ਵਧਦੀ ਗਰਮੀ ਕਾਰਨ ਬਰਫ਼ ਦਾ ਭਾਅ ਹੋਇਆ ਦੋਗੁਣਾ
ਵਧਦੀ ਗਰਮੀ ਨੇ ਅਸਮਾਨੀ ਚਾੜੇ ਬਰਫ਼ ਦੇ ਭਾਅ
Publish Date: Fri, 13 Jun 2025 05:23 PM (IST)
Updated Date: Sat, 14 Jun 2025 04:03 AM (IST)

ਬਰਫ਼ ਦੀ ਇਕ ਸਿੱਲੀ ਪਹਿਲਾਂ 350 ਰੁਪਏ ਸੀ, ਹੁਣ ਇਸਦਾ ਭਾਅ 700 ਰੁਪਏ ਪੁੱਜਾ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪਿਛਲੇ ਕੁਝ ਦਿਨਾਂ ਤੋਂ ਜਿੱਥੇ 43 ਡਿਗਰੀ ਤੱਕ ਪੁੱਜੇ ਤਾਪਮਾਨ ਨੇ ਲੋਕਾਂ ਦੇ ਪਸੀਨੇ ਛੁਡਾ ਰੱਖੇ ਹਨ, ਉਥੇ ਹੀ ਬਰਫ਼ ਦੇ ਅਸਮਾਨੀ ਚੜ੍ਹੇ ਭਾਅ ਨੇ ਲੋਕਾਂ ਨੂੰ ਤਰੇਲੀਆਂ ਲਿਆ ਰੱਖੀਆਂ ਹਨ। ਵਧਦੀ ਗਰਮੀ ਕਾਰਨ ਬਰਫ਼ ਦੀ ਡਿਮਾਂਡ ਵੀ ਵਧ ਗਈ ਤੇ ਬਰਫ਼ ਵੇਚਣ ਵਾਲਿਆਂ ਕੋਲ ਸਟਾਕ ਪੂਰਾ ਨਹੀਂ ਹੋ ਰਿਹਾ। ਹਲਾਤ ਇਹ ਹਨ ਕਿ ਸ਼ਹਿਰ ਵਿਚ ਬਰਫ਼ ਦੀ ਕਿੱਲਤ ਹੋ ਰਹੀ ਹੈ ਅਤੇ ਇਸਦੀ ਪੂਰਤੀ ਕਰਨ ਲਈ ਬਾਹਰੋਂ ਬਰਫ਼ ਮੰਗਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬਰਫ਼ ਦੀ ਘਾਟ ਕਾਰਨ ਸੁਭਾਵਿਕ ਹੈ ਕਿ ਇਸਦੇ ਭਾਅ ਵੀ ਵਧ ਗਏ, ਜੋ ਪਹਿਲਾਂ ਨਾਲੋਂ ਦੋਗੁਣੇ ਹੋ ਗਏ ਹਨ। ਬਰਫ ਦਾ ਭਾਅ ਪਿਛਲੇ ਮਹੀਨੇ ਜਿੱਥੇ 3 ਰੁਪਏ ਕਿੱਲੋ ਦੇ ਕਰੀਬ ਸੀ, ਹੁਣ ਉਹ 6 ਰੁਪਏ ਕਿੱਲੋ ਤੱਕ ਪੁੱਜ ਗਿਆ ਹੈ। ਸ਼ਹਿਰ ਦੇ ਸੁਨਾਮੀ ਗੇਟ ਬਾਜ਼ਾਰ ਵਿਚ ਬਰਫ ਵਿਕਰੇਤਾ ਹਨੀ ਨੇ ਦੱਸਿਆ ਕਿ ਬਰਫ਼ ਦੀ ਇਕ ਸਿੱਲੀ ਪਹਿਲਾਂ 350 ਤੋਂ 400 ਰੁਪਏ ਸੀ, ਪ੍ਰੰਤੂ ਹੁਣ ਇਸਦਾ ਭਾਅ 700 ਰੁਪਏ ਤੱਕ ਪੁੱਜ ਗਿਆ ਹੈ। ਗਰਮੀ ਦਾ ਪ੍ਰਕੋਪ ਜਿਵੇਂ-ਜਿਵੇਂ ਵਧ ਰਿਹਾ ਹੈ, ਉਵੇਂ ਹੀ ਬਰਫ ਦਾ ਭਾਅ ਵੀ ਵਧਦਾ ਜਾ ਰਿਹਾ ਹੈ। 130 ਕਿੱਲੋਗ੍ਰਾਮ ਦੀ ਸਿੱਲੀ ਵਿੱਚੋਂ 5 ਤੋਂ 6 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਬਾਜ਼ਾਰ ਵਿਚ ਵੇਚੀ ਜਾ ਰਹੀ ਹੈ। ਅੱਜ-ਕੱਲ੍ਹ ਗਰਮੀ ਕਾਰਨ ਠੰਡੇ ਪਾਣੀ ਦੀਆਂ ਛਬੀਲਾਂ ਲਾਉਣ ਦਾ ਦੌਰ ਜਾਰੀ ਹੈ, ਜਿਸ ਕਾਰਨ ਬਰਫ਼ ਦੀ ਡਿਮਾਂਡ ਕਾਫੀ ਵਧ ਗਈ ਹੈ। ਪਹਿਲਾਂ ਜਿੱਥੇ ਇਕ ਬਰਫ ਦੀ ਸਿੱਲੀ ਦੀ ਪਹੁੰਚ 400-450 ਰੁਪਏ ਤੱਕ ਸੀ, ਉਹੀ ਹੁਣ 700 ਰੁਪਏ ਵਿਚ ਵੀ ਮੁਸ਼ਕਲ ਨਾਲ ਮਿਲ ਰਹੀ ਹੈ। ਲੌਂਗੋਵਾਲ ਤੋਂ ਲੈ ਕੇ ਆ ਰਹੇ ਹਨ ਬਰਫ਼ ਬਰਫ਼ ਵਿਕਰੇਤਾ ਕੈਲਾਸ਼ ਨੇ ਦੱਸਿਆ ਕਿ ਸੰਗਰੂਰ ਸ਼ਹਿਰ ਵਿਚ ਤਿੰਨ ਬਰਫ ਦੇ ਕਾਰਖਾਨੇ ਬੰਦ ਹੋ ਚੁੱਕੇ ਹਨ, ਜਦਕਿ ਇਕ ਕਾਰਖਾਨਾ ਬਾਕੀ ਹੈ, ਜਿੱਥੋਂ ਬਰਫ ਦੀ ਸਪਲਾਈ ਪੂਰੇ ਸ਼ਹਿਰ ਵਿਚ ਨਹੀਂ ਹੋ ਪਾ ਰਹੀ ਹੈ। ਲਿਹਾਜਾ ਹੁਣ 15 ਕਿਲੋਮੀਟਰ ਦੂਰ ਲੌਂਗੋਵਾਲ ਤੋਂ ਬਰਫ ਦੀ ਸਪਲਾਈ ਲੈ ਆਉਂਦੇ ਹਨ, ਜਿਸ ’ਤੇ ਉਨ੍ਹਾਂ ਦਾ ਟਰਾਂਸਪੋਰਟ ਦਾ ਵੀ ਖ਼ਰਚ ਲੱਗ ਰਿਹਾ ਹੈ। 700 ਰੁਪਏ ਦੀ ਇਕ ਬਰਫ ਦੀ ਸਿੱਲੀ ਮਿਲ ਰਹੀ ਹੈ, ਜਿਸ ਨੂੰ ਪੰਜ ਤੋਂ 6 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਦੇ ਹਨ ਅਤੇ ਦਿਨ ਵਿਚ 15 ਤੋਂ ਜ਼ਿਆਦਾ ਬਰਫ ਦੀਆਂ ਸਿੱਲ੍ਹੀਆਂ ਦੀ ਸੇਲ ਹੋ ਜਾਂਦੀ ਹੈ। ਛਬੀਲ ਆਦਿ ਦਾ ਆਰਡਰ ਮਿਲ ਜਾਵੇ ਤਾਂ ਸੇਲ 20 ਸਿੱਲ੍ਹੀਆਂ ਤੱਕ ਪਹੁੰਚ ਜਾਂਦੀ ਹੈ। ਹੋਟਲ ਅਤੇ ਬਾਰ ਵਿਚ ਵਧੀ ਮੰਗ, ਆਈਸ ਕਿਊਬ ਦਾ ਰੇਟ ਵਧਿਆ ਸ਼ਹਿਰ ਵਾਸੀ ਹਰਦੀਪ ਸਿੰਘ ਤੇ ਲਵਿਸ਼ ਅਰੋੜਾ ਨੇ ਦੱਸਿਆ ਕਿ ਬਰਫ਼ ਦੀਆਂ ਸਿੱਲੀਆਂ ਸਮੇਤ ਆਈਸ ਕਿਊਬ ਦਾ ਭਾਅ ਵੀ ਵਧ ਗਿਆ ਹੈ। ਆਈਸ ਕਿਊਬ ਦਾ ਪੈਕੇਟ 20 ਰੁਪਏ ਤੋਂ ਵਧ ਕੇ 35 ਰੁਪਏ ਹੋ ਗਿਆ ਹੈ। ਹੋਟਲ ਬਾਰ, ਰੈਸਟੋਰੈਂਟਾਂ ਵਿਚ ਇਸਦੀ ਡਿਮਾਂਡ ਰੋਜ਼ਾਨਾ ਵਧ ਰਹੀ ਹੈ। ਅਗਲੇ ਦਿਨਾਂ ਵਿਚ ਜੇਕਰ ਬਾਰਿਸ਼ ਹੁੰਦੀ ਹੈ ਤਾਂ ਕੀਮਤ ਵਿਚ ਗਿਰਾਵਟ ਆ ਸਕਦੀ ਹੈ। ਹੋਟਲ ਮਾਲਕ ਸੁਨੀਲ ਕੁਮਾਰ ਨੇ ਕਿਹਾ ਕਿ ਗਰਮੀ ਵਧਣ ਕਾਰਨ ਬਰਫ਼ ਦੀ ਡਿਮਾਂਡ ਕਾਫੀ ਹੁੰਦੀ ਹੈ, ਜਿਸਦੇ ਲਈ ਪਹਿਲਾਂ ਤੋਂ ਬੁਕਿੰਗ ਕਰਵਾਉਣੀ ਪੈਂਦੀ ਅਤੇ ਉਸੇ ਹਿਸਾਬ ਨਾਲ ਸਪਲਾਈ ਮਿਲ ਜਾਂਦੀ ਹੈ। ਜੇਕਰ ਐਨ ਮੌਕੇ ਬਰਫ਼ ਦੀ ਜ਼ਰੂਰਤ ਪੈ ਜਾਵੇ ਤਾਂ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿਜਲੀ ਕੱਟਾਂ ਨੇ ਵੀ ਬਰਫ ਕਾਰਖਾਨੇ ਕੀਤੇ ਪ੍ਰਭਾਵਿਤ ਬਰਫ਼ ਕਾਰੋਬਾਰੀ ਕੇਵਲ ਸਿੰਘ ਨੇ ਕਿਹਾ ਕਿ ਬਰਫ਼ ਦੀ ਡਿਮਾਂਡ ਜ਼ਿਆਦਾ ਹੋਣ ਦੇ ਨਾਲ ਹੀ ਬਿਜਲੀ ਕੱਟ ਵੀ ਵਧ ਰਹੇ ਹਨ, ਜਿਸ ਨਾਲ ਬਰਫ਼ ਜੰਮਣ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ, ਜਿਸ ਨਾਲ ਡਿਮਾਂਡ ਪੂਰੀ ਕਰਨ ਵਿਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੇ ਨਾਲ ਜੁੜੇ ਡੀਲਰਾਂ ਨੂੰ ਬਰਫ ਦੀ ਸਟਾਲ ਲਾਉਣ ਦੇ ਲਈ ਸਪਲਾਈ ਚਾਹੀਦੀ ਹੁੰਦੀ ਹੈ, ਪ੍ਰੰਤੂ ਸਾਰੀ ਰਾਤ ਕੰਮ ਕਰਨ ਤੋਂ ਬਾਅਦ ਵੀ ਕਈ ਵਾਰ ਪੂਰਾ ਸਟਾਕ ਜਾਰੀ ਨਹੀਂ ਕਰ ਪਾਉਂਦੇ। ਡੀਲਰ ਹੋਰਨਾਂ ਕਾਰਖਾਨਿਆਂ ਵੱਲ ਰੁਖ ਕਰ ਲੈਂਦੇ ਹਨ। ਜਿਸ ਨਾਲ ਉਨ੍ਹਾਂ ਦਾ ਨੁਕਸਾਨ ਹੁੰਦਾ ਹੈ। ਜੇਕਰ ਬਿਜਲੀ ਸਪਲਾਈ ਠੀਕ ਰਹੇ ਤਾਂ ਬਰਫ ਦੀ ਡਿਮਾਂਡ ਨੂੰ ਪੂਰਾ ਕਰਨਾ ਅਸਾਨ ਹੋ ਜਾਂਦਾ ਹੈ।