ਦੋ ਗੁਰੂ ਘਰਾਂ ਨੂੰ ਜੋੜੇਗਾ ਵਿਸ਼ੇਸ਼ ਪੁੱਲ, ਸੰਗਤਾਂ ਨੂੰ ਸਹੂਲਤ
ਦੋ ਗੁਰੂ ਘਰਾਂ ਨੂੰ ਜੋੜੇਗਾ ਵਿਸ਼ੇਸ਼ ਪੁੱਲ, ਸੰਗਤਾਂ ਨੂੰ ਮਿਲੇਗੀ ਵੱਡੀ ਸਹੂਲਤ
Publish Date: Sat, 28 Mar 2026 04:41 PM (IST)
Updated Date: Sat, 28 Mar 2026 04:41 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਖਾਲਸੇ ਦੀ ਸਾਜਨਾ ਦਿਵਸ ਗੁਰੂ ਨਗਰੀ ਵਿਚ ਸਥਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਿਕ ਗੁਰਦੁਆਰਾ ਦਮਾਲਗੜ੍ਹ ਸਾਹਿਬ ਮੰਜੀ ਸਾਹਿਬ ਨੂੰ ਆਪਸ ਵਿਚ ਜੋੜਨ ਲਈ ਇੱਕ ਵਿਸ਼ੇਸ਼ ਪੁੱਲ ਤਿਆਰ ਕੀਤਾ ਜਾ ਰਿਹਾ ਹੈ, ਜੋ ਜਲਦ ਹੀ ਸੰਗਤ ਨੂੰ ਅਰਪਣ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਅਤੇ ਐਡੀਸ਼ਨਲ ਮੈਨੇਜਰ ਹਰਦੇਵ ਸਿੰਘ ਨੇ ਦੱਸਿਆ ਕਿ ਇਹ ਪੁੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀਆਂ ਹਿਦਾਇਤਾਂ ‘ਤੇ ਤਿਆਰ ਕੀਤਾ ਜਾ ਰਿਹਾ ਹੈ। ਇਸ ਦੀ ਕਾਰ ਸੇਵਾ ਬਾਬਾ ਮਹਿੰਦਰ ਸਿੰਘ ਯੂਕੇ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁੱਲ ਤਕਰੀਬਨ 35 ਫੁੱਟ ਲੰਮਾ, 22 ਫੁੱਟ ਚੌੜਾ ਅਤੇ 18 ਫੁੱਟ ਉੱਚਾ ਹੋਵੇਗਾ। ਇਸ ‘ਤੇ ਛੋਟੇ-ਛੋਟੇ ਸਟੈਪ ਬਣਾਏ ਜਾਣਗੇ ਅਤੇ ਨਾਲ ਹੀ ਇੱਕ ਰੈਂਪ ਵੀ ਤਿਆਰ ਕੀਤਾ ਜਾਵੇਗਾ, ਤਾਂ ਜੋ ਬਜ਼ੁਰਗਾਂ ਅਤੇ ਵਿਸ਼ੇਸ਼ ਯੋਗਤਾ ਵਾਲੀਆਂ ਸੰਗਤਾਂ ਨੂੰ ਆਸਾਨੀ ਰਹੇ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ, ਵਿਸਾਖੀ ਅਤੇ ਹੋਰ ਇਤਿਹਾਸਿਕ ਦਿਹਾੜਿਆਂ ਦੌਰਾਨ ਇੱਥੇ ਲੱਖਾਂ ਦੀ ਗਿਣਤੀ ਵਿਚ ਸੰਗਤ ਪਹੁੰਚਦੀ ਹੈ। ਇਸ ਪੁੱਲ ਦੇ ਬਣਨ ਨਾਲ ਸੰਗਤਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਾਲ-ਨਾਲ ਗੁਰਦੁਆਰਾ ਦਮਾਲਗੜ੍ਹ ਸਾਹਿਬ ਮੰਜੀ ਸਾਹਿਬ ਦੇ ਵੀ ਆਸਾਨੀ ਨਾਲ ਦੀਦਾਰ ਕਰ ਸਕਣਗੀਆਂ। ਜ਼ਿਕਰਯੋਗ ਹੈ ਕਿ ਇਸ ਪਾਵਨ ਅਸਥਾਨ ‘ਤੇ ਦੇਸ਼-ਵਿਦੇਸ਼ ਤੋਂ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨਤਮਸਤਕ ਹੁੰਦੀ ਹੈ। ਪਹਿਲਾਂ ਆਮ ਤੌਰ ‘ਤੇ ਸੰਗਤ ਤਖਤ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਚਲੀ ਜਾਂਦੀ ਸੀ, ਪਰ ਹੁਣ ਇਹ ਪੁੱਲ ਤਿਆਰ ਹੋਣ ਨਾਲ ਦੋਵੇਂ ਗੁਰੂ ਘਰਾਂ ਦੇ ਦਰਸ਼ਨ ਇੱਕੋ ਸਮੇਂ ਕਰਨਾ ਸੌਖਾ ਹੋ ਜਾਵੇਗਾ। ਪੁੱਲ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ ਸਟਰਕਚਰ ਤਿਆਰ ਹੋ ਚੁੱਕਾ ਹੈ। ਬਾਕੀ ਰਹਿੰਦਾ ਕੰਮ ਵਿਸਾਖੀ ਤੋਂ ਬਾਅਦ ਮੁਕੰਮਲ ਹੋਣ ਉਪਰੰਤ ਸੰਗਤਾਂ ਲਈ ਖੋਲ ਦਿੱਤਾ ਜਾਵੇਗਾ।