ਸੀਮੈਂਟ ਨਾਲ ਭਰਿਆ ਟਰੱਕ ਸੜਕ ਕਿਨਾਰੇ ਪਲਟਿਆ
ਸੀਮੈਂਟ ਦੀਆਂ ਬੋਰੀਆਂ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟਿਆ
Publish Date: Wed, 11 Mar 2026 04:34 PM (IST)
Updated Date: Wed, 11 Mar 2026 04:36 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਅੱਜ ਤੜਕੇ ਕਰੀਬ 3 ਵਜੇ ਬੂੰਗਾ ਸਾਹਿਬ ਬਸ ਅੱਡੇ ਦੇ ਨਜ਼ਦੀਕ ਸ੍ਰੀ ਕੀਰਤਪੁਰ ਸਾਹਿਬ-ਰੂਪਨਗਰ ਕੌਮੀ ਮਾਰਗ ’ਤੇ ਇੱਕ ਸੀਮੈਂਟ ਦੀਆਂ ਬੋਰੀਆਂ ਨਾਲ ਭਰਿਆ ਹੋਇਆ ਟਰੱਕ ਬੇਕਾਬੂ ਹੋ ਕੇ ਸੜਕ ਦੇ ਨਾਲ ਖਾਲੀ ਪਈ ਹੋਈ ਜਮੀਨ ਵਿਚ ਪਲਟ ਗਿਆ, ਜਿਸ ਕਾਰਨ ਟਰੱਕ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਜਦ ਕਿ ਟਰੱਕ ਦਾ ਫਰੰਟ ਵਾਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ਵਿਚ ਸੜਕ ਦੇ ਨਾਲ ਖਾਲੀ ਥਾਂ ਵਿਚ ਲੱਗੇ ਹੋਏ ਦੋ ਦਰਖਤ ਵੀ ਟੁੱਟ ਗਏ। ਮੌਕੇ ’ਤੇ ਮੌਜੂਦ ਟਰੱਕ ਡਰਾਈਵਰ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਸ ਦੇ ਅੱਗੇ ਇੱਕ ਟਰੱਕ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫਤਾਰ ਕਾਰ ਨੇ ਉਸ ਦੇ ਟਰੱਕ ਨੂੰ ਪਾਸ ਕਰਦੇ ਹੋਏ ਅੱਗੇ ਜਾ ਰਹੇ ਟਰੱਕ ਤੋਂ ਬਚਣ ਲਈ ਇੱਕ ਦਮ ਉਸ ਦੇ ਅੱਗੇ ਤੋਂ ਕਟ ਮਾਰਿਆ। ਕਾਰ ਨੂੰ ਬਚਾਉਂਦੇ ਹੋਏ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਟਰੱਕ ਸੜਕ ਦੇ ਨਾਲ ਨੀਵੀਂ ਥਾਂ ਵਿਚ ਜਾ ਕੇ ਪਲਟ ਗਿਆ। ਉਸ ਨੇ ਦੱਸਿਆ ਕਿ ਇੱਕ ਹੋਰ ਟਰੱਕ ਨੂੰ ਮੌਕੇ ਉੱਪਰ ਮੰਗਵਾ ਕੇ ਸੀਮੈਂਟ ਦੀਆਂ ਬੋਰੀਆਂ ਉਸ ਵਿਚ ਲੋਡ ਕਰਵਾਈਆਂ ਗਈਆਂ ਹਨ। ਟਰੱਕ ਡਰਾਈਵਰ ਨਾਲ ਦੱਸਿਆ ਕਿ ਸੜਕ ਦੀ ਸਾਈਡ ਨੀਵੀਂ ਥਾਂ ਵਿਚ ਪਲਟੇ ਟਰੱਕ ਨੂੰ ਬਾਹਰ ਕੱਢਣ ਲਈ ਹਾਈਡਰਾ ਮਸ਼ੀਨ ਮੰਗਵਾਈ ਗਈ ਹੈ।