ ਰੋਕੇ ਗਏ ਸਨ। ਜਲਦੀ ਹੀ ਇਹ ਕੰਮ ਸ਼ੁਰੂ ਕਰ ਦਿੱਤੇ ਜਾਣਗੇ।