ਟਰੱਕ ਪਲਟਣ ਕਾਰਨ ਸੜਕ ’ਤੇ ਲੱਗਿਆ ਜਾਮ
ਸੜਕ ਵਿਚਕਾਰ ਟਰੱਕ ਪਲਟਣ ਕਾਰਨ ਸੜਕ ’ਤੇ ਲੱਗਿਆ ਜਾਮ,
Publish Date: Thu, 22 Jan 2026 06:31 PM (IST)
Updated Date: Thu, 22 Jan 2026 06:33 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਰੂਪ ਨਗਰ ਮੁੱਖ ਮਾਰਗ ’ਤੇ ਭਰਤਗੜ ਦੇ ਨਜ਼ਦੀਕ ਬੜਾ ਪਿੰਡ ਵਿਖੇ ਇੱਕ ਮਲਟੀ ਐਕਸਲ ਟਰੱਕ ਸੜਕ ’ਤੇ ਬਣੀ ਪੁਲੀ ਵਿਚਕਾਰ ਪਲਟ ਗਿਆ ਜਿਸ ਨਾਲ ਸੜਕ ਦੇ ਦੋਵੇਂ ਪਾਸੇ ਭਾਰੀ ਜਾਮ ਲੱਗ ਗਿਆ। ਸੜਕ ਦੇ ਦੋਵੇਂ ਪਾਸੇ ਜਾਮ ਕਾਰਨ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ। ਜਾਣਕਾਰੀ ਅਨੁਸਾਰ ਸਵੇਰੇ ਟਰੱਕ ਨੰਬਰ ਪੀ, ਬੀ 65 ਬੀ, ਡੀ 6419 ਤਕਨੀਕੀ ਕਾਰਨਾ ਕਰਕੇ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਿਆ ਅਤੇ ਸੜਕ ਦੇ ਵਿਚਕਾਰ ਪਲਟ ਗਿਆ, ਜਿਸ ਵਿਚ ਡਰਾਈਵਰ ਜਰਨੈਲ ਸਿੰਘ ਪੁੱਤਰ ਰਤਨ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸਾ ਵਾਪਰਨ ਤੋਂ ਬਾਅਦ ਸੜਕ ਦੇ ਦੋਵੇਂ ਪਾਸੇ ਭਾਰੀ ਜਾਮ ਲੱਗ ਗਿਆ ਜਿਸ ਦੀ ਸੂਚਨਾ ਭਰਤਗੜ੍ਹ ਚੌਂਕੀ ਵਿਖੇ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚ ਗਈ। ਭਰਤਗੜ ਚੌਂਕੀ ’ਤੇ ਮੁਣਸ਼ੀ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਬੜਾ ਪਿੰਡ ਨਜ਼ਦੀਕ ਟਰੱਕ ਦਾ ਐਕਸੀਡੈਂਟ ਹੋਇਆ ਹੈ ਜਿਸ ’ਤੇ ਪੁਲਿਸ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਟਰੱਕ ਪੁਲੀ ਦੇ ਵਿਚਕਾਰ ਪਲਟਿਆ ਹੋਇਆ ਸੀ। ਪੁਲਿਸ ਕਰਮਚਾਰੀ ਮੌਕੇ ’ਤੇ ਪਹੁੰਚ ਕੇ ਰੂਟ ਨੂੰ ਡਾਈਵਰਟ ਕੀਤਾ ਅਤੇ ਸੜਕ ਦਾ ਇੱਕ ਪਾਸਾ ਚਲਾਇਆ ਗਿਆ। ਮੌਕੇ ’ਤੇ ਸੜਕੀ ਆਵਾਜਾਈ ਬਹਾਲ ਕੀਤੀ ਗਈ ਅਤੇ ਟਰੱਕ ਨੂੰ ਸੜਕ ਤੋਂ ਹਟਾਉਣ ਲਈ ਹਾਈਡਰੇ ਮਸ਼ੀਨਾਂ ਮੰਗਵਾਈਆਂ ਗਈਆਂ। ਉਹਨਾਂ ਦੱਸਿਆ ਕਿ ਟਰੱਕ ਡਰਾਈਵਰ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।