ਗੜਗੱਜ ਨੇ ਸੰਗਤਾਂ ਨਾਲ ਕੀਤੀਆਂ ਵਿਚਾਰਾਂ ਸਾਂਝੀਆਂ
ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ
Publish Date: Tue, 27 Jan 2026 03:33 PM (IST)
Updated Date: Tue, 27 Jan 2026 03:37 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਹੇਠ ਧਰਮ ਪ੍ਰਚਾਰ ਕਮੇਟੀ ਚੰਗਰ ਇਲਾਕਾ ਵੱਲੋਂ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਢਾਡੀ ਦਰਬਾਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਬਰੂਵਾਲ ਵਿਖੇ ਕਰਵਾਇਆ ਗਿਆ। ਇਸ ਸਬੰਧੀ 24 ਜਨਵਰੀ ਦਿਨ ਸ਼ਨੀਵਾਰ ਨੂੰ ਸਵੇਰੇ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਸੀ ਅਤੇ ਅੱਜ 26 ਜਨਵਰੀ ਦਿਨ ਸੋ ਵਾਰ ਨੂੰ ਸਵੇਰੇ 10 ਵਜੇ ਸੰਪੂਰਨਤਾ ਦੇ ਭੋਗ ਪਾਏ ਗਏ। ਇਸ ਦੌਰਾਨ ਗੁਰੂ ਸ਼ਬਦ ਕਥਾ ਕੀਤੀ ਗਈ ਅਤੇ ਬਾਬਾ ਸਤਨਾਮ ਸਿੰਘ ਜੀ ਚੌਥੀ ਸਿੰਘ ਸ਼ਹੀਦਾਂ ਅਸਥਾਨ ਸਰਾਂ ਵੱਲੋਂ ਸੰਗਤਾਂ ਨੂੰ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਤੋਂ ਬਾਅਦ ਭਾਈ ਜਤਿੰਦਰ ਸਿੰਘ ਬੈਂਸ ਦੇ ਢਾਡੀ ਜਥੇ ਵੱਲੋਂ ਸੰਗਤਾਂ ਨੂੰ ਢਾਡੀ ਵਾਰਾਂ ਸੁਣਾ ਕੇ ਨਿਹਾਲ ਕੀਤਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਬਰੂਵਾਲ ਦੇ ਸੇਵਾਦਾਰ ਖੁਸ਼ਹਾਲ ਸਿੰਘ ਨੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਬਰੂਵਾਲ ਅਤੇ ਚੰਗਰ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਗੁਰਮਤੀ ਸਮਾਗਮ ਵਿੱਚ ਚੰਗਰ ਇਲਾਕਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਮੂਹ ਸੰਗਤਾਂ ਗੁਰੂ ਘਰ ਵਿਖੇ ਨਮਸਤਕ ਹੋਈਆਂ। ਇਸ ਦੌਰਾਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਸੰਗਤਾਂ ਨਾਲ ਗੁਰਮਤੀ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਉਹਨਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਦੇ ਇਸ ਉਪਰਾਲੇ ਰਾਹੀਂ ਬੱਚਿਆਂ ਨੂੰ ਆਪਣੇ ਮਹਾਨ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਨੂੰ ਕੁਰਹਿਤਾਂ ਤੋਂ ਦੂਰ ਕਰਕੇ ਸਿੱਖ ਧਰਮ ਨਾਲ ਜੋੜਿਆ ਜਾਂਦਾ ਹੈ। ਉਹਨਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਲਈ ਨਸ਼ਿਆਂ ਤੋਂ ਦੂਰ ਕਰਕੇ ਗੁਰੂ ਘਰ ਨਾਲ ਜੋੜਿਆ ਜਾਣਾ ਚਾਹੀਦਾ ਹੈ ਜਿਸ ਨਾਲ ਆਉਣ ਵਾਲੀ ਪੀੜੀ ਨੂੰ ਆਪਣੇ ਮਹਾਨ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲੇ। ਇਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਆਈਆਂ ਹੋਈਆਂ ਸੰਗਤਾਂ ਲਈ ਪ੍ਰਬੰਧਕਾਂ ਵੱਲੋਂ ਸਵੇਰੇ ਚਾਹ ਪਕੌੜੇ ਅਤੇ ਦੁਪਹਿਰ ਸਮੇਂ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਪ੍ਰਬੰਧਕਾਂ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ। ਡਾਕਟਰ ਖੁਸ਼ਹਾਲ ਸਿੰਘ ਬਰੂਵਾਲ ਨੇ ਆਈਆਂ ਹੋਈਆਂ ਸੰਗਤਾਂ ਅਤੇ ਸਹਿਯੋਗੀ ਸੱਜਣਾ ਦਾ ਧੰਨਵਾਦ ਕੀਤਾ।ਇਸ ਦੌਰਾਨ ਭਾਈ ਅਮਰਜੀਤ ਸਿੰਘ ਚਾਵਲਾ, ਮੈਨੇਜਰ ਹਰਦੇਵ ਸਿੰਘ, ਮੀਤ ਮੈਨੇਜਰ ਭੁਪਿੰਦਰ ਸਿੰਘ ਕੇਸਗੜ ਸਾਹਿਬ, ਸੁਖਬੀਰ ਸਿੰਘ ਮੈਨੇਜਰ ਬਾਬਾ ਗੁਰਦਿੱਤਾ ਜੀ, ਜਰਨੈਲ ਸਿੰਘ ਕਾਰ ਸੇਵਾ ਅਨੰਦਪੁਰ ਸਾਹਿਬ, ਹਰਦੇਵ ਸਿੰਘ ਦੇਬੀ, ਮਾਸਟਰ ਅਰਜਨ ਸਿੰਘ ਗੱਜਪੁਰ ਬੇਲਾ, ਮੇਜਰ ਸਿੰਘ ਫੌਜੀ ਚੰਦਪੁਰ ਬੇਲਾ, ਬਾਬਾ ਅਵਤਾਰ ਸਿੰਘ ਬਹਿਲ, ਭਾਈ ਅਵਤਾਰ ਸਿੰਘ ਟਿੱਕਰੀ, ਗੁਰਬਕਸ਼ ਸਿੰਘ ਮਝੇੜ, ਹਰਪਾਲ ਸਿੰਘ ਸਰਪੰਚ ਚੀਕਣਾ, ਕਮਿਕਰ ਸਿੰਘ ਡਾਢੀ ਚੇਅਰਮੈਨ, ਤਰਲੋਚਨ ਸਿੰਘ ਲੋਚੀ, ਪਰਮਿੰਦਰ ਸਿੰਘ ਜਿਮੀ, ਜਰਨੈਲ ਸਿੰਘ ਦਬੂੜ, ਜਰਨੈਲ ਸਿੰਘ ਮੱਸੇਵਾਲ, ਕੁਲਵਿੰਦਰ ਸਿੰਘ ਦੇਹਣੀ, ਸਰਵਣ ਸਿੰਘ ਮੌੜਾ, ਪਾਲ ਸਿੰਘ ਸਰਪੰਚ, ਕੈਪਟਨ ਬਹਾਦਰ ਸਿੰਘ ,ਦਰਸ਼ਨ ਸਿੰਘ ਆਦੀ ਮੌਜੂਦ ਸਨ।