ਸੜਕ ਹਾਦਸੇ ’ਚ ਇੱਕ ਸੀਨੀਅਰ ਪੁਲਿਸ ਕਾਂਸਟੇਬਲ ਦੀ ਮੌਤ
ਸੜਕ ਹਾਦਸੇ ’ਚ ਇੱਕ ਸੀਨੀਅਰ ਪੁਲਿਸ ਕਾਂਸਟੇਬਲ ਦੀ ਮੌਤ ਦੂਸਰਾ ਗੰਭੀਰ ਰੂਪ ’ਚ ਹੋਇਆ ਜ਼ਖਮੀ
Publish Date: Sun, 04 Jan 2026 04:50 PM (IST)
Updated Date: Mon, 05 Jan 2026 04:06 AM (IST)

ਸੜਕ ਹਾਦਸੇ ’ਚ ਇੱਕ ਸੀਨੀਅਰ ਪੁਲਿਸ ਕਾਂਸਟੇਬਲ ਦੀ ਮੌਤ ਦੂਸਰਾ ਗੰਭੀਰ ਰੂਪ ’ਚ ਹੋਇਆ ਜ਼ਖਮੀ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਬੀਤੀ ਰਾਤ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਨੂਰਪੁਰਬੇਦੀ ਪੁਲਿਸ ਥਾਣੇ ਵਿਖੇ ਤੈਨਾਤ ਪੁਲਿਸ ਦੇ ਇਕ ਸੀਨੀਅਰ ਪੁਲਿਸ ਕਾਂਸਟੇਬਲ ਜਸਵੰਤ ਸਿੰਘ ਵਾਸੀ ਅਵਾਨਕੋਟ ਥਾਣਾ ਕੀਰਤਪੁਰ ਸਾਹਿਬ ਦੀ ਮੌਤ ਹੋ ਗਈ, ਜਦਕਿ ਉਸ ਦਾ ਦੂਜਾ ਸਾਥੀ ਸੀਨੀਅਰ ਪੁਲਿਸ ਕਾਂਸਟੇਬਲ ਸੁਖਵਿੰਦਰ ਸਿੰਘ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਇਹ ਹਾਦਸਾ ਰਾਧਾ ਸੁਆਮੀ ਸਤਸੰਗ ਘਰ, ਨੂਰਪੁਰ ਬੇਦੀ ਨੇੜੇ ਵਾਪਰਿਆ। ਪੁਲਿਸ ਵੱਲੋਂ ਦਰਜ ਕੀਤੀ ਐੱਫ਼ਆਈਆਰ ਅਨੁਸਾਰ ਜਖ਼ਮੀ ਪੁਲਿਸ ਮੁਲਾਜ਼ਮ ਸੁਖਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਹਜਾਰਾ ਨੇ ਬਿਆਨ ਦਿੱਤਾ ਕਿ 3 ਜਨਵਰੀ ਦੀ ਰਾਤ ਉਹ ਆਪਣੇ ਸਾਥੀ ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਦੇ ਨਾਲ ਰਾਤ ਕਰੀਬ 11.30 ਵਜੇ ਨਾਈਟ ਗਸ਼ਤ ਸਬੰਧੀ ਪ੍ਰਾਈਵੇਟ ਕਾਰ ਵਿਚ ਸਵਾਰ ਹੋ ਕੇ ਹਿਆਤਪੁਰ ਮਾਰਕੀਟ ਤੋਂ ਨੂਰਪੁਰਬੇਦੀ ਵਾਪਸ ਆ ਰਹੇ ਸਨ। ਜਦੋਂ ਉਹ ਜੱਟਪੁਰ ਤੋਂ ਅੱਗੇ ਸਤਸੰਗ ਘਰ ਦੇ ਨੇੜੇ ਪਹੁੰਚੇ ਤਾਂ ਪਿੱਛੋਂ ਇੱਕ ਚਿੱਟੇ ਰੰਗ ਦੀ ਕਾਰ ਨੇ ਉਨਾਂ ਦੀ ਕਾਰ ਨਾਲ ਟੱਕਰ ਮਾਰ ਦਿੱਤੀ ਜਿਸ ਕਾਰਨ ਪੁਲਿਸ ਦੀ ਗੱਡੀ ਬੇਕਾਬੂ ਹੋ ਕੇ ਸੜਕ ਕੰਢੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ’ਚ ਪੁਲਿਸ ਮੁਲਾਜ਼ਮ ਜਸਵੰਤ ਸਿੰਘ ਗੱਡੀ ’ਚ ਫਸ ਗਿਆ, ਜਦਕਿ ਜਦ ਕਿ ਮੈਂ ਕਿਸੇ ਤਰ੍ਹਾਂ ਗੱਡੀ ਤੋਂ ਬਾਹਰ ਆ ਗਿਆ। ਘਟਨਾ ਮੌਕੇ ਆਲੇ-ਦੁਆਲੇ ਦੇ ਰਾਹਗੀਰ ਮੌਕੇ ’ਤੇ ਇਕੱਠੇ ਹੋ ਗਏ। ਇਸ ਦੌਰਾਨ ਮੌਕੇ ’ਤੇ ਪਹੁੰਚੀ ਪੁਲਿਸ ਪਾਰਟੀ ਵੱਲੋਂ ਜਖ਼ਮੀ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਇਲਾਜ ਲਈ ਗੁਰਦੇਵ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਸਵੰਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਸੁਖਵਿੰਦਰ ਸਿੰਘ ਨੂੰ ਇਲਾਜ ਲਈ ਦਾਖ਼ਲ ਕਰ ਲਿਆ ਗਿਆ। ਜਸਵੰਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਲਿਜਾਇਆ ਗਿਆ ਹੈ। ਪੁਲਿਸ ਨੇ ਅਣਪਛਾਤੇ ਕਾਰ ਚਾਲਕ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਆਈਓ ਇੰਸਪੈਕਟਰ ਬਲਵੀਰ ਚੰਦ ਨੇ ਕਿਹਾ ਕਿ ਕਥਿਤ ਦੋਸ਼ੀ ਵਾਹਨ ਚਾਲਕ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।