ਖਾਲਸਾ ਕਾਲਜ ’ਚ ਸੈਸ਼ਨ 2026-27 ਲਈ ਦਾਖ਼ਲੇ ਸ਼ੁਰੂ
ਖਾਲਸਾ ਕਾਲਜ ਵਿਚ ਸ਼ੈਸ਼ਨ 2026-27 ਲਈ ਦਾਖਲੇ ਸ਼ੁਰੂ
Publish Date: Thu, 09 Apr 2026 05:17 PM (IST)
Updated Date: Fri, 10 Apr 2026 04:09 AM (IST)

ਪੰਜਾਬੀ ਜਾਗਰਣ ਟੀਮ, ਸ੍ਰੀ ਅਨੰਦਪੁਰ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ (ਆਟੋਨੋਮਸ ਕਾਲਜ) ਵਿਚ ਅਕਾਦਮਿਕ ਸ਼ੈਸ਼ਨ 2026-27 ਲਈ ਵੱਖ-ਵੱਖ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਵਿਚ ਦਾਖਲਾ ਸ਼ੁਰੂ ਹੋ ਚੁੱਕਾ ਹੈ। ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਵੱਲੋਂ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਾਲਜ ਨੈਕ ਬੈਂਗਲੁਰੂ ਵੱਲੋਂ ‘ਏ’ ਗ੍ਰੇਡ ਨਾਲ ਮਾਨਤਾ ਪ੍ਰਾਪਤ ਹੈ ਅਤੇ ਕਾਲਜ ਇੱਕ ਪ੍ਰਮਾਣਿਤ ਆਟੋਨੋਮਸ ਸੰਸਥਾ ਵਜੋਂ ਆਪਣੀ ਵਿਸ਼ੇਸ਼ ਪਛਾਣ ਰੱਖਦਾ ਹੈ। ਇਸ ਤੋਂ ਇਲਾਵਾ ਕਾਲਜ ਭਾਰਤ ਸਰਕਾਰ ਦੀਆਂ ਮਹੱਤਵਪੂਰਨ ਯੋਜਨਾਵਾਂ ਜਿਵੇਂ ਕਿ ਉੱਨਤ ਭਾਰਤ ਅਭਿਆਨ ਅਤੇ ਡੀਐਸਟੀ-ਫਿਸਟ ਸਕੀਮ ਨਾਲ ਵੀ ਜੁੜਿਆ ਹੋਇਆ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਰਿਸਰਚ ਦੇ ਮੌਕੇ ਪ੍ਰਾਪਤ ਹੁੰਦੇ ਹਨ। ਡਾ. ਜਸਵੀਰ ਸਿੰਘ ਨੇ ਕਿਹਾ ਕਿ ਕਾਲਜ ਉੱਤਰੀ ਭਾਰਤ ਦੇ ਪ੍ਰਮੁੱਖ ਵਿਦਿਅਕ ਅਦਾਰਿਆਂ ਵਿਚ ਸ਼ੁਮਾਰ ਹੈ ਅਤੇ ਇੱਥੇ ਪੜ੍ਹੇ ਵਿਦਿਆਰਥੀਆਂ ਨੇ ਪਿਛਲੇ ਸਾਲਾਂ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਕਾਲਜ ਦੇ ਕਈ ਵਿਦਿਆਰਥੀ ਵੱਡੀਆਂ ਮਲਟੀਨੇਸ਼ਨਲ ਕੰਪਨੀਆਂ ਅਤੇ ਸਰਕਾਰੀ ਵਿਭਾਗਾਂ ਵਿਚ ਉੱਚ ਅਹੁਦਿਆਂ ‘ਤੇ ਸੇਵਾ ਨਿਭਾ ਰਹੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕਾਲਜ ਵਿਚ ਐਗਰੀਕਲਚਰ, ਮੈਡੀਕਲ, ਨਾਨ-ਮੈਡੀਕਲ, ਕਾਮਰਸ, ਆਰਟਸ, ਕੰਪਿਊਟਰ ਸਾਇੰਸ ਅਤੇ ਮਿਊਜ਼ਿਕ ਸਮੇਤ ਕਈ ਵਿਸ਼ਿਆਂ ਵਿਚ ਆਧੁਨਿਕ ਸਮੇਂ ਦੇ ਹਾਣੀ ਕੋਰਸ ਉਪਲਬਧ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਸਰਵਪੱਖੀ ਵਿਕਾਸ ਲਈ ਸਮਾਰਟ ਕਲਾਸਰੂਮ, ਅਧੁਨਿਕ ਲੈਬੋਰਟਰੀਆਂ, ਲਾਇਬ੍ਰੇਰੀ, ਖੇਡ ਮੈਦਾਨ ਅਤੇ ਹੋਸਟਲ ਦੀਆਂ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਬਾਰਵੀਂ ਕਲਾਸ ’ਚ ਪੜ੍ਹ ਰਹੇ, 12 ਵੀ ਕਲਾਸ ਪਾਸ ਕਰ ਚੁੱਕੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਕਾਲਜ ਕੈਂਪਸ ਦਾ ਦੌਰਾ ਕਰਕੇ ਕਾਲਜ ਦੇ ਅਕਾਦਮਿਕ ਮਾਹੌਲ ਅਤੇ ਇਥੇ ਉਪਲਬਧ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੇ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਕੋਰਸ ਦੀ ਚੋਣ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਕਾਲਜ ਵਿਦਿਆਰਥੀਆਂ ਦੇ ਕਰੀਅਰ ਮਾਰਗਦਰਸ਼ਨ ਅਤੇ ਪਲੇਸਮੈਂਟ ਲਈ ਵਿਸ਼ੇਸ਼ ਯਤਨ ਕਰਦਾ ਹੈ, ਜਿਸ ਨਾਲ ਉਨ੍ਹਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਮਿਲਦੀ ਹੈ। ਅਖੀਰ ਵਿਚ ਉਨ੍ਹਾਂ ਕਿਹਾ ਕਿ ਕਾਲਜ ਦਾ ਮੁੱਖ ਉਦੇਸ਼ ਗੁਣਵੱਤਾ ਵਾਲੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ’ਚ ਨੈਤਿਕ ਕਦਰਾਂ ਕੀਮਤਾਂ, ਸਮਾਜਿਕ ਜ਼ਿੰਮੇਵਾਰੀ ਤੇ ਸਕਿੱਲ ਪੈਦਾ ਕਰਨਾ ਹੈ, ਤਾਂ ਜੋ ਉਹ ਭਵਿੱਖ ਵਿੱਚ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਣ।