ਬਸਤੀ ਖੂਹਵਾਲਾ ਤੱਕ 1 ਕਰੋੜ ਰੁਪਏ ਨਾਲ ਬਣੇਗੀ ਨਵੀਂ ਸੜਕ
ਪਿੰਡ ਝਿੰਜੜੀ ਤੋਂ ਬਸਤੀ ਖੂਹਵਾਲਾ ਤੱਕ 1 ਕਰੋੜ ਰੁਪਏ ਨਾਲ ਬਣੇਗੀ ਨਵੀਂ ਸੜਕ
Publish Date: Fri, 13 Feb 2026 03:52 PM (IST)
Updated Date: Fri, 13 Feb 2026 03:54 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਰਵਪੱਖੀ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪਿੰਡ ਝਿੰਜੜੀ ਤੋਂ ਬਸਤੀ ਖੂਹਵਾਲਾ ਤੱਕ ਬਣਨ ਵਾਲੀ ਨਵੀਂ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਜਲਦ ਹੀ ਹਲਕੇ ਦੇ ਹਰ ਕੋਨੇ ਨੂੰ ਮਜ਼ਬੂਤ ਸੜਕੀ ਨੈੱਟਵਰਕ ਨਾਲ ਜੋੜਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤ ਮਿਲ ਸਕੇ। ਲੋਕਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਬੈਂਸ ਨੇ ਭਰੋਸਾ ਦਿੱਤਾ ਕਿ ਹਰ ਸੜਕ ਘੱਟੋ ਘੱਟ 18 ਫੁੱਟ ਚੌੜੀ ਬਣਾਈ ਜਾਵੇਗੀ, ਜਿਸ ਨਾਲ ਆਮ ਲੋਕਾਂ ਨੂੰ ਸੁਰੱਖਿਅਤ, ਸੁਵਿਧਾਜਨਕ ਅਤੇ ਲੰਬੇ ਸਮੇਂ ਤੱਕ ਸੁਚਾਰੂ ਆਵਾਜਾਈ ਦੀ ਸਹੂਲਤ ਪ੍ਰਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਹਲਕੇ ਦੇ ਵੱਖ ਵੱਖ ਹਿੱਸਿਆਂ ਵਿਚ ਲਗਭਗ 140 ਕਿਲੋਮੀਟਰ ਲੰਬੀਆਂ ਸੜਕਾਂ ਦਾ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਜਾਰੀ ਹੈ। ਇਹ ਪ੍ਰੋਜੈਕਟ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਨੂੰ ਆਪਸੀ ਤੌਰ ’ਤੇ ਜੋੜਨ ਲਈ ਮਹੱਤਵਪੂਰਨ ਸਾਬਤ ਹੋਣਗੇ, ਜਿਸ ਨਾਲ ਯਾਤਰੀਆਂ, ਕਿਸਾਨਾਂ, ਵਿਦਿਆਰਥੀਆਂ ਅਤੇ ਵਪਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ। ਮੰਤਰੀ ਬੈਂਸ ਵੱਲੋਂ ਸ਼ੁਰੂ ਕਰਵਾਈ ਗਈ ਝਿੰਜੜੀ ਤੋਂ ਬਸਤੀ ਖੂਹਵਾਲਾ ਤੱਕ 950 ਮੀਟਰ ਲੰਬੀ ਸੜਕ ਲਗਭਗ 1 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ। ਇਹ ਸੜਕ ਉੱਚ ਗੁਣਵੱਤਾ ਵਾਲੇ ਪੇਵਰਾਂ ਨਾਲ ਬਣਾਈ ਜਾਵੇਗੀ ਤਾਂ ਜੋ ਇਸ ਦੀ ਮਜ਼ਬੂਤੀ ਅਤੇ ਟਿਕਾਊਪਣ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਸਥਾਨਕ ਵਸਨੀਕਾਂ ਦੀ ਆਵਾਜਾਈ ਸੁਗਮ ਹੋਵੇਗੀ ਅਤੇ ਖੇਤਰ ਵਿਚ ਆਰਥਿਕ ਗਤੀਵਿਧੀਆਂ ਨੂੰ ਵੀ ਉਤਸ਼ਾਹ ਮਿਲੇਗਾ। ਸੜਕੀ ਜਾਲ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਮੰਤਰੀ ਬੈਂਸ ਨੇ ਹਲਕੇ ਵਿਚ ਪਾਣੀ ਦੀ ਨਿਕਾਸੀ ਪ੍ਰਬੰਧ ਸੁਧਾਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਿੱਥੇ ਲੋੜ ਹੋਵੇਗੀ ਉੱਥੇ ਪੁੱਲੀਆਂ, ਰੀਟੇਨਿੰਗ ਵਾਲਾਂ ਅਤੇ ਕਰੇਟ ਵਾਲਾਂ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਮਿੱਟੀ ਕੱਟਣ ਤੋਂ ਬਚਾਵ, ਵਰਖਾ ਦੇ ਪਾਣੀ ਦੀ ਸੁਚਾਰੂ ਨਿਕਾਸੀ ਅਤੇ ਸਰਕਾਰੀ ਤੇ ਨਿੱਜੀ ਸੰਪਤੀ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਐਲਾਨ ਕੀਤਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹਰ ਨਿਵਾਸੀ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਹਰ ਕੋਨੇ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਤੇਜ਼ੀ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਪੂਰੇ ਹਲਕੇ ਵਿਚ ਤਰੱਕੀ ਅਤੇ ਖੁਸ਼ਹਾਲੀ ਲਿਆਉਣ ਦੀ ਵਚਨਬੱਧਤਾ ਦੁਹਰਾਈ। ਇਸ ਮੌਕੇ ਸੂਬੇਦਾਰ ਰਾਜਪਾਲ ਮੋਹੀਵਾਲ, ਰਾਮਪਾਲ ਕਾਹੀਵਾਲ, ਰਾਮ ਲਾਲ, ਬਲਵਿੰਦਰ ਸਿੰਘ ਸਰਪੰਚ, ਸੋਨੂੰ ਚੋਧਰੀ, ਦਲੀਪ ਹੰਸ ਦਲਿਤ ਵਿਕਾਸ ਬੋਰਡ ਮੈਂਬਰ, ਸਮਸ਼ੇਰ ਸਿੰਘ ਬਲਾਕ ਸੰਮਤੀ ਮੈਂਬਰ ਲਖੇੜ, ਲੱਕੀ ਭਗਵਾਲਾ, ਦਵਿੰਦਰ ਸਿੰਘ ਸਿੰਦੂ ਬਲਾਕ ਪ੍ਰਧਾਨ, ਸੋਹਣ ਸਿੰਘ ਨਿੱਕੂਵਾਲ, ਕਮਲ ਚੋਹਾਨ, ਲਕਸ਼ਮਣ ਚੋਹਾਨ, ਕ੍ਰਿਸ਼ਨ ਚੋਹਾਨ, ਸੋਨੂੰ ਚੋਹਾਨ, ਕੁਲਵਿੰਦਰ ਚੋਹਾਨ, ਹੈਪੀ ਚੋਹਾਨ, ਰਤਨ ਚੋਹਾਨ, ਗੁਰਚਰਨ ਚੋਹਾਨ, ਦੇਸ ਰਾਜ ਚੋਹਾਨ, ਤਾਰਾ ਚੋਹਾਨ, ਡੀ ਸੀ ਚੋਹਾਨ, ਹਿੰਮਤ ਸਿੰਘ, ਸੁਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।